
27 ਮਈ 2023
ਇੱਕ ਜ਼ਿੰਦਗੀ ਹੈ ਅਤੇ ਇਹ ਬਹੁਤ ਖ਼ੂਬਸੂਰਤ ਹੈ, ਬਸ਼ਰਤੇ ਤੁਸੀਂ ਉਹਨਾਂ ਨਾਲ ਬਿਤਾਉਣ ਦਾ ਫ਼ੈਸਲਾ ਲਓ ਜੋ ਤੁਹਾਨੂੰ ਨਿਰਸਵਾਰਥ ਪਿਆਰ ਕਰਦੇ ਹਨ।
24 ਮਈ 2023
ਝੁੱਕਣਾ ਨਹੀਂ ਹੈ, ਕਿਰਤ ਕਰਨੀ ਹੈ। “ਕਿਰਤ ਕਰੋ” ਸਭ ਲਈ ਸੁਨੇਹਾ ਹੈ, ਸਭ ਲਈ। ਐਸਾ ਕੋਈ ਨਹੀਂ ਜੋ ਕਿਰਤ ਲਈ ਨਹੀਂ ਬਣਿਆ ਅਤੇ ਕੋਈ ਬੰਦਸ਼ ਹੈ। ਹੁਣ ਸਾਡੀਆਂ ਬੇਟੀਆਂ ਅੱਗੇ ਆਉਣ, ਖੁੱਲ੍ਹੇ ਅਸਮਾਨ ਵਿੱਚ ਸੁਪਨਾ ਲੈਣ। ਸੋਚ ਇਹ ਹੋਵੇ, ਚਾਹੇ ਥੋੜ੍ਹਾ ਕਰਾਂ ਪਰ ਖੁੱਦ ਦਾ ਕਰਾਂ। ਪੈਸੇ ਲਈ ਕਿਸੇ ਅੱਗੇ ਝੁਕਾਂ ਨਾ ਕਦੇ। ਪਹਿਲਾ ਪੈਰ ਕਿਰਤ ਦੇ ਰਾਹ ਵੱਲ ਨੂੰ ਤੋਰਨਾ ਬਹੁਤ ਜ਼ਰੂਰੀ ਹੈ। ਕਿਰਤ ਆਪਣੇ ਆਪ ਵਿੱਚ ਸਭ ਤੋਂ ਉੱਤਮ ਹੈ, ਸੱਚੇ ਮਨ ਨਾਲ ਇਮਾਨਦਾਰੀ ਨਾਲ ਕਿਰਤ ਕਰੋਗੇ ਤੇ ਕਦੇ ਵੀ ਅਸਫ਼ਲ ਨਹੀਂ ਹੋਵੋਗੇ। ਕਿਰਤ ਕਰਨਾ ਰੱਬ ਦੇ ਨੇੜੇ ਆਉਣ ਬਰਾਬਰ ਹੈ। ਬੇਟੀਆਂ ਨੂੰ ਛੋਟੇ ਵੱਡੇ ਖ਼ੁਦ ਦੇ ਕੰਮ, ਕਾਰੋਬਾਰ ਸਥਾਪਤ ਕਰਨ ਵਿੱਚ ਜੀਅ-ਜਾਨ ਲਗਾ ਦਿਓ। ਆਪਣੀਆਂ ਬੇਟੀਆਂ ਨੂੰ ਸਿਰ ਉਠਾ ਕੇ ਜਿਊਣ ਲਈ ਤਾਕਤ ਦਿਓ, ਅੰਬਰਾਂ ਵਿੱਚ ਉਡਾਰੀ ਲਈ ਖੰਭ ਦਿਓ। ਪੈਸੇ ਦੇ ਦਮ ਤੇ ਨਹੀਂ, ਬਹੁਤ ਸਬਰ, ਮਿਹਨਤ, ਲਗਨ ਤੇ ਵਿਸ਼ਵਾਸ ਦੇ ਦਮ ਤੇ ਕਿਰਤ ਦਾ ਫਲ਼ ਮਿਲਦਾ ਹੈ, ਕਾਰੋਬਾਰ ਬਣਦਾ ਹੈ। ਵਿਸ਼ਵਾਸ ਕਰੋ। ਬਹੁਤ ਹੀ ਪਿਆਰੀਆਂ ਹੁੰਦੀਆਂ ਨੇ ਬੇਟੀਆਂ .. ਬਹੁਤ ਸੋਚਦੀਆਂ ਨੇ.. - ਮਨਦੀਪ
20 ਮਈ 2023
ਮਿਹਨਤ ਦਾ ਸਿਖ਼ਰ ਕਰ ਦਿਓ, ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਓ, ਤੁਸੀਂ ਵੀ। ਇਸ ਦੁਨੀਆਂ ਨੂੰ ਦੱਸੋ, ਜਦ ਟਾਹਲੀਆਂ ਵਰਗੇ ਨੌਜਵਾਨ, ਤੇ ਜਜ਼ਬੇ ਭਰੀਆਂ ਮੁਟਿਆਰਾਂ ਪੰਜਾਬ ਦੀ ਗੋਦੀ ਵਿੱਚ ਬਹਿ ਕਿਰਤ ਕਰਦੇ ਹਨ ਕੀ ਅਸਰ ਛੱਡਦੇ ਹਾਂ ਅਸੀਂ ਜਹਾਨ ਤੇ। ਪੰਜਾਬ ਵਿੱਚ ਰਹਿ ਕੇ ਕਿਰਤ ਕਰ ਰਹੇ ਹਰ ਨੌਜਵਾਨ ਨੂੰ ਹਰ ਪਰਿਵਾਰ ਨੂੰ ਸਲਾਮ ਹੈ। ਬਹੁਤ ਮਾਣ ਤੁਹਾਡੇ ਤੇ। - ਮਨਦੀਪ ਕੌਰ ਟਾਂਗਰਾ
19 ਮਈ 2023
ਕਮੇਟੀ ਪਾਈ ਹੈ ਕਨੇਡਾ ਵਿੱਚ, ਪਤਾ ਹੈ ਮੰਮੀ ਪਾਪਾ ਸੋਚਦੇ ਹੋਣਗੇ ਕੱਦ ਭੇਜੇਗਾ ਪੈਸੇ। ਜਾਂਦਿਆਂ ਤੀਜੇ ਮਹੀਨੇ ਤਿੰਨ ਲੱਖ ਕਮੇਟੀ ਚੁੱਕ ਕੇ ਭੇਜ ਦਿੱਤਾ। ਤੇ ਆਪਣੇ ਗਲੇ ਦਾ ਟੈਸ਼ਨ ਦਾ ਰੱਸਾ ਹੋਰ ਕੱਸ ਲਿਆ ਜਵਾਕ ਨੇ। ਪੰਜਾਬੀ ਕਨੇਡਾ ਜਾ ਵੀ ਕਮੇਟੀਆਂ ਪਾ ਲੈੰਦੇ।
ਮੈਂ ਹੈਰਾਨ ਮੇਰੇ ਕੋਲ ਇੱਕ ਪਰਿਵਾਰ ਆਇਆ ਜਿਸ ਨੇ ਮੈਨੂੰ ਕਿਹਾ, ਜਿਹੜੇ ਮਹਾਂਪੁਰਸ਼ ਨੂੰ ਅਸੀਂ ਬਹੁਤ ਮੰਨਦੇ ਹਾਂ ਜਿਸਦੇ ਕਹਿਣੇ ਤੋਂ ਬਾਹਰ ਨਹੀਂ ਜਾ ਸਕਦੇ, ਉਹ ਕਹਿ ਰਹੇ ਬਾਰਵੀਂ ਤੋਂ ਬਾਅਦ ਮੁੰਡਾ ਬਾਹਰ ਭੇਜੋ ਹੀ ਭੇਜੋ। ਉਹ ਵੀ ਕਨੇਡਾ ਸੈਟਲ ਕਰੋ। ਮੈਂ ਕਿਹਾ ਪੂਰੀ ਇੱਜ਼ਤ ਹੈ ਜੋ ਤੁਹਾਨੂੰ ਸਲਾਹ ਦੇ ਰਹੇ, ਪਰ ਸਾਡੇ ਅੰਦਰ ਵੀ ਰੱਬ ਹੁੰਦਾ ਦਿਲ ਦੀ ਅਵਾਜ਼ ਸੁਣੋ। ਚੰਗੇ ਭਲੇ ਘਰਾਂ ਦੇ ਸੋਹਣੇ ਜਵਾਨ ਅਤੇ ਹੋਣਹਾਰ ਮੁੰਡੇ ਕੁੜੀਆਂ ਹਨ, ਪਤਾ ਨਹੀਂ ਕਿਵੇਂ ਸਲਾਹ ਦਿੰਦੇ ਹਨ ਲੋਕਾਂ ਨੂੰ ਸੇਧ ਦੇਣ ਵਾਲੇ ਲੋਕ ਕਿ ਆਪਣੇ ਤੋਂ ਵੱਖ ਕਰ ਲਓ??
ਕੱਲ ਮੈਨੂੰ ਸੜਕ ਤੇ ਹੀ ਕਿਸੇ ਨੇ ਪਹਿਚਾਣ ਲਿਆ ਅਤੇ ਕਾਰ ਰੋਕੀ, ਦੱਸਿਆ ਮੁਕਤਸਰ ਵਿੱਚ ਸਕੂਲ ਸੀ ਉਹਨਾਂ ਦਾ। ਕਹਿੰਦੇ “ਮਨਦੀਪ ਮੈਂ ਵੀ ਪੀੜਤ ਹਾਂ, ਮੈਂ ਵੀ ਮੁੰਡਾ ਬਾਹਰ ਭੇਜ ਬੈਠਾ ਹਾਂ।” ਮੈਨੂੰ ਉਹਨਾਂ ਦਾ “ਪੀੜਤ” ਸ਼ਬਦ ਵਰਤਣਾ ਅਜੇ ਵੀ ਤਕਲੀਫ਼ ਦੇ ਰਿਹਾ।
ਇਹ ਜਿੰਨ੍ਹੀਆਂ ਵੀ ਖ਼ਬਰਾਂ ਬਾਹਰਲੇ ਮੁਲਕਾਂ ਵਿੱਚ ਮੁੰਡੇ Heart Attack ਨਾਲ ਮਰੇ ਦੀਆਂ ਆਉਂਦੀਆਂ ਹਨ। ਇਹ ਉੱਥੋਂ ਦੇ ਗੁਰਦੁਆਰਿਆਂ ਵਿੱਚ ਡਿਊਟੀ ਕਰਦੇ ਲੋਕ ਆਪ ਦੱਸਦੇ ਹਨ, ਅਸਲ ਵਿੱਚ ਤਕਰੀਬਨ ਸਾਰੇ “ਨਸ਼ੇ ਦੀ overdose ਹੁੰਦੀ ਤਾਂ ਮਰਦੇ” ਮਾਂ ਬਾਪ ਅਮੀਰ ਘਰਾਂ ਦੇ ਵੀ ਕਹਿ ਦਿੰਦੇ ਓਥੇ ਕਰਦੋ ਸਸਕਾਰ, ਓਨੇ ਭੇਜਣ ਤੇ ਨਹੀਂ ਲੱਗਦੇ ਪੈਸੇ ਜਿੰਨ੍ਹੇ ਦੇਹ ਮੰਗਾਉਣ ਤੇ। ਕੀ ਕਰਨ ਫਿਰ ਉਹ।
ਇੱਕ ਇੱਕ ਪਿੰਡ ਟੀਚਾ ਬਣਾ ਖਾਲ੍ਹੀ ਕਰਨਾ ਚਾਹੁੰਦੀਆਂ ਵੀਜ਼ਾ ਲਵਾ ਲਵਾ ਕੰਪਨੀਆਂ।ਜਿਸ ਦਾ ਔਖਾ ਜਾਣਾ ਉਹੀ ਗ੍ਰਾਹਕ ਚਾਹੀਦਾ ਉਹਨਾਂ ਨੂੰ। ਪੈਸੇ ਦੇ ਦੇ ਰੁੱਖ ਪੁੱਟ ਸੁੱਟ ਰਹੇ ਅਸੀਂ। ਜੋ ਨਹੀਂ ਪੁੱਟਿਆ ਜਾ ਸਕਦਾ, ਉਹ ਜਵਾਨ ਜੋਬਨ ਰੁੱਤ ਦੇ ਪੁੱਤ ਵੀ ਭੇਜਣ ਦਾ ਹਰ ਹੱਲ ਹੈ ਉਹਨਾਂ ਕੋਲ। ਕਰਜ਼ਾ ਚੁੱਕ, ਪੈਸਾ ਸੁੱਟ, ਤਮਾਸ਼ਾ ਵੇਖ।
ਇਸ ਵਰਗ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ, ਬਹੁਤ ਬੁਰੀ ਲੱਗਦੀ ਹੋਵਾਂਗੀ। ਪਰ ਹੁਣ ਇਹ ਪ੍ਰਵਾਸੀ ਬਣਦੇ ਰਹਿਣਾ, ਵਿਛੋੜਿਆਂ ਦੇ ਦਰਦ, ਪੰਜਾਬ ਨੂੰ ਬਰਦਾਸ਼ ਨਹੀਂ। ਨਹੀਂ ਜਾਵਾਂਗੇ ਅਸੀਂ।
ਅਸੀਂ ਸਾਰੇ “Reverse Migration - ਵਤਨ ਵਾਪਸੀ” “PR ਪੰਜਾਬ” ਮੁਹਿੰਮ ਤੇ ਬਹੁਤ ਵਧੀਆ ਕੰਮ ਕਰ ਰਹੇ ਹਾਂ। ਮੈਂ ਕੋਈ ਮਾਂ ਬਾਪ ਨੂੰ ਨਹੀਂ ਮਿਲੀ ਜੋ ਬੱਚੇ ਤੋਂ ਬਿਨ੍ਹਾਂ ਰਹਿਣਾ ਚਾਹੁੰਦਾ ਹੋਵੇ। ਇਸ ਮੁਹਿੰਮ ਦਾ ਪੁਰ ਜ਼ੋਰ ਸਮਰਥਨ ਹਰ ਵਰਗ ਨੂੰ ਕਰਨਾ ਚਾਹੀਦਾ ਹੈ। ਸਾਨੂੰ ਆਮ ਘਰਾਂ ਨੂੰ ਵੀ।
- ਮਨਦੀਪ ਕੌਰ ਟਾਂਗਰਾ
18 ਮਈ 2023
ਮੈਂ ਕੰਡਿਆਂ ਤੇ ਤੁਰਦਾ ਹਾਂ ਰੋਜ਼
ਤੇਰੇ ਉਤਸ਼ਾਹ ਦੀ ਖੁਸ਼ਬੂ ਵਿੱਚ ਜਿਊਂਦਾ ਹਾਂ
ਸੂਰਜ ਜਿਹਾ ਹਾਂ
ਛਿਪਦਾ ਹਾਂ ਰੋਜ਼
ਪਰ ਚੜ੍ਹਦਾ ਸਿਖ਼ਰ ਹਾਂ
ਤੇਰੇ ਤੱਕ ਚਾਨਣ ਕਰਦਾ ਹਾਂ।
- ਮਨਦੀਪ ਕੌਰ ਟਾਂਗਰਾ
16 ਮਈ 2023
ਵਤਨ ਵਾਪਸੀ ਇੱਕ ਅੱਗ ਹੈ, ਜੋਸ਼ ਤੇ ਜੁਨੂੰਨ ਹੈ।
ਕੌਣ ਆਉਂਦਾ ਹੈ ਬਾਹਰੋਂ ਵਾਪਸ?? ਉਸ ਦਾ ਜਵਾਬ ਹੈ ਇਹਨਾਂ ਬੱਚਿਆਂ ਦਾ ਤਿੰਨ ਸਾਲ ਦਾ ਤਜ਼ੁਰਬਾ ਕਨੇਡਾ ਵਿੱਚ। ਰਜ਼ਾਨ ਸਿੰਘ, ਜੋ ਭਾਰਤ ਦੇ ਬਹਿਤਰੀਨ ਸਕੂਲ ਵਿੱਚ ਪੜ੍ਹ ਕੇ, ਅੰਗ੍ਰੇਜ਼ੀ ਵਿੱਚ ਪੂਰੀ ਕਲਾਸ ਵਿੱਚ ਟੋਪ ਕਰਕੇ, ਨੈਸ਼ਨਲ ਹਾਕੀ ਖੇਡ ਕੇ ਕਨੇਡਾ ਗਿਆ, ਪਰ ਓਥੋਂ ਦਾ ਮਾਹੌਲ ਦੇਖ, ਫੇਰ ਪੰਜਾਬ ਚੁਣਿਆ।
ਓਂਕਾਰਬੀਰ ਸਿੰਘ, ਜਿਸ ਨੇ ਜਾਂਦਿਆਂ ਕਨੇਡਾ ਇਹ ਦ੍ਰਿੜ ਕਰ ਲਿਆ ਕਿ ਕਨੇਡਾ ਦੇ ਕਿਸ਼ਤਾਂ ਦੇ ਚੱਕਰ ਵਿੱਚ ਨਹੀਂ ਪੈਣਾ, ਵਾਪਿਸ ਜਾਣਾ। ਓਂਕਾਰ ਨੇ ਦੱਸਿਆ ਕਿਵੇਂ ਮਾਂ ਬਾਪ ਤੋਂ ਵੀ ਵੱਧ ਦਾਦਾ ਦਾਦੀ ਦੀ ਉਸ ਨੂੰ ਖਿੱਚ ਹੈ।
ਇਹ ਉਹ ਕਹਾਣੀਆਂ ਹਨ, ਤਜ਼ਰਬੇ ਹਨ, ਕਿ ਜੇ ਤੁਸੀਂ ਪੰਜਾਬ ਵਿੱਚ ਚੰਗਾ ਗੁਜ਼ਾਰਾ ਕਰ ਰਹੇ ਹੋ ਤੇ ਤੁਹਾਨੂੰ ਕਿਓਂ ਵਿਦੇਸ਼ ਨਹੀਂ ਚੁਣਨਾ ਚਾਹੀਦਾ।
ਇਹ ਬੱਚੇ ਜਲਦ ਪੰਜਾਬ ਵਿੱਚ ਚਾਹੇ ਛੋਟੇ, ਪਰ ਆਪਣੇ ਕਾਰੋਬਾਰ ਸੈਟ ਕਰਨਗੇ। ਇਹਨਾਂ ਦੇ ਫ਼ੈਸਲੇ ਦੀ ਮੈਂ ਸ਼ਲਾਘਾ ਕਰਦੀ ਹਾਂ। ਇਹਨਾਂ ਦੇ ਪਰਿਵਾਰ ਲਗਾਤਾਰ ਮੇਰੇ ਪੇਜ ਅਤੇ ਸਾਡੀ ਮੁਹਿੰਮ ਨਾਲ ਜੁੜੇ ਹਨ।
ਇਹਨਾਂ ਦਾ ਕਹਿਣਾ ਹੈ, ਕਿਰਪਾ ਕਰਕੇ ਮਾਂ ਪਿਓ ਬੱਚਿਆਂ ਦਾ ਸਾਥ ਦੇਣ, ਬਹੁਤ ਬੱਚੇ ਹਨ ਵਿਦੇਸ਼ਾਂ ਵਿੱਚ ਜੋ ਉਹਨਾਂ ਵਾਂਗ ਵਾਪਿਸ ਆਉਣਾ ਚਾਹੁੰਦੇ ਹਨ।
ਇਹ ਦੋਨੋ ਬੱਚੇ ਮੇਰੇ ਆੳੇਣ ਵਾਲੇ " The Mandeep Kaur Tangra Show" ਵਿੱਚ ਮਹਿਮਾਨ ਹਨ। ਇਹਨਾਂ ਦੀਆਂ ਗੱਲਾਂ ਤੁਹਾਡੇ ਮਨ ਛੂਹ ਜਾਣਗੀਆਂ।
- ਮਨਦੀਪ ਕੌਰ ਟਾਂਗਰਾ
14 ਮਈ 2023
ਅੱਜ ਸਵੇਰੇ ਇੱਕ ਸੀਨੀਅਰ IPS ਅਫ਼ਸਰ ਨਾਲ ਮੁਲਾਕਾਤ ਤੇ, ਮੈਂ ਸਵਾਲ ਕੀਤਾ ਕਿ ਤੁਸੀਂ ਤੇ ਜਦ UPSC ਦਾ ਪੇਪਰ ਦਿੰਦੇ ਹੋ ਤੇ, ਦੇਸ਼ ਦੇ ਪਹਿਲੇ 150 ਹੁਸ਼ਿਆਰ ਬੱਚਿਆਂ ਦੀ ਸੂਚੀ ਵਿੱਚ ਹੁੰਦੇ ਹੋ ਤੇ ਜਦ ਕੋਈ MLA MP ਖ਼ੁਦ ਤੁਹਾਡੇ ਜਿਨ੍ਹਾਂ ਪੜ੍ਹਿਆ ਜਾਂ ਹੁਸ਼ਿਆਰ ਨਹੀਂ ਹੁੰਦਾ ਤੁਹਾਨੂੰ ਸਲੂਟ ਮਾਰਨ ਲੱਗੇ, ਜਾਂ ਵੈਸੇ ਮਹਿਸੂਸ ਨਹੀਂ ਹੁੰਦਾ??
ਮੈਂ ਸੋਚਿਆ ਸੀ “ਹਾਂ” ਵਿੱਚ ਜਾਂ ਮਜ਼ਾਕ ਵਿੱਚ ਜਵਾਬ ਹੋਵੇਗਾ ਇਸ ਦਾ।
ਫੱਟ ਜਵਾਬ ਦਿੰਦੇ IPS ਅਫ਼ਸਰ ਨੇ ਕਿਹਾ “ ਅਸੀਂ ਜਨਤਾ ਦੀ ਸੇਵਾ ਲਈ ਹਾਂ, ਅਤੇ ਇਹ ਲੋਕਤੰਤਰ ਹੈ। ਅਸੀਂ ਇੱਕ MLA MP ਵਿੱਚ ਲੱਖਾਂ ਨੂੰ ਇੱਕ ਵਾਰ ਵਿੱਚ ਮਹਿਸੂਸ ਕਰਦੇ ਹਾਂ, ਇੰਝ ਮਹਿਸੂਸ ਹੁੰਦਾ ਹੈ ਇਹ ਸਲੂਟ ਅਸੀਂ ਜਨਤਾ ਨੂੰ ਮਾਰਦੇ ਹਾਂ, ਸੁਰੱਖਿਆ ਅਸੀਂ ਜਨਤਾ ਦੀ ਕਰਦੇ ਹਾਂ। ਇਹ ਸਾਡੀ ਡਿਊਟੀ ਹੈ। ਇਸ ਨੂੰ ਅਸੀਂ ਪੂਰੀ ਗੰਭੀਰਤਾ ਨਾਲ ਲੈੰਦੇ ਹਾਂ ਅਤੇ ਜਨਤਾ ਵੱਲੋਂ ਚੁਣੇ ਨੁਮਾਇੰਦੇ ਨੂੰ ਤੇ ਆਹੁਦੇ ਨੂੰ ਦਿਲੋਂ ਸਤਿਕਾਰ ਦਿੰਦੇ ਹਾਂ।
ਮੈਨੂੰ ਤੇ ਜਵਾਬ “ਵਾਹ” ਲੱਗਾ।
ਇਹ ਜਵਾਬ ਮੇਰੀ ਸੋਚ ਤੋਂ ਪਰੇ ਸੀ, ਪਰ ਮੇਰੇ ਲਈ ਜਿਵੇਂ ਨਵਾਂ ਪਾਠ।
- ਮਨਦੀਪ ਕੌਰ ਟਾਂਗਰਾ
13 ਮਈ 2023
ਮੇਰੇ ਬਹੁਤ ਅਜ਼ੀਜ਼ ਦੋਸਤ ਨੇ Immigration ਦਾ ਕਾਰੋਬਾਰ ਖੋਲ੍ਹਿਆ ਤੇ ਮੈਨੂੰ ਉਦਘਾਟਨ ਕਰਨ ਲਈ ਅਤੇ ਦਫ਼ਤਰ ਆਉਣ ਲਈ ਕਿਹਾ। ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਪਰ ਮੈਂ ਆਵਾਂਗੀ ਵੇਖਣ। ਦੱਸਿਆ ਉਹਨੇ ਪੈਸੇ ਵੀ ਬਣਦੇ, ਪੈਸੇ ਚਾਹੀਦੇ ਵੀ ਪਰ ਸੱਚ ਇਹ ਹੈ ਦਿਲ ਨੂੰ ਸੰਤੁਸ਼ਟੀ ਵੀ ਨਹੀਂ ਮਿਲਦੀ ਬੱਚੇ ਬਾਹਰ ਭੇਜ ਕੇ।
ਪਿਛਲੇ ਹਫ਼ਤੇ ਮੇਰੀ ਇੱਕ ਇੰਟਰਵਿਊ ਹੋਈ, ਅਤੇ Anchor ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਚੈਨਲ ਨੂੰ ਸਾਲ ਦੀ ਇੱਕ ਕਰੋੜ ਦੀ Immigration ਦੀ ਮਸ਼ਹੂਰੀ ਮਿਲਦੀ ਹੈ। “ਵਤਨ ਵਾਪਸੀ” ਤੇ ਨਾ ਗੱਲ ਕਰਨਾ ਮਜਬੂਰੀ ਬਣ ਗਿਆ ਹੈ।
ਮੈਂ ਦੇਖਿਆ CM ਸਾਬ ਵੀ ਪਿਛਲੇ ਹਫ਼ਤੇ ਕਹਿ ਰਹੇ ਸੀ ਪੜ੍ਹਨ ਲਈ ਜਾਓ ਬਾਹਰ, ਦੱਸਣਾ ਚਾਹੁੰਦੀ World Bank ਦਾ CEO ਸਰਦਾਰ ਅਜੇ ਬੰਗਾ ਵੀ ਸਾਡੇ ਦੇਸ਼ ਨੇ ਪੜ੍ਹਾਇਆ। ਸਗੋਂ ਡਿਗਰੀ ਕਰਕੇ ਚਲੇ ਜਾਣ ਬੱਚੇ ਤੇ ਜ਼ਿੰਦਗੀ ਭਾਵੇਂ ਸੌਖੀ ਹੋਜੇ।
ਇੱਕ ਬਹੁਤ ਮਸ਼ਹੂਰ ਸਿਆਸਤਦਾਨ ਜੋ ਉੱਚ ਅਖਬਾਰਾਂ ਰਸਾਲਿਆਂ ਵਿੱਚ English ਪੰਜਾਬੀ ਵਿੱਚ ਲਿਖਦੇ ਹਨ, ਜਦ ਉਹਨਾਂ ਨੂੰ ਕਿਹਾ “ਵਤਨ ਵਾਪਸੀ” ਤੇ ਲਿਖੋ, ਤੇ ਮਹਿਸੂਸ ਕਰਦੇ ਹਨ ਮੇਰੇ ਆਪਣੇ ਬੱਚੇ ਬਾਹਰ ਹਨ.. ਮੈਂ ਕੀ ਲਿਖਾਂ? ਫਿਰ ਵੀ ਸਹੀ ਨੂੰ ਸਹੀ ਕਹਿਣ ਲਈ, ਮੈਨੂੰ ਕਹਿੰਦੇ ਮੈਂ ਜ਼ਰੂਰ ਲਿਖਾਂਗਾ।
ਅੱਜ ਹੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨਾਲ ਗੱਲ ਹੋਈ, ਉਤਸ਼ਾਹ ਦਿੱਤਾ ਉਹਨਾਂ ਨੇ “ ਮਨਦੀਪ ਤੇਰੀ ਮੁਹਿੰਮ ਨੇ ਹਿਰਦੇ ਛੂਹੇ ਹਨ, ਉਹਨਾਂ ਨੂੰ ਮਹਿਸੂਸ ਹੁੰਦਾ ਹੈ ਇਸ ਤੇ ਮਿਲ ਕੇ ਸਭ ਨੂੰ ਜਾਗਰੂਕ ਕਰਨਾ ਚਾਹੀਦਾ”।
13 ਮਈ 2023
ਦੁਨੀਆਂ ਦੀ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ Boeing ਵਿੱਚ ਕੰਮ ਰਹੀ ਇੱਕ ਭੈਣ ਨੇ ਪਿਛਲੇ ਹਫ਼ਤੇ ਅਮਰੀਕਾ ਛੱਡ “ਵਤਨ ਵਾਪਸੀ” ਕੀਤੀ। ਲਗਾਤਾਰ ਮੈਨੂੰ Facebook ਤੇ ਪੜ੍ਹਦੇ ਸਨ ਅਤੇ ਕੱਲ ਮੈਨੂੰ ਮਿਲਣ ਆਏ। ਉਹਨਾਂ ਦਾ ਕਹਿਣਾ ਸੀ ਇੱਕ ਦਿਨ ਮੇਰੀ ਪੰਜ ਸਾਲਾ ਬੇਟੀ ਜਦ Day Care ਤੋਂ ਘਰ ਆਈ ਤੇ ਆ ਕੇ ਕਿਹਾ “ I will change my family” - ਮੈਂ ਆਪਣਾ ਪਰਿਵਾਰ ਬਦਲ ਲਵਾਂਗੀ। ਜਿਵੇਂ ਅਮਰੀਕਾ ਦੇ ਬੱਚੇ ਆਪਣੇ ਸੱਭਿਆਚਾਰ ਵਿੱਚ ਅਕਸਰ ਕਹਿ ਦਿੰਦੇ। ਪਿਛਲੇ ਹਫ਼ਤੇ ਅਮਰੀਕਾ ਛੱਡ ਵਤਨ ਵਾਪਸ ਪਰਤੇ, ਕਿ ਇਹ ਸਾਡਾ ਸੱਭਿਆਚਾਰ ਨਹੀਂ।
ਮੇਰੀ ਕੰਪਨੀ ਵਿੱਚ ਤਿੰਨ ਸਾਲ ਕਨੇਡਾ ਰਹਿ ਕੇ ਆਏ ਲੜਕੇ ਨੂੰ ਇਸ ਸਮੇਂ ਮੈਂ ਆਪਣੇ ਕਾਰੋਬਾਰ ਦੀ ਟ੍ਰੇਨਿੰਗ ਦੇ ਰਹੀ ਹਾਂ। ਉਸ ਨੇ ਦੱਸਿਆ ਕਿ ਇੱਥੇ ਕਿਵੇਂ ਉਸ ਦਾ ਬਹੁਤ ਸੋਹਣਾ ਘਰ ਹੈ, ਪਰਿਵਾਰ ਹੈ, ਇੱਥੋਂ ਤੱਕ ਕਿ ਕੁੱਤੇ ਘੋੜੇ ਹਨ ਤੇ ਕਨੇਡਾ ਵਿੱਚ ਬੰਦੇ ਨੂੰ ਕੱਲੇ ਨੂੰ ਕਮਰਾ ਨਹੀਂ ਨਸੀਬ ਤੇ ਜੇ ਨਾਲ ਵਾਲਾ ਸਿਗਰਟ ਸ਼ਰਾਬ ਵਾਲਾ ਹੋਵੇ ਤੇ ਕਿਵੇਂ ਕੱਪੜਿਆਂ ਤੱਕ ਵਿੱਚੋਂ ਮੁਸ਼ਕ ਆਉਂਦਾ ਹੈ ਤੇ ਸਾਹ ਲੈਣ ਲਈ ਆਪਣੇ ਘਰ ਦੇ ਬਾਹਰ ਜਾਣਾ ਪੈਂਦਾ ਹੈ। ਬਜ਼ੁਰਗ ਪਛਤਾਉਂਦੇ ਹਨ ਕਨੇਡਾ ਨੂੰ, ਅਜ਼ਾਦ ਰਹਿਣ ਨਾਲ਼ੋਂ ਆਪਣੀ ਮਰਜ਼ੀ ਕਰਨ ਨਾਲ਼ੋਂ ਅੱਜ ਬੱਚਿਆਂ ਦੇ ਗੁਲਾਮ ਹੋ ਗਏ ਹਨ, ਵਿੱਚ ਵਿਚਾਲੇ ਫੱਸ ਗਏ ਹਨ। “ਵੱਡੇ ਕਿਰਾਏ ਦੇ ਘਰਾਂ ਨਾਲ਼ੋਂ, ਆਪਣੀ ਕੁੱਲੀ ਦੇ ਰਾਜੇ ਚੰਗੇ ਸੀ”। ਬਠਿੰਡਾ ਵਿੱਚ ਉਹ ਸਾਡੇ ਵਰਗੀ ਕੰਪਨੀ ਖੋਲ੍ਹਣ ਦੀ ਤਿਆਰੀ ਵਿੱਚ ਹੈ। ਉਸ ਦੇ ਮਾਂ ਬਾਪ ਉਸ ਦਾ ਸਾਥ ਦੇਣ ਲਈ ਤਿਆਰ ਹਨ। ਛੋਟੀ ਸ਼ੁਰੂਆਤ ਕਰਾਂਗੇ।
ਅਸਟ੍ਰੇਲੀਆ ਤੋਂ ਵਾਪਸ ਆਇਆ ਇੱਕ ਲੜਕਾ, ਜੋ ਮੇਰੀ ਕੰਪਨੀ ਵਿੱਚ ਹੁਣ ਕੰਮ ਕਰਦਾ ਹੈ ਦੱਸਦਾ ਹੈ ਕਿ ਇੱਕ ਵਾਰ ਜਦ ਮਕਾਨ ਮਾਲਕ ਨੇ ਕਿਰਾਇਆ ਲੈਣ ਲਈ ਮੇਰੀ ਪਤਨੀ ਨੂੰ ਦੋ ਚਾਰ ਸੁਣਾ ਦਿੱਤੀਆਂ, ਉਸ ਦਿਨ ਲੱਗਾ ਮੈਂ ਕੀ ਕਰ ਰਿਹਾ ਹਾਂ ਇੱਥੇ? ਮੇਰਾ ਆਪਣਾ ਘਰ ਹੈ ਪੰਜਾਬ। ਉਸ ਦੀ ਪਤਨੀ ਵੀ ਪੰਜਾਬ ਵਿੱਚ ਹੁਣ ਸਫ਼ਲ ਬੂਟੀਕ ਚਲਾ ਹੀ ਹੈ।
“ਵਤਨ ਵਾਪਸੀ” ਦੀ ਮੁਹਿੰਮ ਜ਼ੋਰਾਂ ਤੇ ਹੈ। ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ।
- ਮਨਦੀਪ ਕੌਰ ਟਾਂਗਰਾ
08 ਮਈ 2023
ਵਾਹ! ਕਿਆ ਖ਼ੂਬ ਚੱਲ ਰਹੀ ਲਹਿਰ “ਵਤਨ ਵਾਪਸੀ” ਦੀ। #ReverseMigration
- ਪੰਜਾਬ ਸਾਡੇ ਆਪਣੇ ਘਰ ਹਨ, ਸਾਰੀ ਉਮਰ ਲਾ ਕੇ ਕਨੇਡਾ ਅਮਰੀਕਾ ਸਾਨੂੰ ਘਰ ਲੈਣ ਦੀ ਲੋੜ ਨਹੀਂ। ਕਿਸ਼ਤਾਂ ਭਰਨ ਦੀ ਟੈਂਸ਼ਨ ਪਾਲਣ ਦੀ ਲੋੜ ਨਹੀਂ। ਕਿਰਾਏ ਭਰਨ ਦੀ ਲੋੜ ਨਹੀਂ। ਜਿਸ ਜਾਨ ਨਾਲ ਮਿਹਨਤ ਕਰਕੇ ਅਸੀਂ ਪੰਜਾਬ ਵਿੱਚ ਰਹਿ ਕੇ ਅੱਗੇ ਵੱਧ ਸਕਦੇ ਸੀ, ਉਹ ਜਵਾਨੀ ਦਾ ਜ਼ੋਰ ਕਨੇਡਾ ਘਰ ਖਰੀਦਣ ਤੇ ਲਾਉਣ ਦੀ ਲੋੜ ਨਹੀਂ।
- ਜੋ ਲੋਕ ਜੜ੍ਹਾਂ ਤੋਂ ਦੂਰ ਹੁੰਦੇ ਜਾਂਦੇ ਹਨ, ਉਹ ਬੂਟੇ ਕਦੇ ਹਰੇ ਨਹੀਂ ਰਹਿੰਦੇ। ਇੱਕ ਦਿਨ ਉਹਨਾਂ ਨੇ ਸੁੱਕਣਾ ਹੀ ਸੁੱਕਣਾ, ਜ਼ਿੰਦਗੀ ਦੇ ਰੱਸ ਵਿੱਚੋਂ ਕੁੱਝ ਵੀ ਨਹੀਂ ਨਸੀਬ ਹੋਣਾ। ਸੰਤੁਸ਼ਟੀ ਆਪਣੀ ਧਰਤੀ ਤੇ ਹੀ ਆਉਣੀ ਹੈ। ਜੇ ਮਨ ਵਿੱਚ ਵਿਚਾਰ ਆਈ ਜਾਂਦੇ ਹਨ, ਕਿ ਮੈਂ ਗਲਤ ਕੀਤਾ ਕਿ ਠੀਕ, ਤੇ ਗਲਤ ਹੀ ਸਮਝੋ।
- ਹਰ ਪਾਸੇ ਵਧੀਆ ਤੋਂ ਵਧੀਆ ਲੋਕ, ਚੈਨਲ, ਘਰ ਘਰ ਚਰਚਾ ਛਿੜ ਗਈ ਹੈ, “ਵਤਨ ਵਾਪਸੀ” ਦੀ, PR ਪੰਜਾਬ ਦੀ। ਇਹ ਮੋੜਾ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਦੁਨੀਆਂ ਭਰ ਦੇ ਪੰਜਾਬੀ ਇਸ ਧਰਤੀ ਨੇ ਸਿੰਝੇ ਹਨ। ਜੜ੍ਹਾਂ ਪੰਜਾਬ ਹਨ।
-ਪਿੰਡਾਂ ਦੇ ਭੋਲ਼ੇ ਮਾਂ ਬਾਪ ਵੀ ਸਮਝ ਜਾਣ, IELTS ਕੋਈ ਡਿਗਰੀ ਨਹੀਂ ਹੁੰਦੀ। MA ਪੰਜਾਬੀ ਹੁੰਦੀ ਹੈ। ਬੱਚੇ ਵੀ ਭੋਲ਼ੇ ਮਾਂ ਬਾਪ ਦੇ ਹੋਰ ਇਮਤਿਹਾਨ ਨਾ ਲੈਣ। ਉਹਨਾਂ ਦੀ ਸਾਰੀ ਉਮਰ ਦੀ ਪੂੰਜੀ ਸਿਫ਼ਰ ਨਾ ਕਰਨ।
- ਪੰਜਾਬ ਰਹਿ ਕੇ ਦੇਸ਼ ਵਿਦੇਸ਼ ਘੁੰਮਣ ਦੇ, ਕਾਰੋਬਾਰ ਕਰਨ ਦੇ ਸੁਪਨੇ ਪੂਰੇ ਕਰੋ। ਥੋੜ੍ਹੇ ਤੋਂ ਸ਼ੁਰੂ ਕਰ ਲਓ।
- ਵਿਦੇਸ਼ਾਂ ਵਿੱਚ ਪਰੇਸ਼ਾਨ ਹੁੰਦੇ, ਪੰਜਾਬ ਦੇ ਪਿਆਰੇ ਬੱਚਿਓ, ਮਿੱਠੀ ਜੇਲ, ਹੁਣ ਬੱਸ। ਮਾਂ ਬਾਪ ਨੂੰ ਕਦੇ ਨਾ ਛੱਡ ਕੇ ਜਾਓ।
- ਮਨਦੀਪ ਕੌਰ ਟਾਂਗਰਾ
07 ਮਈ 2023
“ਵਤਨ ਵਾਪਸੀ” ਦੇ ਜਸ਼ਨ ਸ਼ੁਰੂ ਹੋਣਗੇ ਹੁਣ ਪੰਜਾਬ ਵਿੱਚ।
I would love to be part of “Reverse Migration” parties
ਵਾਪਸ ਆ ਕੇ, ਸ਼ੁਕਰਾਨਾ ਕਰੋ, ਪਾਠ, ਕੀਰਤਨ ਕਰਵਾਓ।
ਕੋਈ ਚੰਗਾ ਸਿੰਗਰ ਸੱਦੋ, ਭੰਗੜੇ ਪਾਓ, ਆਪਣਿਆਂ ਨਾਲ ਮੌਜ ਕਰੋ।
ਇੱਥੇ ਸਾਡੇ ਆਪਣੇ ਘਰ ਹਨ। ਅਲਾਰਮ ਦੀ ਟਿੱਕ ਟਿੱਕ ਦੇ ਮੌਹਤਾਜ ਨਹੀਂ ਅਸੀਂ। ਔਖੇ ਵੇਲੇ, ਕਈ ਦਿਨ ਪੰਜਾਬ, ਸਾਡੇ ਆਪਣੇ ਰੋਟੀ ਖਵਾ ਸਕਦੇ ਸਾਨੂੰ। ਪੰਜਾਬ ਦੇ ਪਿੰਡਾਂ ਦੀ ਆਬੋ-ਹਵਾ, ਤੁਹਾਡਾ ਪਿੰਡ ਤੁਹਾਡੀ ਕਿਰਤ ਲਈ ਉਡੀਕਦਾ ਹੈ ਤੁਹਾਨੂੰ। ਬਿਨ੍ਹਾਂ ਕਿਸੇ ਸ਼ਰਮ ਇੱਥੇ ਵੱਡੇ ਛੋਟੇ ਕਾਰੋਬਾਰ ਸਥਾਪਿਤ ਕਰੋ। ਮਾਂ ਬਾਪ ਦਾਦਾ ਦਾਦੀ ਨਾਲ ਰਹੋ, ਇਹ ਸਾਡਾ ਆਪਣਾ ਸੱਭਿਆਚਾਰ ਹੈ। ਸਾਡੀ ਹੋਂਦ ਸਾਡੀ ਪਹਿਚਾਣ ਹੈ।
ਪੰਜਾਬ ਜੋੜੋ, ਪਰਿਵਾਰ ਜੋੜੋ।
ਵਤਨ ਛੱਡਣ ਦੇ ਮਾਯੂਸੀ ਵਾਲੇ ਦਿਨ ਨਹੀਂ ਰਹਿਣੇ ਹੁਣ।
07 ਮਈ 2023
ਸਵੇਰ ਦੀ ਸੈਰ ਦੇ ਅਨੁਭਵ -3
ਤਕਰੀਬਨ 6 ਮਹੀਨੇ ਤੋਂ ਮੇਰਾ ਪੈਰ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਸਵੇਰ ਦੀ ਸੈਰ ਮੈਨੂੰ ਬਹੁਤ ਪਸੰਦ ਹੈ। ਪਰ ਅੱਜ ਰਿਹਾ ਨਹੀਂ ਗਿਆ। ਅੱਜ ਦੀ ਸੈਰ ਵਿੱਚ ਫ਼ੇਰ ਨਵੇਂ ਅਨੁਭਵ ਸਨ।
ਛੱਲੀਆਂ ਨੂੰ ਦੇਖ ਕੇ ਸੋਚਦੀ ਸਾਂ ਕਿ ਘਰ ਕਿਵੇਂ ਰੁਪਈਆ ਰੁਪਈਆ ਵੀ ਸੰਭਾਲ਼ ਕੇ ਰੱਖਦੇ ਹਾਂ, ਪਰ ਖੇਤਾਂ ਵਿੱਚ ਕਿਵੇਂ ਲੱਖਾਂ ਦੀ ਫ਼ਸਲ ਖੁੱਲ੍ਹੀ ਪਈ ਹੁੰਦੀ ਹੈ। ਦੱਸ ਛੱਲੀਆਂ ਵੀ ਕੋਈ ਤੋੜ ਕੇ ਲੈ ਜਾਏ ਤੇ ਕੁੱਝ ਪੈਸੇ ਤੇ ਕਿਸਾਨ ਦੇ ਜਾਂਦੇ ਹੀ ਹਨ। ਕਈ ਵਾਰ ਪੰਜਾਹ ਰੁਪਈਏ ਪਿੱਛੇ ਕੀਮਤੀ ਦਵਾਈ ਰਹਿ ਜਾਂਦੀ ਹੈ। ਕਿਸਾਨ ਚੰਗੀ ਪੈਦਾਵਾਰ ਤੇ ਜ਼ੋਰ ਲਾਉਂਦਾ ਹੈ, ਮਿਹਨਤ ਤੇ, ਨਾ ਕਿ ਪ੍ਰਵਾਹ ਕਰਦਾ ਕਿੱਲੋ ਕਿੱਲੋ ਦੇ ਨੁਕਸਾਨ ਦੀ। ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਿੱਲੋ ਕਿੱਲੋ ਦੀ ਪ੍ਰਵਾਹ ਕਰਦੇ ਕਰਦੇ, ਵਿਸ਼ਾਲ ਖੇਤਾਂ ਵੱਲ, ਆਪਣੇ ਕੰਮ ਵੱਲ ਧਿਆਨ ਹੀ ਨਹੀਂ ਦਿੰਦੇ। ਕੰਮ ਹੀ ਇੰਨਾਂ ਕਰੋ, ਕਿ ਛੋਟੇ ਮੋਟੇ ਨੁਕਸਾਨ ਵੱਲ ਧਿਆਨ ਹੀ ਨਾ ਜਾਵੇ, ਦੁੱਖ ਹੀ ਨਾ ਹੋਵੇ।
ਅੱਗੇ ਤੁਰਦੇ ਤੁਰਦੇ ਮੈਂ ਦੇਖਿਆ, ਸੋਹਣੀ ਪੋਲੋ ਟੀ ਸ਼ਰਟ ਅਤੇ ਲੋਅਰ ਪਾਏ ਜਵਾਨ ਸੋਹਣਾ ਸੁਨੱਖਾ ਮੁੰਡਾ, ਤਿੰਨ ਗਾਈਆਂ ਨਾਲ ਤੁਰਿਆ ਆ ਰਿਹਾ ਸੀ। ਅਸੀਂ ਪਿੰਡਾਂ ਦੇ ਬੱਚੇ ਕੱਪੜੇ ਲੀੜੇ ਦੀ ਕੋਈ ਕਮੀ ਨਹੀਂ ਸਾਨੂੰ, ਗਾਵਾਂ ਦੀ ਸਾਂਭ ਸੰਭਾਲ਼ ਸਾਡਾ ਕੰਮ ਹੈ। ਸ਼ਹਿਰਾਂ ਵਿੱਚ ਵਿਦੇਸ਼ਾਂ ਵਿੱਚ ਹੋ ਸਕਦਾ ਲੋਕ ਕੁੱਤਿਆਂ ਦੇ ਬਿੱਲੀਆਂ ਦੇ ਸ਼ੌਕੀਨ ਹੀ ਹੋਣ, ਪਰ ਪਿੰਡਾਂ ਦੇ ਜ਼ਿੰਮੇਵਾਰ ਬੱਚਿਆਂ ਨੂੰ ਵੀ ਸਲਾਮ ਹੈ, ਜੋ ਪਿੰਡਾਂ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਮਦਦ ਵੀ ਕਰਦੇ ਹਨ, ਪੜ੍ਹਦੇ ਵੀ ਹਨ, ਨੌਕਰੀਆਂ ਵੀ ਕਰਦੇ ਹਨ।
ਚਾਰੇ ਪਾਸੇ ਸੋਹਣੇ ਖ਼ੇਤ ਸਨ। ਅਮਰੀਕਾ ਦੇ Oregan ਸ਼ਹਿਰ ਨੂੰ ਚੇਤੇ ਕਰਦੀ ਸੀ, Arizona, ਦੁਬਈ, ਹੋਰ ਵੀ ਅਨੇਕਾਂ ਸ਼ਹਿਰ ਜਿੱਥੇ ਜਿੱਥੇ ਮੈਂ ਗਈ । ….. ਅਹਿਸਾਸ ਹੁੰਦਾ ਹੈ ਪੰਜਾਬ ਬਹੁਤ ਖ਼ੂਬਸੂਰਤ ਹੈ .. ਬਹੁਤ ਹੀ ਜ਼ਿਆਦਾ.. ਸਵੇਰ ਦੀ ਠੰਡੀ ਤੇ ਸਾਫ਼ ਹਵਾ ਜਦ ਅੰਦਰ ਜਾਂਦੀ ਹੈ ਤੇ ਰੂਹ ਕਹਿੰਦੀ ਹੈ - ਵਾਹ!
- ਮਨਦੀਪ ਕੌਰ ਟਾਂਗਰਾ
05 ਮਈ 2023
ਸਿਆਸਤ ਵਿੱਚ ਆਵਾਂਗੀ ????
2012 ਤੋਂ ਹਰ ਪਾਰਟੀ ਦੇ ਸਿਆਸਤਦਾਨਾਂ ਨੂੰ ਸਾਡਾ ਜ਼ਰੂਰ ਪਤਾ ਹੋਵੇਗਾ ਪਰ 2017 ਵਿੱਚ, ਸਿਆਸਤਦਾਨਾਂ ਦੇ ਵਿੱਚੋਂ ਪਹਿਲੀ ਵਾਰ ਮੇਰੀ ਮੁਲਾਕਾਤ ਅੰਮ੍ਰਿਤਸਰ ਤੋਂ "ਮਨਦੀਪ ਸਿੰਘ ਮੰਨਾ" ਨਾਲ ਹੋਈ। ਮੇਰੀ ਟੀਮ ਉਹਨਾਂ ਦਾ ਫੇਸਬੁੱਕ ਪੇਜ ਦੇਖਦੀ ਸੀ, ਤੇ ਮੈਨੂੰ ਹੌਲੀ-ਹੌਲੀ ਪਤਾ ਲੱਗਾ ਕਿਵੇਂ ਸਿਆਸਤ ਵਿੱਚ ਲਗਾਤਾਰ ਮੁੱਦਿਆਂ ਤੇ ਬਹਿਸ ਹੁੰਦੀ ਹੈ ਅਤੇ ਕੰਮ ਹੁੰਦਾ ਹੈ।
ਫ਼ੇਰ ਮੇਰੀ ਮੁਲਾਕਾਤ ਇਕ ਵਾਰ ਮੌਜੂਦਾ MP "ਗੁਰਜੀਤ ਸਿੰਘ ਔਜਲਾ" ਨਾਲ ਹੋਈ। ਮੈਨੂੰ ਵਧੀਆ ਲੱਗਾ ਜਦ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਸਾਡੇ ਪਿੰਡ ਦਾ ਐਸਾ ਕੰਮ ਕੀਤਾ ਜੋ ਕਿ ਸਾਰੇ ਪਿੰਡ ਦੀ ਮੰਗ ਸੀ। ਆਉਣ ਵਾਲੇ ਸਮੇਂ ਵਿੱਚ ਮੈਂ ਇਸ ਤੇ ਵਿਸਥਾਰ ਵਿੱਚ ਵੀ ਲਿਖਾਂਗੀ। ਕੋਈ ਧਰਨਾ ਨਹੀਂ ਲਗਾਇਆ, ਕੋਈ ਰਿਸ਼ਵਤ ਨਹੀਂ ਲਈ, ਕੋਈ ਤਰਲੇ ਨਹੀਂ ਕਢਵਾਏ ਅਤੇ ਇਹ ਵੀ ਆਸ ਨਹੀਂ ਰੱਖੀ ਕਿ ਮਸ਼ਹੂਰੀ ਕੀਤੀ ਜਾਵੇ। ਇਹਨਾਂ ਸਿਆਸਤਦਾਨਾਂ ਦੇ ਵਿੱਚੋਂ ਮੈਨੂੰ ਲੱਗਦਾ ਜਿਵੇਂ ਤੂੜੀ ਦੀ ਭਰੀ ਟਰਾਲੀ ਵਿੱਚੋਂ ਇਕ ਵਧੀਆ ਤਿਣਕੇ ਦਾ ਅਨੁਭਵ ਹੋਇਆ ਹੋਵੇ।
2022 ਵਿੱਚ ਮੈਂ ਤੀਸਰੇ ਸਿਆਸਤਦਾਨ ਨੂੰ ਮਿਲੀ, ਜਦ ਦਿੱਲੀ ਦੇ ਸਾਬਕਾ ਡਿਪਟੀ ਚੀਫ਼ ਮਨਿਸਟਰ "ਮਨੀਸ਼ ਸਿਸੋਦੀਆ" ਸਾਡੇ ਪਿੰਡ ਆਏ। ਆਮ ਪਰਿਵਾਰਾਂ ਦੇ ਘਰ ਵਿੱਚ ਇੰਝ ਜਦੋਂ ਵੱਡੇ ਸਿਆਸਤਦਾਨ ਅਚਨਚੇਤ ਆ ਜਾਂਦੇ ਹਨ ਤਾਂ ਉਤਸ਼ਾਹ ਅਤੇ ਉਮੀਦ ਦੀ ਕੋਈ ਸੀਮਾ ਨਹੀਂ ਰਹਿੰਦੀ। ਇਸ ਤੋਂ ਬਾਅਦ ਸਟੇਜਾਂ ਅਤੇ ਚੈਨਲਾਂ ਤੇ ਵਾਹ-ਵਾਹ ਦੀ ਕੋਈ ਕਮੀ ਨਹੀਂ। 28 ਅਪ੍ਰੈਲ 2022 ਨੂੰ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਤੇ ਉਹਨਾਂ ਨੂੰ ਮਿਲਣਾ ਸੀ। 27 ਅਪ੍ਰੈਲ 2022, ਇੱਕ ਦਿਨ ਪਹਿਲਾਂ, ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ "ਬਹੁਤ ਸਹੀ ਕੰਮ ਕਰ ਰਹੇ ਹੋ ਮਨਦੀਪ ਜੀ ਅਤੇ ਪੂਰੇ ਦੇਸ਼ ਵਿੱਚ ਅਜਿਹੇ ਢਾਂਚੇ ਦੀ ਲੋੜ ਹੈ"। ਮੇਰੀ ਖੁਸ਼ੀ ਦੁੱਗਣੀ ਹੋ ਗਈ, ਅਜਿਹੇ ਜਦ ਪਲ ਹੋਣ ਤਾਂ ਅਕਸਰ ਨੀਂਦ ਵੀ ਨਹੀਂ ਆਉਂਦੀ। ਉਮੀਦ ਨਾਲ ਭਰ ਜਾਈਦਾ ਹੈ, ਇੰਝ ਲਗਦਾ ਹੈ ਮਿਹਨਤ ਦਾ ਕੋਈ ਬਹੁਤ ਵੱਡਾ ਮੁੱਲ ਪੈਣ ਵਾਲਾ ਹੈ।
ਵੈਸੇ, ਝੜੀ ਕੀ ਹੁੰਦੀ ਹੈ, ਤੁਹਾਨੂੰ ਪਤਾ ਹੋਵੇਗਾ। 27, 28 ਅਪ੍ਰੈਲ 2022 ਦੇ ਦੋ ਦਿਨਾਂ ਦੇ ਸੁਹਾਵਨੇ ਮੌਸਮ ਤੋਂ ਬਾਅਦ, ਪਿੰਡ ਟਾਂਗਰਾ ਵਿੱਚ ਸਿਆਸਤਦਾਨਾਂ ਦੀ ਝੜੀ ਲੱਗ ਗਈ। ਏਥੋਂ ਤੱਕ ਕਿ ਚੀਫ਼ ਮਨਿਸਟਰ "ਭਗਵੰਤ ਮਾਨ" ਦੇ ਭੇਜੇ ਸਨਮਾਨ ਵੀ ਕੈਬਿਨੇਟ ਮਨਿਸਟਰਾਂ ਰਾਹੀਂ ਪਿੰਡ ਟਾਂਗਰਾ ਪਹੁੰਚ ਗਏ। ਸੋਚਦੀ ਹਾਂ, ਗਲੇ ਵਿੱਚ ਪਿਆ ਸਨਮਾਨ "ਉਮੀਦ ਦਾ ਰਾਹ" ਸੀ ਜਾਂ "ਫਾਹ" ਸੀ।
ਇੱਕ ਵਾਰ ਮੈਂ ਮੁੰਬਈ ਗਈ ਤਾਂ ਲੋਕ ਮੈਨੂੰ ਕਹਿਣ ਤੁਹਾਡੇ ਚੀਫ਼ ਮਨਿਸਟਰ ਨੇ ਤੁਹਾਡੇ ਬਾਰੇ ਬੋਲਿਆ। ਪਤਾ ਨਹੀਂ ਇਹ ਖੁਸ਼ੀ ਵਾਲੀ ਗੱਲ ਹੈ ਜਾਂ ਮਾਯੂਸੀ ਵਾਲੀ।
ਤ੍ਰਾਸਦੀ ਅਤੇ ਜਿਸ ਗੱਲ ਦਾ ਮੈਨੂੰ ਸਭ ਤੋਂ ਵੱਧ ਦੁੱਖ ਹੈ, ਜਿਸ ਕਰਕੇ ਮੈਂ ਅੱਜ ਆਪਣੀ ਕਲਮ ਨੂੰ ਵੀ ਰੋਕ ਨਹੀਂ ਸਕੀ। ਸਿਆਸਤਦਾਨਾਂ ਦੀ ਚਕਾਚੌਂਦ ਇਹਨਾਂ ਦੀਆਂ ਵੱਡੀਆਂ ਗੱਲਾਂ: ਕਿ ਤੁਹਾਨੂੰ ਕੰਮ ਅਤੇ ਸਹੂਲਤਾਂ ਦੇਵਾਂਗੇ, ਮੀਡਿਆ ਨਾਲ ਰੱਲ ਕੇ ਲੱਖਾਂ ਤੱਕ ਪਹੁੰਚ, ਸਾਨੂੰ ਇੱਕ ਹੋਇਆ ਦਿਖਾਉਂਦੀ ਹੈ। ਜੋ ਕਿ ਸੱਚ ਨਹੀਂ। ਮੇਰੇ ਨਾਲ ਇਹ ਅਕਸਰ ਹੁੰਦਾ ਹੈ ਲੋਕ ਜਿਨ੍ਹਾਂ ਨਾਲ ਸਾਡਾ ਲੈਣ ਦੇਣ ਹੁੰਦਾ ਹੈ ਸਾਨੂੰ ਅਕਸਰ ਕਹਿ ਦਿੰਦੇ ਹਨ ਕਿ ਤੁਹਾਨੂੰ ਤਾਂ ਪ੍ਰਧਾਨ ਮੰਤਰੀ ਜਾਣਦਾ ਹੈ, CM ਤੁਹਾਡੀ ਗੱਲ ਕਰਦਾ ਹੈ, ਮੰਤਰੀ ਤੁਹਾਡੇ ਰੋਜ਼ ਆਏ ਹੁੰਦੇ ਹਨ, ਤੁਹਾਨੂੰ ਕੀ ਕਮੀ ਹੈ ? ਜਿਹੜਾ ਪਹਿਲਾਂ ਕੋਈ ਲਿਹਾਜ਼ ਕਰ ਦਿੰਦਾ ਸੀ ਉਹ ਇਹ ਮੰਤਰੀਆਂ ਦੇ ਤਾਮ-ਝਾਮ ਤੋਂ ਬਾਅਦ ਸਾਡੀ ਧੋਣ ਤੇ ਗੋਡਾ ਰੱਖ ਕੇ ਆਪਣੇ ਕੰਮ ਪਹਿਲਾਂ ਕਰਵਾਉਂਦਾ ਹੈ, ਆਪਣੇ ਪੈਸੇ ਪਹਿਲਾਂ ਲੈਂਦਾ ਹੈ। ਉਹਨਾਂ ਨੂੰ ਕੀ ਪਤਾ ਮੈਂ ਤਾਂ ਕਾਨਿਆਂ ਦੀ ਕੰਧ ਨਾਲ ਟਿਕੀ ਹੋਈ ਹਾਂ। ਮੈਂ ਹੀ ਨਹੀਂ, ਪੰਜਾਬ ਦੀ ਨੌਜਵਾਨੀ ਵੀ। ਮੇਰੇ ਵਿੱਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਦੇਖਿਆ ਜਾ ਸਕਦਾ ਹੈ।
ਮੈਨੂੰ ਦੱਸ ਸਾਲ ਹੋ ਗਏ ਹਨ, ਪਿੰਡ ਵਿੱਚ ਕੰਮ ਕਰਦੇ। ਮੈਂ ਆਪਣੇ ਪਿਤਾ ਵਾਂਗ ਸਿਰਫ਼ ਕਿਰਤ ਕਮਾਈ ਕੀਤੀ ਹੈ। ਪੜ੍ਹੀ ਲਿਖੀ ਹਾਂ ਅਤੇ ਮੈਨੂੰ ਸਮਝ ਹੈ ਏਹੀ ਕਾਰੋਬਾਰ ਜੇਕਰ ਮੈਂ ਸ਼ਹਿਰ ਵਿੱਚ ਕਰਾਂ ਜਾਂ ਅਮਰੀਕਾ ਜਾ ਕੇ ਕਰਾਂ ਤਾਂ ਕਈ ਗੁਣਾ ਮੁਨਾਫ਼ਾ ਹੋਵੇਗਾ। ਏਥੇ ਪਿੰਡ ਵਿੱਚ ਢਾਈ ਲੱਖ ਕਿਰਾਇਆ ਦੇ ਰਹੇ ਅਸੀਂ ਤਾਂ ਫ਼ੇਰ ਕਾਰੋਬਾਰ ਸ਼ਹਿਰ ਵਿੱਚ ਕਿਉਂ ਨਹੀਂ ? ਸ਼ਹਿਰ ਵਿੱਚ ਰਾਤ ਦੀ ਸ਼ਿਫਟ ਵਿੱਚ ਵੀ ਲੋਕ ਕੰਮ ਕਰਦੇ ਹਨ, ਮੁਨਾਫ਼ਾ ਹੋਰ ਵੀ ਜ਼ਿਆਦਾ ਹੁੰਦਾ ਹੈ। ਸ਼ਹਿਰ ਵਿੱਚ ਇੰਟਰਨੈਟ ਪਿੰਡ ਨਾਲੋਂ ਸਸਤਾ ਹੈ। ਲੋਨ ਲੈਣ ਚਲੇ ਜਾਓ ਤਾਂ ਪਿੰਡ ਦੀ ਜਗ੍ਹਾ ਦੀ ਕੀਮਤ ਵੀ ਕੌਡੀਆਂ ਦੇ ਭਾਅ ਹੈ। ਮੇਰੇ ਵਰਗੇ ਪਿੰਡ ਦੇ ਨੌਜਵਾਨਾਂ ਨੇ ਆਮ ਘਰਾਂ ਤੋਂ ਸ਼ੁਰੂ ਕੀਤਾ ਹੈ, ਜਿਨ੍ਹਾਂ ਨੂੰ ਪਿੰਡਾਂ ਵਿੱਚ ਕੋਈ ਸਹੂਲਤ ਨਹੀਂ, ਕਰੋੜਾਂ ਦੇ ਕਰਜੇ ਅਤੇ ਦੋ-ਢਾਈ ਪ੍ਰਸੈਂਟ ਵਿਆਜ ਤੇ ਪੈਸੇ ਲੈ ਕੇ ਕਾਰੋਬਾਰ ਕਰਦੇ ਹਾਂ। ਪਿੰਡ ਵਿੱਚ ਕੰਮ ਕਰਨਾ ਸਾਡੇ ਪਿੰਡਾਂ ਦੇ ਨੌਜਵਾਨਾਂ ਦੀ ਮਜ਼ਬੂਰੀ ਨਹੀਂ ਹੈ, ਸਗੋਂ ਆਪਣਾ ਭਵਿੱਖ, ਆਪਣਾ ਅਰਾਮ ਦਾਅ ਤੇ ਲਗਾ ਕੇ ਪੰਜਾਬ ਲਈ ਕੁਝ ਕਰਨ ਦਾ ਜਨੂੰਨ ਹੈ। ਸਾਡੇ ਜਜ਼ਬੇ ਨੂੰ ਸਿਆਸਤਦਾਨ ਅਮੀਰੀ ਸਮਝਦੇ ਹਨ, ਕੋਸ਼ਿਸ਼ ਨਹੀਂ।
ਐਸਾ ਮਾਹੌਲ ਬਣ ਗਿਆ ਹੈ ਕਿ ਇੱਕ ਜੀਵਨ ਸਾਥੀ ਵੀ ਅਮਰੀਕਾ ਨੂੰ ਠੀਕ ਮੰਨਦਾ ਹੈ ਅਤੇ ਪਿੰਡ ਰਹਿ ਕੇ ਕੰਮ ਕਰਨਾ ਸਾਡੀ ਬੇਵਕੂਫੀ ਸਮਝਦਾ ਹੈ। ਤੇ ਜਿਦੀ ਜਾਈਏ ਕਿ ਪੰਜਾਬ ਹੀ ਠੀਕ ਹੈ, ਤੇ ਕਈ ਵਾਰ ਆਪਣੇ ਆਪ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਸੋਚ ਨਹੀਂ ਰਲਦੀ ਫੇਰ ਭੈਣ-ਭਰਾ, ਪਤੀ-ਪਤਨੀ, ਬੱਚੇ ਵੀ ਵੱਖ ਹੋ ਕੇ ਅੱਗੇ ਵੱਧਣਾ ਠੀਕ ਸਮਝਦੇ ਹਨ।
ਕਈ ਵਾਰ ਸਿਆਸਤਦਾਨਾਂ ਵੱਲੋਂ ਪੈਦਾ ਕੀਤੀ ਹੋਈ "ਉਮੀਦ" ਨੌਜਵਾਨਾਂ ਵਿੱਚ ਪੰਜਾਬ ਲਈ ਖੜ੍ਹ ਜਾਣ ਦੀ "ਅਣਖ" ਪੈਦਾ ਕਰਦੀ ਹੈ। ਇਹ ਸਿਆਸਤਦਾਨ ਭਾਸ਼ਣ ਹੀ ਇਸ ਤਰ੍ਹਾਂ ਦੇ ਦਿੰਦੇ ਹਨ। ਮੇਰਾ ਨਿੱਜੀ ਤਜ਼ੁਰਬਾ ਹੈ, ਸਿਆਸਤ ਤੋਂ ਪੈਦਾ ਹੋਈਆਂ ਉਮੀਦਾਂ ਅਕਸਰ ਤੂੜੀ ਨਾਲ ਭਰੀ ਟਰਾਲੀ ਵਾਂਗ ਪਲਟਦੀਆਂ ਹਨ ਅਤੇ ਦੂਜੀ ਟਰਾਲੀ ਸਿਆਸਤ ਤੋਂ ਪੈਦਾ ਹੋਈ ਉਮੀਦ ਦੀ ਤੂੜੀ, ਫੇਰ ਭਰਨ ਲਈ ਤਿਆਰ ਖੜ੍ਹੀ ਹੁੰਦੀ ਹੈ।
ਕਈ ਲੋਕ ਮੈਨੂੰ ਸਿਆਸਤ ਵਿੱਚ ਆਉਣ ਬਾਰੇ ਸਵਾਲ ਪੁੱਛਦੇ ਹਨ। ਐਸੇ ਅਨੁਭਵ ਤੋਂ ਬਾਅਦ ਮੇਰਾ ਜਵਾਬ ਸਾਫ਼ ਸਮਝ ਆਉਂਦਾ ਹੈ। ਰੱਬ ਨੂੰ ਵੀ ਜਵਾਬ ਦੇਣਾ ਹੈ।
- ਮਨਦੀਪ ਕੌਰ ਟਾਂਗਰਾ
04 ਮਈ 2023
ਪਿਛਲੇ ਸਾਲ ਪਾਪਾ ਨੂੰ ਪਹਿਲੀ ਵਾਰ ਜਹਾਜ਼ ਤੇ ਦਿੱਲੀ ਲੈ ਗਈ। ਵੱਡੀਆਂ ਵੱਡੀਆਂ ਬਿਲਡਿੰਗਾਂ ਵਾਲੇ ਦਿੱਲੀ ਸ਼ਹਿਰ ਨੂੰ ਇੱਕ ਵੱਡੇ ਸ਼ੀਸ਼ੇ ਵਿੱਚੋਂ ਦੇਖ ਰਹੇ ਸਨ। ਕੋਲ ਜਾ ਕੇ ਦੇਖਿਆ ਪਾਠ ਕਰਨ ਦਾ ਅਨੰਦ ਲੈ ਰਹੇ ਸਨ। ਮੇਰੇ ਲਈ ਬਹੁਤ ਖੁਸ਼ੀ ਦਾ ਪਲ ਸੀ ਕਿਓਂ ਕਿ ਪਹਿਲੀ ਵਾਰ ਸੀ।
ਦਿਲ ਕਰਦਾ ਹੈ ਦੁਨੀਆਂ ਦੀ ਹਰ ਖੁਸ਼ੀ, ਹਰ ਅਰਾਮ ਪਾਪਾ ਦੇ ਪੈਰਾਂ ਵਿੱਚ ਲਿਆ ਕੇ ਰੱਖ ਦਿਆਂ। ਮੇਰੇ ਪਾਪਾ ਨੇ ਬਹੁਤ ਹੀ ਕਿਰਤ ਕਮਾਈ ਨਾਲ ਇੱਕ ਇੱਕ ਧੇਲੀ ਰੁਪਈਆ ਮਿੱਟੀ ਦੀਆਂ ਬੁਗਨੀਆਂ ਵਿੱਚ ਜੋੜ ਜੋੜ ਕੇ, ਮੈਨੂੰ ਪੜ੍ਹਾਇਆ ਹੈ। ਪੜ੍ਹਾਇਆ ਹੀ ਨਹੀਂ ਬਲਕਿ ਟੌਪਰ ਬਣਾਇਆ ਹੈ। ਪਹਿਲਾਂ ਚੱਕੀ, ਰੂੰ ਪੇਂਜੇ ਦਾ ਕੰਮ ਹੋਰ ਵੀ ਔਖਾ ਹੁੰਦਾ ਸੀ। ਓਦੋਂ ਹੈਲਪਰ ਵੀ ਰੱਖਣ ਦੀ ਗੁਨਜਾਇਸ਼ ਨਹੀਂ ਸੀ ਹੁੰਦੀ। ਰੋਜ਼ ਦੀਆਂ ਸੱਟਾਂ ਤੇ ਪਿੱਠ ਤੇ, ਹੱਥਾਂ ਨਾਲ ਭਾਰ ਚੁੱਕਣਾ ਬਹੁਤ ਹੀ ਆਮ ਗੱਲ ਸੀ। ਕਦੀ ਪੁਲ਼ੀ ਦੇ ਪਟੇ ਤੇ ਕਦੀ ਪੇਂਜੇ ਵਿੱਚ ਉਂਗਲ ਆ ਜਾਣਾ, ਕਦੀ ਗੋਡਾ ਤੇ ਕਦੀ ਅੱਡੀ ਤੇ ਸੱਟ ਲੱਗਣੀ, ਜਾਨ ਨਿਕਲਣੀ ਆਮ ਗੱਲ ਸੀ। ਭਰ ਗਰਮੀ ਸਰਦੀ ਵਿੱਚ ਦਿਨ ਰਾਤ ਦੀ ਬਿਜਲੀ ਦੇ ਹਿਸਾਬ ਦੇ ਨਾਲ ਕੰਮ ਕਰਨਾ …. ਬੱਸ ਇਹੀ ਉਤਸੁਕਤਾ ਹੋਣੀ ਕਿ ਧੀ ਪਹਿਲੇ ਨੰਬਰ ਤੇ ਆਵੇ।
ਮੇਰੀ ਸਫਲਤਾ ਵਿੱਚੋਂ ਹਰ ਪਲ ਮੈਨੂੰ, ਮੇਰੇ ਪਾਪਾ ਦੇ ਪਸੀਨੇ ਦੀ ਮਹਿਕ ਆਉਂਦੀ ਹੈ। ਜੋ ਮਾਂ ਬਾਪ ਬਿਨ੍ਹਾਂ ਸ਼ਿਕਵੇ ਕੀਤੇ, ਅਤਿਅੰਤ ਔਖੇ ਪੜਾਵਾਂ ਵਿੱਚੋਂ ਨਿਕਲ, ਕਿਰਤ ਕਮਾਈ ਨਾਲ ਬੱਚਿਆਂ ਨੂੰ ਕੁੱਝ ਬਣਾਉਣ ਦਾ ਜਨੂੰਨ ਰੱਖਦੇ ਹਨ, ਉਹਨਾਂ ਦੇ ਬੱਚਿਆਂ ਦਾ ਮੁਕਾਮ ਹਾਸਿਲ ਕਰਨਾ ਯਕੀਨਨ ਨਹੀਂ, ਤੈਅ ਹੈ।
- ਮਨਦੀਪ ਕੌਰ ਟਾਂਗਰਾ
02 ਮਈ 2023
ਆਪਣੇ ਪੰਜਾਬ ਵਿੱਚ ਕਿੰਨੀ ਅਜ਼ਾਦ ਹਾਂ ਮੈਂ ..
- ਆਪਣੀ ਬੋਲੀ “ਪੰਜਾਬੀ” ਹਰ ਥਾਂ ਬੋਲ ਸਕਦੀ ਹਾਂ। ਵਿਦੇਸ਼ਾਂ ਵਾਂਗ ਮੈਂ ਬੋਲੀ ਦੇ ਅਧੀਨ ਨਹੀਂ ਮਹਿਸੂਸ ਕਰਦੀ।
- ਇੱਥੇ ਸੜਕਾਂ ਤੇ, ਲੋਕਾਂ ਵਿੱਚ ਵਿਚਰਦੇ ਮੈਨੂੰ ਕੋਈ ਡਰ ਨਹੀਂ ਹੈ। ਸਭ ਆਪਣੇ ਲੱਗਦੇ ਹਨ।
- ਦੇਸੀ ਵਿਦੇਸ਼ੀ ਕੱਪੜੇ ਪਾਉਣ ਦੀ ਮੈਨੂੰ ਪੂਰੀ ਅਜ਼ਾਦੀ ਹੈ, ਮੈਨੂੰ ਲੱਗਦਾ ਵਿਦੇਸ਼ ਵਿੱਚ ਹਰ ਜਗ੍ਹਾ ਸੂਟ, ਕੁੜਤਾ ਪਜਾਮਾ ਪਾਉਣਾ ਸ਼ਾਇਦ ਸੰਭਵ ਨਹੀਂ।
- ਪੰਜਾਬੀ ਅਤੇ ਵਿਦੇਸ਼ੀ ਖਾਣੇ ਦੀ ਕੋਈ ਕਮੀ ਨਹੀਂ ਸਾਡੇ ਪੰਜਾਬ ਵਿੱਚ। ਅਮਰੀਕਾ ਜਾ ਕੇ ਲੱਭਣਾ ਪੈਂਦਾ ਹੈ ਕਿੱਥੇ ਮਿਲਦਾ “ਸਾਗ”।
- ਸੰਗੀਤ ਵੀ ਆਪਣੀ ਮਰਜ਼ੀ ਦਾ ਚੱਲਦਾ ਸਾਡੇ, ਕਿਸੇ ਨੂੰ ਖੁਸ਼ ਕਰਨ ਲਈ ਅੰਗ੍ਰੇਜ਼ੀ ਗਾਣਿਆਂ ਤੇ ਜ਼ਬਰਦਸਤੀ ਤਾੜੀਆਂ ਨਹੀਂ ਮਾਰਨੀਆਂ ਪੈਂਦੀਆਂ।
- ਕਿਸੇ ਦੇ ਘਰ ਜਾਣ ਲਈ ਮਿਲਣ ਦਾ ਸਮਾਂ ਨਹੀਂ ਲੈਣਾ ਪੈਂਦਾ।
ਮਾਂ ਦੀ ਬੁੱਕਲ਼ ਵਿੱਚ ਜੋ ਅਜ਼ਾਦੀ ਹੈ, ਆਪਣੀ ਧਰਤੀ ਤੇ ਜੋ ਖੁੱਲ੍ਹ ਹੈ, ਕਿਤੇ ਨਹੀਂ। ਇੱਥੇ, ਕਿਤੇ ਹੋਰ ਆਈ ਹਾਂ ਨਹੀਂ ਮਹਿਸੂਸ ਹੁੰਦਾ, ਇੰਝ ਲੱਗਦਾ ਸਾਰਾ ਪਿੰਡ ਹੀ ਸਾਡਾ।
- ਮਨਦੀਪ ਕੌਰ ਟਾਂਗਰਾ
01 ਮਈ 2023
ਕਿੰਨਾ ਵੀ ਜ਼ੋਰ ਲਾਓ, ਕਿੰਨਾ ਵੀ …. ਇਹ ਸਭ ਨੂੰ ਪਤਾ ਕੀ ਠੀਕ? ਕੀ ਗਲਤ? ਦਿਲ ਤੋਂ ਪਤਾ .. ਸਭ ਨੂੰ ਅਤੇ ਦਿਲ ਦੀ ਅਵਾਜ਼ ਹੀ ਅਸਲ ਅਵਾਜ਼ ਹੁੰਦੀ।
- ਸਦਾ ਮਾਂ ਪਿਓ ਕੋਲ ਰਹਿਣਾ ਉਹਨਾਂ ਦੀ ਸੇਵਾ ਕਰਨਾ, ਸਾਡਾ ਸੱਭਿਆਚਾਰ (culture) ਹੈ, 16 ਸਾਲ ਦੀ ਉਮਰ ਤੋਂ ਬਾਅਦ ਵੱਖ ਹੋ ਜਾਣਾ ਨਹੀਂ।
- ਸਾਡੇ ਇੱਥੇ “ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ” ਹਨ, 911 ਤੇ ਫ਼ੋਨ ਨਹੀਂ ਕਰਦੇ ਬੱਚੇ।
- ਅਸੀਂ ਭਾਵੇਂ 60 ਸਾਲ ਦੇ ਹੋ ਜਾਈਏ, ਸਾਡੇ ਮਾਪੇ ਘਰ ਵੀ ਜਲਦੀ ਆਉਣ ਨੂੰ ਕਹਿਣਗੇ, ਬਜ਼ੁਰਗ ਮਾਂ ਵੀ ਸਾਡੀ ਰੋਟੀ ਦਾ ਫ਼ਿਕਰ ਵੀ ਕਰੇਗੀ।
- ਸਾਡੇ ਇੱਥੇ ਜੀਵਨ-ਸਾਥੀ ਛੱਡਣਾ ਆਮ ਗੱਲ ਨਹੀਂ ਹੈ, ਦੁਰਘਟਨਾ ਜਿਹਾ ਹੈ। ਤੇ ਓਥੇ ਛੱਡ ਛਡਾ ਸੱਭਿਆਚਾਰ ਦਾ ਹਿੱਸਾ ਹੈ।
- ਪੱਗ ਨੂੰ ਇੱਜ਼ਤ ਮਾਣ ਸਮਝਣਾ ਸਾਡਾ ਸੱਭਿਆਚਾਰ ਹੈ, ਹੱਥ ਲਾ ਲਾ ਪੱਗਾਂ ਸ਼ੱਕ ਦੀ ਨਜ਼ਰ ਨਾਲ ਚੈੱਕ ਕਰਨਾ ਨਹੀਂ।
ਨਾ ਅਪਣਾਓ ! ਨਾ ਲਿਆਓ ਪੰਜਾਬ ਵਿੱਚ ਅਜਿਹਾ ਸੱਭਿਆਚਾਰ !
29 ਅਪ੍ਰੈਲ 2023
ਹਰ ਰੋਜ਼ ਦੀ ਇਸ ਗਲ਼ਵੱਕੜੀ ਬਦਲੇ 100 ਕਰੋੜ ਵੀ ਮਿਲਦਾ ਹੋਵੇ, ਜਾਂ ਦੁਨੀਆਂ ਦੀ ਸਾਰੀ ਸਿਕਿਓਰਿਟੀ ਮਿਲਦੀ ਹੋਵੇ, ਅਮਰੀਕਾ ਦੀ PR ਮਿਲਦੀ ਹੋਵੇ, ਵਿਦੇਸ਼ਾਂ ਦੀ ਅਜ਼ਾਦੀ ਮਿਲਦੀ ਹੋਵੇ।
“ਕੋਰੀ ਨਾਂਹ ਹੈ”
ਜੋ ਮਰਜ਼ੀ ਹੋ ਜਾਏ ਇੱਥੇ ਰਹਿੰਦੇ, ਰੋਟੀ ਮਿਲੀ ਜਾਣੀ ਰੁੱਖੀ ਮਿੱਸੀ ।
ਮਾਪਿਆਂ ਦਾ ਨਿੱਘ, ਸੁਕੂਨ ਅਤੇ ਖੁਸ਼ੀ ਵੱਡੇ ਵੱਡੇ ਧਨਾਢ ਵੀ ਨਹੀਂ ਖਰੀਦ ਸਕਦੇ। ਤੁਹਾਡੇ ਕੋਲ ਹੈ ਤੇ ਸਾਂਭ ਕੇ ਰੱਖੋ।
28 ਅਪ੍ਰੈਲ 2023
ਕਈ ਕਾਰਨਾਂ ਕਰਕੇ ਪੰਜਾਬ ਤੋਂ ਲੱਖਾਂ ਲੋਕ ਵਿਦੇਸ਼ਾਂ ਦੀ ਧਰਤੀ ਤੇ ਜਾ ਵੱਸੇ ਹਨ। ਵਿਦੇਸ਼ ਜਾਣਾ ਓਥੇ ਪੜ੍ਹਨਾ, ਰਹਿਣਾ, ਕਾਰੋਬਾਰ ਕਰਨਾ ਸਗੋਂ ਇੱਕ ਵਧੀਆ ਕਦਮ ਹੈ, ਪਰ ਗ਼ਲਤੀ ਏਥੇ ਕਰਦੇ ਹਾਂ ਜਦੋਂ ਅਸੀਂ ਅਗਲੀ ਪੀੜੀ ਨੂੰ ਜੜ੍ਹਾਂ ਨਾਲ ਜੋੜਦੇ ਨਹੀਂ। ਪੰਜਾਬ ਜੋ ਕੇ ਸੱਚਮੁੱਚ ਬਹੁਤ ਸੋਹਣਾ ਹੈ, ਉਸਦੀ ਗ਼ਲਤ ਤੇ ਡਰਾਵਣੀ ਤਸਵੀਰ ਮਨਾਂ ਵਿੱਚ ਬਿਠਾਉਂਦੇ ਹਾਂ। ਇਹ ਦੁੱਖ ਪਹੁੰਚਾਉਂਦਾ ਹੈ।
- NRI ਪਰਿਵਾਰ ਆਪਣੀ ਅਗਲੀ ਪੀੜੀ ਨੂੰ ਪੰਜਾਬ ਦੀ ਧਰਤੀ ਨਾਲ ਬਚਪਨ ਤੋਂ ਵੱਡੇ ਹੁੰਦਿਆਂ ਤੱਕ ਜੋੜ ਕੇ ਰੱਖਣ ਤਾਂ ਕੇ ਪੰਜਾਬ ਵਿੱਚ ਵੱਸਦੇ ਉਨ੍ਹਾਂ ਦੇ ਹਾਣ ਦਿਆਂ ਨਾਲ ਉਹਨਾਂ ਦਾ ਤਾਲਮੇਲ ਬਣਿਆ ਰਹੇ। ਸਾਂਝ ਬਣੇਗੀ ਤੇ ਪਿਆਰ ਅਤੇ ਕਾਰੋਬਾਰ ਵਧਣਗੇ।
- ਆਪਣੀ ਅਮੀਰ ਬੋਲੀ ਤੇ ਵਿਰਸੇ ਸੰਸਕਾਰਾਂ ਬਾਰੇ ਉਹਨਾਂ ਨੂੰ ਪਤਾ ਹੋਵੇ, ਅੰਗਰੇਜ਼ਾਂ ਦੀ ਧਰਤੀ ਤੇ ਵੀ ਮਾਣ ਨਾਲ ਦੱਸ ਸਕਣ ਸਾਡੀ ਹੋਂਦ ਕਿਥੋਂ ਹੈ। ਉਹਨਾਂ ਦਾ ਸੱਭਿਆਚਾਰ ਅਪਣਾਉਣ ਦੀ ਜਗ੍ਹਾ, ਆਪਣਾ ਅਮੀਰ ਸੱਭਿਆਚਾਰ ਅਪਣਾ ਕੇ ਰੱਖੋ।
- ਜੋ ਬੱਚੇ ਪੈਦਾ ਹੀ ਕੈਨੇਡਾ ਅਮਰੀਕਾ ਹੋਏ ਹਨ, ਉਹਨਾਂ ਨੂੰ Reverse Migration ਦਾ ਹੁੰਗਾਰਾ ਕਦੇ ਨਹੀਂ ਦਿੱਤਾ ਜਾਣਾ ਚਾਹੀਦਾ, ਕਿਓਂ ਕਿ ਉਹਨਾਂ ਦੀ ਧਰਤੀ ਮਾਂ, ਜਨਮ ਭੂਮੀ ਕੈਨੇਡਾ ਅਮਰੀਕਾ ਹੈ, ਅਸੀਂ ਉਹਨਾਂ ਨੂੰ ਓਥੋਂ ਵੱਖ ਨਹੀਂ ਕਰ ਸਕਦੇ। ਬੱਸ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਦੀਆਂ ਅਗਲੀਆਂ ਪੀੜੀਆਂ ਨਾਲ ਪਰਿਵਾਰਕ ਜਾਂ ਕਾਰੋਬਾਰੀ ਢੰਗ ਨਾਲ ਜੋੜ ਸਕਦੇ ਹਾਂ। ਐਸੇ ਪ੍ਰੋਗਰਾਮ ਉਲੀਕੋ ਦੋਨੋ ਦੇਸ਼ਾਂ ਦੇ, ਹਾਣ ਦੇ ਬੱਚੇ ਇੱਕ ਦੂਜੇ ਨਾਲ ਮਿਲ ਸਕਣ ਆਪਣੇ ਵਿਚਾਰ ਰੱਖ ਸਕਣ।
-ਜਿੱਥੇ ਦਿਲ ਹੈ ਓਥੇ ਰਹੋ ਚਾਹੇ ਪੰਜਾਬ ਚਾਹੇ ਵਿਦੇਸ਼।
- ਵਿਦੇਸ਼ਾਂ ਤੋਂ ਪੜ੍ਹ ਕੇ, ਸਿੱਖ ਕੇ ਜੇ ਪੰਜਾਬ ਆ ਜਾਓ ਤੇ ਉਸ ਨਾਲਦੀ ਕੋਈ ਰੀਸ ਨਹੀਂ।
- ਵਿਦੇਸ਼ਾਂ ਵਿੱਚ ਮਹਿਸੂਸ ਹੁੰਦੀਆਂ ਮੁਸ਼ਕਲਾਂ ਆਪਣੇ ਪੰਜਾਬ ਵਿੱਚ ਰਹਿਣ ਵਾਲੇ ਭੈਣ ਭਰਾਵਾਂ ਨਾਲ ਸਾਂਝੀਆਂ ਕਰੋ, ਤਾਂਕਿ ਇੱਥੇ ਚੰਗੇ ਭਲੇ ਵੱਸਦੇ ਪਰਿਵਾਰ ਸੋਚ ਸਮਝ ਕੇ ਵਿਦੇਸ਼ ਆਉਣ ਦਾ ਕਦਮ ਚੁੱਕਣ।
- ਪੰਜਾਬ ਹਰ ਪੰਜਾਬੀ ਦਾ ਘਰ ਹੈ, ਇਸਨੂੰ ਓਪਰਾ ਦੇਸ਼ ਜਾਂ ਇਥੇ ਪ੍ਰਾਹੁਣਿਆਂ ਵਾਂਗ ਕਦੇ ਨਾ ਆਓ।
- ਪੰਜਾਬ ਨੂੰ ਦਾਨ ਨਾਲ ਨਹੀਂ, ਕਾਰੋਬਾਰ ਸਥਾਪਿਤ ਕਰਨ ਨਾਲ ਮਦਦ ਕਰੋ।
- ਪੰਜਾਬ ਦੀ ਚੰਗਿਆਈ ਦੀ ਤਸਵੀਰ ਪੇਸ਼ ਕਰੋ, ਬੇਹੱਦ ਮਾਣ ਕਰੋ ਅਸੀਂ ਪੰਜਾਬੀ ਹਾਂ।
(ਜੇ ਤੁਹਾਡੇ ਵੀ ਅਜਿਹੇ ਵਿਚਾਰ ਹਨ, ਆਪਣੇ ਲੇਖ ਨਾਲ #PunjabReconnect hashtag ਜ਼ਰੂਰ ਲਿਖਣਾ।)
- ਮਨਦੀਪ ਕੌਰ ਟਾਂਗਰਾ
28 ਅਪ੍ਰੈਲ 2023
ਕਲਮ ਦੀ ਇੱਜ਼ਤ ਕਰਨ ਵਾਲੇ ਪੰਜਾਬੀ ਲੇਖਕ ਅਤੇ ਪ੍ਰਿੰਟ ਮੀਡੀਆ ਨੂੰ ਮੇਰੀ ਅਪੀਲ :
ਤੁਹਾਡੀ ਕਲਮ ਤੋਂ ਤੇਜ਼ ਰਫ਼ਤਾਰ ਕਿਸੇ ਦੀ ਨਹੀਂ। ਇਹ ਕਲਮ ਦਾ ਲਿਖਿਆ ਸਿੱਧਾ ਦਿਲ ਤੇ ਅਸਰ ਕਰਦਾ ਹੈ। ਬਿਨ੍ਹਾਂ ਰੌਲੇ, ਮਹਿਸੂਸ ਹੁੰਦਾ ਹੈ। "ਵਤਨ ਵਾਪਸੀ - Reverse Migration" ਅਤੇ PR Punjab ਮੁਹਿੰਮ ਵਿੱਚ ਤੁਹਾਡੀ ਸੱਚੀ ਇਮਾਨਦਾਰ ਤੇ ਪੰਜਾਬ ਪੱਖੀ ਕਲਮ ਦੀ ਅੱਜ ਜ਼ਰੂਰਤ ਹੈ ਪੰਜਾਬ ਨੂੰ। ਕਿਰਪਾ ਕਰਕੇ ਹੇਠ ਲਿਖੇ ਵਿਸ਼ਿਆਂ ਵੱਲ ਵਿਸ਼ੇਸ਼ ਧਿਆਨ ਦੇ ਜ਼ਰੂਰ ਲਿਖੋ :
1. ਵਤਨ ਵਾਪਸੀ ( Reverse Migration ) : ਉਹਨਾਂ ਪੰਜਾਬੀਆਂ ਬਾਰੇ ਲਿਖੋ ਜੋ ਪੜ੍ਹਨ ਲਈ, ਕਾਰੋਬਾਰ ਲਈ ਵਿਦੇਸ਼ ਜਾ ਕੇ ਆਏ ਹਨ ਅਤੇ ਹੁਣ ਪੰਜਾਬ ਵਾਪਸੀ ਦਾ ਮਨ ਬਣਾ ਲਿਆ ਹੈ। ਉਹਨਾਂ ਦਾ ਸਫ਼ਲ ਕਾਰੋਬਾਰ, ਘਰ ਹੁਣ ਪੰਜਾਬ ਹੀ ਹੈ।
2. PR Punjab : ਉਹਨਾਂ ਪੰਜਾਬੀਆਂ ਬਾਰੇ ਲਿਖੋ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਵਿਦੇਸ਼ ਜਾਣ ਬਾਰੇ ਅਤੇ ਪੱਕੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹਨ। ਇੱਥੇ ਸਫ਼ਲ ਕਾਰੋਬਾਰ, ਨੌਕਰੀ ਕਰ ਰਹੇ ਹਨ। ਉਹ ਵੀ ਜਾ ਸਕਦੇ ਸਨ ਵਿਦੇਸ਼ ਪਰ ਉਹਨਾਂ ਨੇ ਕਦੇ ਚੁਣਿਆ ਹੀ ਨਹੀਂ।
3. ਦੇਸ ਪ੍ਰਦੇਸ ਦੇ ਵਿਛੋੜੇ ਦਾ ਸੱਚ ਲਿਖੋ - ਕੀ ਪੰਜਾਬੀ ਵੱਖ ਹੋ ਸੱਚਮੁੱਚ ਸਹੀ ਕਰ ਰਹੇ ਹਨ, ਖੁਸ਼ ਹਨ ? ਵਿਦੇਸ਼ ਜਾਓ ਪਰ ਜੜ੍ਹ ਨਾ ਉਖਾੜੋ ਪੰਜਾਬ ਤੋਂ। ਪਾਲ ਪੋਸ ਕੇ ਨੌਜਵਾਨ ਪੀੜ੍ਹੀ, ਵਿਦੇਸ਼ ਦੀ ਸੇਵਾ ਨਹੀਂ ਪੰਜਾਬ ਦੀ ਸੇਵਾ ਲਈ ਹੋਣੀ ਚਾਹੀਦੀ।
4. ਮਨੁੱਖੀ ਕਦਰਾਂ ਕੀਮਤਾਂ ਤੇ ਕੀ ਅਸਰ ਪਾਇਆ ਹੈ ਵਿਦੇਸ਼ੀ ਰੁਝਾਨ ਨੇ। ਪੰਜਾਬ ਆਪਣੀ ਪਹਿਚਾਣ ਬਣਾ ਰਿਹਾ ਕਿ ਖੋਹ ਰਿਹਾ ?
5. ਕਿਵੇਂ ਲੱਖਾਂ ਜੀਵਨਸਾਥੀ, ਬੱਚੇ ਤੇ ਮਾਪੇ ਉਡੀਕਦੇ ਥੱਕ ਜਾਂਦੇ ਹਨ।
6. ਕੀ ਬਾਹਰਲੇ ਦੇਸ਼ਾਂ ਵਿੱਚ ਨਸ਼ਾ ਨਹੀਂ ? ਮਿਹਨਤ ਨਹੀਂ ਕਰਨੀ ਪੈਂਦੀ ? ਛੋਟਾ ਵੱਡਾ ਕੰਮ ਨਹੀਂ ਕਰਨਾ ਪੈਂਦਾ ? ਖੂਨ ਸਫੇਦ ਨਹੀਂ ਹੁੰਦੇ ?
7. ਸਰਕਾਰਾਂ ਦੀ ਘੱਟ ਤੇ ਸੰਸਕਾਰਾਂ ਦੀ ਜ਼ਿਆਦਾ ਲੋੜ ਹੈ ਪੰਜਾਬ ਨੂੰ।
8. ਅੱਜ ਬੱਚੇ ਨਹੀਂ, ਮਾਪੇ ਜਾਣਾ ਚਾਹੁੰਦੇ ਨੇ ਵਿਦੇਸ਼।
9. ਪੰਜਾਬ ਦਾ ਸੋਹਣਾ ਸਾਕਾਰਾਤਮਕ ਪੱਖ ਪੇਸ਼ ਕਰੋ।
10. ਇਸੇ ਪੰਜਾਬ ਦੇ ਮਾਹੌਲ ਵਿੱਚ ਹੀ ਰਹਿ ਕੇ, ਪ੍ਰਧਾਨ ਮੰਤਰੀ, ਓਲੰਪੀਅਨ, ਸਟਾਰ ਤੱਕ ਬਣੇ ਲੋਕਾਂ ਬਾਰੇ ਲਿਖੋ। ਜੋ ਵੀ ਤੁਹਾਡੇ ਦਿਲ ਦੇ ਨੇੜੇ ਅਹਿਸਾਸ ਹੈ ਇਸ ਮੁਹਿੰਮ ਦੇ ਹੱਕ ਵਿੱਚ ਜ਼ਰੂਰ ਲਿਖੋ।
ਇਹ ਕਲਮ ਦਾ ਹੁਨਰ, ਜੋ ਪੰਜਾਬ ਦੀ ਧਰਤੀ ਨੇ ਤੁਹਾਨੂੰ ਬਖਸ਼ਿਆ ਹੈ - ਅੱਜ ਇਸਦੀ ਸਹੀ ਵਰਤੋਂ ਕਰ - ਅਖਬਾਰਾਂ, ਰਸਾਲਿਆਂ, ਸੋਸ਼ਲ ਮੀਡਿਆ ਪੇਜਾਂ ਤੇ ਆਪਣੇ ਵਿਚਾਰ ਰੱਖੋ। ਪੰਜਾਬ ਵਿੱਚ ਨੁਕਸ ਕੱਢਣ ਵਾਲੀਆਂ ਕਲਮਾਂ ਨਹੀਂ, ਅੱਜ ਪੰਜਾਬ ਦੇ ਹੱਕ ਵਿੱਚ ਖਲੋਣ ਵਾਲੀਆਂ ਕਲਮਾਂ ਬਣੋ। ਮੇਰੀ ਹਰ ਲੇਖਕ ਨੂੰ ਅਪੀਲ ਹੈ।
ਇਸ ਲਹਿਰ ਨੂੰ ਹੋਰ ਹੁੰਗਾਰਾ ਦਿਓ। ਇਹ ਪੰਜਾਬ ਨੂੰ ਚੁਣਨ ਵਾਲੇ ਪੰਜਾਬੀਆਂ ਦੀ ਲਹਿਰ ਹੈ। ਪੰਜਾਬ ਦਾ ਚੰਗਾ ਪੱਖ ਪੇਸ਼ ਕਰੋ। ਇਸ ਧਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ।
ਆਪਣੇ ਲੇਖ ਮੈਨੂੰ ਜ਼ਰੂਰ ਭੇਜੋ। #ReverseMigration #PRpunjab #MandeepKaurTangra hashtag ਦੀ ਜ਼ਰੂਰ ਵਰਤੋਂ ਕਰੋ।
ਬਹੁਤ ਬਹੁਤ ਸਾਰੀਆਂ ਦੁਆਵਾਂ।
- ਮਨਦੀਪ ਕੌਰ ਟਾਂਗਰਾ
26 ਅਪ੍ਰੈਲ 2023
ਸਾਡੇ ਸੋਹਣੇ ਪੰਜਾਬ ਦੇ ਆਪਣੇ Digital/Web ਮੀਡੀਆ ਨੂੰ ਖ਼ਾਸ ਅਪੀਲ
ਕੋਈ ਵੀ ਮੁਹਿੰਮ ਮੀਡੀਆ ਦੇ ਭਰਭੂਰ ਸਾਥ ਬਿਨ੍ਹਾਂ ਅਧੂਰੀ ਹੈ। ਮੇਰੀ ਹਰ ਮੀਡੀਆ web/tv ਚੈਨਲ ਨੂੰ ਨਿਮਰ ਬੇਨਤੀ ਹੈ ਹੇਠਲੇ ਲਿਖੇ ਵਿਸ਼ਿਆਂ ਨੂੰ ਜ਼ਰੂਰ ਕਵਰ ਕਰੋਃ
1. ਵਤਨ ਵਾਪਸੀ ( Reverse Migration ) : ਇਸ ਮੁਹਿੰਮ ਅਧੀਨ ਵਿੱਚ ਉਹਨਾਂ ਪੰਜਾਬੀਆਂ ਦੀ ਇੰਟਰਵਊ ਕਰੋ ਜੋ ਵਿਦੇਸ਼ ਜਾ ਕੇ ਆਏ ਹਨ ਅਤੇ ਹੁਣ ਪੰਜਾਬ ਵਾਪਸੀ ਦਾ ਮਨ ਬਣਾ ਲਿਆ ਹੈ। ਉਹਨਾਂ ਦਾ ਸਫ਼ਲ ਕਾਰੋਬਾਰ, ਘਰ ਹੁਣ ਪੰਜਾਬ ਹੀ ਹੈ।
2. PR Punjab : ਇਸ ਮੁਹਿੰਮ ਅਧੀਨ ਉਹਨਾਂ ਪੰਜਾਬੀਆਂ ਨੂੰ ਕਵਰ ਕੀਤਾ ਜਾਵੇ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਵਿਦੇਸ਼ ਜਾਣ ਬਾਰੇ ਅਤੇ ਪੱਕੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹਨ। ਇੱਥੇ ਸਫ਼ਲ ਕਾਰੋਬਾਰ, ਨੌਕਰੀ ਕਰ ਰਹੇ ਹਨ। ਉਹ ਵੀ ਜਾ ਸਕਦੇ ਸਨ ਵਿਦੇਸ਼ ਪਰ ਉਹਨਾਂ ਨੇ ਕਦੇ ਚੁਣਿਆ ਹੀ ਨਹੀਂ।
ਪੰਜਾਬ ਦਾ ਸਾਕਾਰਾਤਮਕ ਪੱਖ ਪੇਸ਼ ਕਰਨ ਵਿੱਚ ਤੁਹਾਡੇ ਦਿਲੋਂ ਸਾਥ ਦੀ ਲੋੜ ਹੈ।
ਇਸ ਲਹਿਰ ਨੂੰ ਹੋਰ ਹੁੰਗਾਰਾ ਦਿਓ।
ਆਪਣੀਆਂ ਵੀਡੀਓ ਮੈਨੂੰ ਜ਼ਰੂਰ ਭੇਜੋ। #ReverseMigration #PRpunjab #MandeepKaurTangra hashtag ਦੀ ਜ਼ਰੂਰ ਵਰਤੋਂ ਕਰੋ।
ਬਹੁਤ ਬਹੁਤ ਸਾਰੀਆਂ ਦੁਆਵਾਂ।
- ਮਨਦੀਪ ਕੌਰ ਟਾਂਗਰਾ
24 ਅਪ੍ਰੈਲ 2023
ਹੁਣ “ਵਤਨ ਵਾਪਸੀ” ਦੀ ਗੱਲ ਕਰੋ। ਘਰ ਘਰ ਕਨੇਡਾ ਕਨੇਡਾ ਕਰਨ ਦਾ ਵਕਤ ਨਹੀਂ ਰਿਹਾ ਹੁਣ। ਪੰਜਾਬ ਉੱਠ ਗਿਆ ਹੈ। ਪੰਜਾਬੀਆਂ ਦਾ ਦਿਲ “ਪੰਜਾਬ” ਵੱਸਦਾ। ਬਹੁਤ ਸਾਰੇ ਮੁੜ ਆਉਣਗੇ ਤੇ ਬਹੁਤ ਸਾਰੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹੋਣ ਤੇ ਹਮੇਸ਼ਾਂ ਮਾਣ ਕਰਨਗੇ। ਇੱਥੇ ਸਾਡੇ ਆਪਣੇ ਘਰ, ਆਪਣੇ ਲੋਕ, ਰੋਟੀ ਤੋਂ ਨਹੀਂ ਮਰਦੇ ਅਸੀਂ।
“Reverse Migration” ਦੀ ਜ਼ੋਰਾਂ ਨਾਲ ਪੰਜਾਬ ਵਿੱਚ ਮੁਹਿੰਮ ਚੱਲੇਗੀ। ਹਰ ਪਾਸੇ ਚਰਚੇ ਹੋਣਗੇ ਕਿ ਹੁਣ ਅਸੀਂ ਆਪਣੇ ਦੇਸ਼ ਵਾਪਿਸ ਆ ਕੇ ਕਾਰੋਬਾਰ ਕਰਾਂਗੇ, ਇੱਥੇ ਰੁਜ਼ਗਾਰ ਦੇਵਾਂਗੇ। ਇੱਥੇ ਚੰਗਾ ਰੁਜ਼ਗਾਰ ਦੇਵਾਂਗੇ, ਦੇਸ਼ ਵਿਦੇਸ਼ ਦਾ ਕੰਮ ਪੰਜਾਬ ਤੋਂ ਕਰਾਂਗੇ। ਬਹੁਤ ਮਿਹਨਤ ਕਰਾਂਗੇ।
ਪੱਕੀ PR ਪੰਜਾਬ ਦੀ ਰੱਖਾਂਗੇ। ਸਾਡੇ ਮਨ ਖ਼ਿਆਲ ਵੀ ਨਹੀਂ ਆਉਂਦਾ ਵਿਦੇਸ਼ ਦੀ PR ਦਾ। ਅਸੀਂ ਡਾਲਰ India ਨਹੀਂ, ਰੁਪਈਏ ਵਿਦੇਸ਼ਾਂ ਵਿੱਚ ਜਾ ਕੇ ਖ਼ਰਚਾਂਗੇ। ਮਾਂ ਬਾਪ ਦੀ, ਆਪਣੇ ਪਿੰਡਾਂ ਦੀ ਸੇਵਾ ਕਰਾਂਗੇ। ਅਸੀਂ ਪੰਜਾਬ ਵਿੱਚ ਰਹਿ ਕੇ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਕੰਮ ਨੂੰ ਵੱਡਾ ਛੋਟਾ ਨਹੀਂ ਸਮਝਾਂਗੇ।
ਆਪਣੀਆਂ ਕਮੀਆਂ ਨੂੰ ਜਾਣਦੇ ਹੋਏ ਅੱਗੇ ਵੱਧਦੇ ਰਹਾਂਗੇ.. ਸਾਡਾ ਪੰਜਾਬ ਹੈ।
ਇਸ ਮੁਹਿੰਮ ਤੇ ਲਿਖਦੇ ਰਹੋ, ਚਰਚਾ ਜਾਰੀ ਰੱਖੋ, ਗਾਣੇ ਫਿਲਮਾਂ ਬਣਾਓ। ਘਰ ਘਰ ਦਾ ਵਤਨ ਵਾਪਸੀ ਵਿਸ਼ਾ ਬਣਾਓ।
ਪਰਿਵਾਰ ਜੋੜੋ, ਪੰਜਾਬ ਜੋੜੋ।
ਓਥੇ ਰਹੋ ਜਿੱਥੇ ਦਿਲ ਹੈ, ਰੂਹ ਹੈ, ਮਾਂ ਬਾਪ ਹਨ।
ਭਾਵੇਂ ਪੰਜਾਬ ਭਾਵੇਂ ਅਮਰੀਕਾ।
ਜਿਸਨੇ ਕਸੂਰ ਹੀ ਕੱਢੀ ਜਾਣੇ ਹਨ, ਜਿਸ ਦਾ ਦਿਲ ਹੀ ਨਹੀਂ ਪੰਜਾਬ ਉਹ ਕਦੇ ਨਾ ਚੁਣੇ ਪੰਜਾਬ।
- ਮਨਦੀਪ ਕੌਰ ਟਾਂਗਰਾ
20 ਅਪ੍ਰੈਲ 2023
ਮੇਰੇ ਪਿਤਾ ਜਦ ਤੇਲ ਵਾਲਾ ਛੋਟਾ ਕੋਹਲੂ ਚਲਾਉਂਦੇ ਸਨ ਤੇ ਤੋਰੀਏ ਦੀ ਕੁੜੱਤਣ ਬੜੀ ਅੱਖਾਂ ਨੂੰ ਲੱਗਦੀ ਸੀ। ਮੈਂ ਛੋਟਾ ਬੱਚਾ ਸੀ, ਇੰਝ ਲੱਗਦਾ ਪਿਤਾ ਰੋ ਰਹੇ ਹਨ ਤੇ ਉਹਨਾਂ ਨੇ ਦੱਸਣਾ ਕੁੜੱਤਣ ਨਾਲ ਪਾਣੀ ਨਿਕਲਦਾ ਅੱਖਾਂ ਵਿਚੋਂ, ਇੰਝ ਤੇ ਸਾਫ਼ ਹੋ ਜਾਂਦੀਆਂ ਤੇ ਬਾਅਦ ਵਿੱਚ ਅੱਖਾਂ ਹੋਰ ਸੋਹਣੀਆਂ ਹੋ ਜਾਂਦੀਆਂ।
ਜ਼ਿੰਦਗੀ ਵਿੱਚ ਕਈ ਵਾਕਿਆ ਕੁੜੱਤਣ ਭਰੇ ਹੋ ਜਾਂਦੇ ਹਨ। ਮੇਰੇ, ਜੇ ਅੱਖਾਂ ਵਿੱਚੋਂ ਹੰਝੂ ਬਦੋ ਬਦੀ ਛਲਕਣ, ਤੇ ਮੈਂ ਤੇ ਝੱਟ ਮਨ ਠੀਕ ਕਰਕੇ ਪਿਤਾ ਦੀ ਗੱਲ ਯਾਦ ਕਰਕੇ ਖੁਸ਼ੀ ਦਾ ਅਹਿਸਾਸ ਕਰਦੀ ਹਾਂ, ਕਿ ਹੋਰ ਸੋਹਣੀਆਂ ਹੋ ਰਹੀਆਂ ਅੱਖਾਂ। ਇਹ ਕੁੜੱਤਣਾਂ ਚਲਦੀਆਂ ਰਹਿਣੀਆਂ... ਖੁਸ਼ ਰਹੋ।
ਸੋਹਣੀਆਂ ਅੱਖਾਂ ਵਾਲੀਆਂ ਧੀਆਂ ਬਣੋ।
ਸੋਹਣੀਆਂ ਅੱਖਾਂ ਵਾਲੇ ਪੁੱਤ ਬਣੋ।
- ਮਨਦੀਪ ਕੌਰ ਟਾਂਗਰਾ
20 ਅਪ੍ਰੈਲ 2023
ਅੱਡੀਆਂ ਵਿੱਚ ਲੋਹੇ ਦੀ ਕੈਂਕਰ ਫੱਸ ਜਾਣ ਤੇ ਪੂਰੀ ਅੰਦਰ ਧੱਸ ਜਾਣ ਤੇ ਅਗਲੇ ਦਿਨ ਜਦ ਪਿਤਾ ਨੂੰ ਕੰਮ ਤੇ ਦੇਖਦੀ ਸੀ, ਅੱਜ ਸੋਚਦੀ ਹਾਂ ਗੋਲੀ ਨਹੀਂ ਵੱਜੀ ਮੈਨੂੰ ਜੋ ਆਲਸ ਦਿਖਾਵਾਂ ਕੰਮ ਕਰਨ ਲੱਗੇ।
ਪਿਤਾ ਨੂੰ ਰੋਜ਼ ਚਾਰ ਵਜੇ ਉਠਦੇ ਦੇਖਦੀ ਹਾਂ ਤੇ ਸੋਚਦੀ ਹਾਂ, ਪੰਜ ਵਜੇ ਤੋਂ ਹੀ ਘਟੋ ਘੱਟ ਦਿਨ ਸ਼ੁਰੂ ਕਰ ਲਵਾਂ।
ਪਿਤਾ ਦਾ ਪੂਰਾ ਹੱਕ ਮੇਰੇ ਤੇ, ਪਰ ਕਦੀ ਮੈਨੂੰ ਗੁੱਸੇ ਨਹੀਂ ਹੋਏ, ਸੋਚਦੀ ਹਾਂ ਮਾਂ ਨਾਲ ਗੁੱਸਾ ਕਰਨ ਲੱਗੇ ਸੋਚ ਲਿਆ ਕਰਾਂ।
ਪਿਤਾ ਨੇ ਕਦੀ ਕੁੱਝ ਨਹੀਂ ਮੰਗਿਆ ਆਪਣੇ ਲਈ, ਸੰਸਕਾਰਾਂ ਨਾਲ, ਕਿਰਤ ਕਮਾਈ ਨਾਲ "ਮਨਦੀਪ ਕੌਰ ਟਾਂਗਰਾ" ਬਣਾ ਦਿੱਤੀ ਹੈ, ਸੋਚਦੀ ਹਾਂ ਇਹਨਾਂ ਸੰਸਕਾਰਾਂ ਨਾਲ ਹੀ, ਕਿਰਤ ਨਾਲ ਹੀ, ਆਪਣੇ ਦਮ ਤੇ ਹੀ ਇੱਕ ਸਫ਼ਲ ਕਾਰੋਬਾਰ ਕਿਉਂ ਨਹੀਂ ?
ਰੂੰ ਪਿੰਜਦੇ ਸਾਰੀ ਉਮਰ ਘੱਟੇ ਤੋਂ ਬੱਚਦੇ ਗਰਮੀ ਸਰਦੀ ਮੂੰਹ ਬੰਨੀ ਰੱਖਣਾ, ਸਾਹ ਰੋਕ ਰੋਕ ਸਾਡੇ ਲਈ ਕਮਾਇਆ ਪਿਤਾ ਨੇ ਤੇ ਸੋਚਦੀ ਹਾਂ ਸਾਨੂੰ ਅੱਜ ਠੰਡੇ ਦਫ਼ਤਰਾਂ ਵਿੱਚ ਮਿਹਨਤ ਕਰਨ ਲੱਗੇ ਕਿਹੜੇ ਗ਼ਮ ਲੱਗ ਜਾਂਦੇ ਹਨ ?
ਮੈਂ ਆਪਣੇ ਟੀਚੇ ਵਿੱਚ ਸਫ਼ਲ ਹੋਈ ਨਹੀਂ ਹੋਈ, ਪਰ ਮੇਰੇ ਪਿਤਾ ਸਾਨੂੰ ਬਣਾ ਕੇ ਬਿਲਕੁਲ ਸੰਤੁਸ਼ਟੀ ਦੀ ਸੀਮਾ ਪਾਰ ਕਰ ਚੁਕੇ ਹਨ।
ਜ਼ਿੰਦਗੀ ਵਿੱਚ ਸਿੱਖਿਆਵਾਂ ਲੈਣ ਬਾਹਰ ਨਹੀਂ ਜਾਣਾ ਪੈਂਦਾ, ਮਾਂ ਬਾਪ ਦੀ ਜ਼ਿੰਦਗੀ ਨੂੰ ਨਜ਼ਦੀਕ ਤੋਂ ਦੇਖ ਕੇ ਜੇ 1% ਵੀ ਅਪਣਾ ਲਓ, ਬਹੁਤ ਹੈ। ਵਿਰਾਸਤ ਵਿੱਚ ਕਾਰੋਬਾਰਾਂ ਨੂੰ ਹੀ ਨਹੀਂ, ਪਹਿਲਾਂ ਪੁਸ਼ਤੈਨੀ ਸੰਸਕਾਰਾਂ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ।
ਮੇਰੀ ਸਿਰਫ਼ ਇਹ ਅਰਦਾਸ ਕਿ ਮੈਨੂੰ ਥੋੜ੍ਹਾ ਬਹੁਤ ਹੀ ਪਾਪਾ ਵਰਗਾ ਬਣਾ ਦੇ ਰੱਬਾ।
- ਮਨਦੀਪ ਕੌਰ ਟਾਂਗਰਾ
17 ਅਪ੍ਰੈਲ 2023
The Team Behind!
ਮਿਹਨਤੀ, ਵਫ਼ਾਦਾਰ ਅਤੇ ਵਚਨਬੱਧ ਟੀਮ। ਕੰਪਨੀ ਨੂੰ 130 ਤੱਕ ਲੈ ਕੇ ਆਉਣ ਵਾਲੇ। ਜਿੰਨ੍ਹਾਂ ਨੂੰ ਲੱਖ ਜ਼ੋਰ ਲਾ ਕੇ ਕੋਈ ਬਈਮਾਨ ਨਹੀਂ ਬਣਾ ਸਕਿਆ।
ਇਹ ਉਹ ਹਨ ਜੋ ਵਕਤ ਨਾਲ 1300 ਤੇ 13000 ਦੀ ਟੀਮ ਬਣਾਉਣਗੇ।
ਮਿਹਨਤ ਦਾ ਤੇ ਚੰਗੇ ਸੰਸਕਾਰਾਂ ਦਾ ਕੋਈ ਤੋੜ ਨਹੀਂ। ਕਿਰਤ ਨੂੰ ਉੱਤਮ ਦਰਜਾ ਦੇਣ ਵਾਲੇ ਅੱਜ ਦੇ ਪੰਜਾਬ ਦੀ ਨੌਜਵਾਨ ਪੀੜ੍ਹੀ। ਪਿੰਡਾਂ ਤੋਂ ਉੱਠੇ ਪੰਜਾਬੀ .. ਦਿਨ ਰਾਤ ਇੱਕ ਕਰ, ਜੋ ਦੇਸ਼ ਵਿਦੇਸ਼ ਦਾ ਕੰਮ ਕਰ ਰਹੇ.. ਮਾਂ ਬਾਪ ਦੀ ਬੁੱਕਲ਼ ਵਿੱਚ ਰਹਿ ਕੇ..
ਪੰਜਾਬ ਨੂੰ ਸਮਰਪਿਤ, ਪੰਜਾਬ ਵਿੱਚ ਚੰਗਾ ਰੁਜ਼ਗਾਰ ਪੈਦਾ ਕਰਨ ਵਾਲੇ ਨੌਜਵਾਨ।
- ਮਨਦੀਪ
15 ਅਪ੍ਰੈਲ 2023
ਸ਼ਹਿਰਾਂ ਤੋਂ ਪਿੰਡ ਆਉਂਦੇ ਹਨ, ਨੌਕਰੀ ਕਰਨ ਬੱਚੇ। ਪਿੰਡ, ਸਿਰਫ਼ ਪਿੰਡ ਵਾਲਿਆਂ ਨੂੰ ਹੀ ਨਹੀਂ, ਸ਼ਹਿਰ ਦੇ ਬੱਚਿਆਂ ਨੂੰ ਵੀ ਦੇ ਰਿਹਾ ਹੈ ਰੁਜ਼ਗਾਰ।
ਪੰਜਾਬ ਦੇ ਪਿੰਡਾਂ ਦੀ ਤਾਕਤ ਦਾ ਨਾ ਮੁਕਾਬਲਾ ਹੈ, ਨਾ ਅੰਦਾਜ਼ਾ ਹੀ ਲੱਗ ਸਕਦਾ ਹੈ। ਭੋਲ਼ੇ ਹੋ ਸਕਦੇ ਹਨ, ਪਰ ਬੇਈਮਾਨ ਲੋਕ ਨਹੀਂ।
ਮਿਹਨਤੀ ਨੌਜਵਾਨ, ਕਿਰਤੀ ਨੌਜਵਾਨ ਬਣਦੇ ਹਨ .. ਐਸੀ ਮਿੱਟੀ ਹੈ ਮੇਰੇ ਪੰਜਾਬ ਦੀ।
ਨੌਕਰੀਆਂ ਦੇਣ ਵਾਲਾ ਪੰਜਾਬ ਬਣੇਗਾ, ਸਿਰਫ਼ ਲੈਣ ਵਾਲਾ ਨਹੀਂ। ਅਸੀਂ ਛੋਟੇ ਛੋਟੇ ਕੰਮ ਵੀ ਹੁਣ ਮਾਣ ਨਾਲ ਕਰਾਂਗੇ। ਕਿਰਤੀ ਬਣਾਂਗੇ। ਸਾਲਾਂ ਦੇ ਸਬਰ ਨਾਲ ਅੱਗੇ ਵੱਧਦੇ ਜਾਵਾਂਗੇ।
- ਮਨਦੀਪ ਕੌਰ ਟਾਂਗਰਾ
15 ਅਪ੍ਰੈਲ 2023
ਮਾਂ ਆਪਣੇ ਟੋਪਸਾਂ ਦੀ ਕੋਲੀ ਵੀ ਸਾਂਭ ਸਾਂਭ ਰੱਖਦੀ ਹੈ। ਕੁੜੀ ਦੇ ਜਦ ਵਿਆਹ ਦੇ ਗਹਿਣੇ ਬਣਨਗੇ, ਕੰਮ ਆਊ। ਸੋਨਾ ਬਣਾ ਬਣਾ, ਪਾਉਣਾ ਵੀ ਨਾ, ਕਿ ਗਵਾਚ ਜਾਵੇਗਾ। ਤੇ ਜੇ ਕਿਤੇ ਡਿੱਗ ਗਿਆ, ਸੋਨਾ ਗਵਾਚ ਗਿਆ ਤੇ ਵਾਹ ਲਾ ਦੇਣੀ ਲੱਭਣ ਵਿੱਚ, ਜਾਂ ਦੁੱਖ ਮਨਾਈ ਜਾਣਾ। ਹਾਸਾ ਆਉਂਦਾ ਮੈਨੂੰ, ਜੇ ਕਦੇ ਗਵਾਚ ਜਾਣਾ ਮੇਰੇ ਪਿਤਾ ਨੂੰ ਗੁੱਸਾ ਵੀ ਨਾ ਆਉਣਾ। ਮਾਂ ਦਾ ਮੂਡ ਠੀਕ ਕਰਨ ਤੇ ਜ਼ੋਰ ਲਾਉਣਾ। ਸੋਚਦੀ ਹਾਂ ਪਾਪਾ ਵੀ ਇੱਕ ਬੋਰੀ ਹੋਰ ਚੁੱਕ, ਇੱਕ ਬੋਰੀ ਹੋਰ ਚੁੱਕ, ਆਪਣੇ ਆਪ ਨੂੰ ਕਹਿੰਦੇ ਹੋਣਗੇ ਕਿ ਕੁੜੀ ਦੇ ਹੁਣ ਕੰਨਾਂ ਵਾਲੇ ਝੁਮਕੇ ਬਣਨਗੇ, ਮਾਂ ਨੇ ਕੰਨੀ ਗੱਲ ਪਾਈ ਹੋਵੇਗੀ।
ਕਈਆਂ ਦਾ ਕਸੂਰ ਕੋਈ ਨਹੀਂ ਹੁੰਦਾ, ਕਸੂਰ ਹੀ ਇਹੀ ਹੁੰਦਾ ਕਿ ਆਮ ਘਰਾਂ ਦੇ ਲੋਕ ਹੁੰਦੇ ਹਨ। ਗ਼ਰੀਬੀ ਵਿੱਚ ਸੋਚਾਂ ਵਿੱਚ ਪੈ ਜਾਂਦੇ, ਸੋਨਾ ਬਣਾਈਏ ਕਿ ਕੁੜੀ ਨੂੰ ਪੜ੍ਹਾਈਏ। ਮੇਰੇ ਮਾਂ ਬਾਪ ਨੇ ਪੜ੍ਹਾਉਣਾ ਚੁਣਿਆ, ਮੈਂ MBA ਦੀ ਪੜ੍ਹਾਈ ਵਿੱਚ ਪਹਿਲਾ ਦਰਜਾ ਲਿਆ, 3-3 ਪਰਸੈਂਟ ਵਿਆਜ਼ ਤੇ ਪੈਸੇ ਲੈ ਕੇ ਵੀ ਪੜ੍ਹਾਇਆ ਬਾਪ ਨੇ, ਪਰ ਕਦੀ ਬੇਈਮਾਨੀ ਦੀ ਕਮਾਈ ਨਹੀਂ ਲਾਈ ਆਪਣੇ ਬੱਚਿਆਂ ਤੇ। ਬਾਪ ਪਿਆਰ ਕਰਦੇ ਧੀਆਂ ਨੂੰ, ਮੈਨੂੰ ਮੇਰੇ ਪਿਤਾ ਨੇ ਪਿਆਰ ਤੇ “ਸਤਿਕਾਰ” ਵੀ ਖ਼ੂਬ ਦਿੱਤਾ।
ਮੈਨੂੰ ਝਾਂਜਰਾਂ ਦਾ ਬਹੁਤ ਸ਼ੋਂਕ ਸੀ। ਕਿਓਂ ਕਿ ਪੰਜਾਬੀ ਜੁੱਤੀ ਬਹੁਤ ਪਾਉਂਦੀ ਸੀ ਤੇ ਉਸ ਨਾਲ ਸੱਜਦੀਆਂ ਬਹੁਤ ਸਨ। ਮੈਂ ਤੇ ਪੰਜਾਬੀ ਜੁੱਤੀ ਨੂੰ ਵੀ ਘੁੰਗਰੂ ਲਵਾ ਕੇ ਰੱਖਣ ਵਾਲੀ ਕੁੜੀ ਸੀ। ਅੱਜ ਵੀ ਯਾਦ ਮੈਨੂੰ, ਜਦ ਮਾਂ ਨਾਲ ਵਿਆਹ ਦੀ ਤਿਆਰੀ ਵੇਲੇ ਝਾਂਜਰਾਂ ਲੈਣ ਗੁਰੂਬਜ਼ਾਰ ਗਈ, ਮਾਂ ਨੇ ਐਸੀ ਦੁਕਾਨ ਚੁਣੀ - ਬਹੁਤ ਵੱਡੀ ਤੇ ਸਾਰਾ ਚਾਂਦੀ ਦੇ ਕਾਰੋਬਾਰ ਦੀ। ਮੈਂ ਸਭ ਤੋਂ ਭਾਰੀਆਂ, ਸਭ ਤੋਂ ਸੋਹਣੀਆਂ ਝਾਂਜਰਾਂ ਲਈਆਂ, ਓਦੋਂ 10 ਸਾਲ ਪਹਿਲਾਂ 11-12 ਹਜ਼ਾਰ ਦੀਆਂ ਸਨ। ਮਾਂ ਨੂੰ ਵੀ ਲੱਗਾ ਸੋਨਾ ਅੱਗ ਤੇ ਭਾਅ ਚਾਹੇ ਮਨਪਸੰਦ ਦਾ ਨਾ ਲੈ ਸਕੀਏ, ਚਾਂਦੀ ਦੀਆਂ ਝਾਂਜਰਾਂ ਸਭ ਤੋਂ ਸੋਹਣੀਆਂ ਲੈ ਦਿਆਂ। ਮਾਂ ਨੇ ਲੈ ਦਿੱਤੀਆਂ।
ਸ਼ਹਿਰ ਦੀ ਚੰਗੀ ਦੁਕਾਨ ਤੋਂ ਆਪਣੀ ਜੇਬ ਮੁਤਾਬਿਕ, ਸੋਨੇ ਦੇ ਸੈੱਟ ਵੀ ਲੈ ਦਿੱਤੇ, ਚੂੜੀ ਮੁੰਦਰੀ ਜੋ ਜੋ ਮਾਂ ਨੂੰ ਲੱਗਦਾ ਸੀ ਸਭ ਲੈ ਦਿੱਤਾ ਮੈਨੂੰ। ਮੇਰੇ ਵਿਆਹ ਤੇ ਆਪਣਾ ਸਭ ਨਿੱਕ-ਸੁੱਕ ਸੋਨਾ ਵੇਚ ਦਿੱਤਾ ਮਾਂ ਨੇ। ਕਿਓਂ ਕਿ ਐਸੇ ਵੇਲੇ ਲਈ ਹੀ ਹਰ ਮਾਂ ਨੇ ਜੋੜਿਆ ਹੁੰਦਾ। ਬਹੁਤ ਵੱਡਾ ਦਿਲ ਹੁੰਦਾ ਮਾਂ ਬਾਪ ਦਾ। ਏਨਾ ਤੇ ਮਾਂ ਨੂੰ ਅੱਜ ਤੱਕ ਮੈਂ ਨਹੀਂ ਦਿੱਤਾ ਬਣਾ ਕੇ।
ਮੇਰੇ ਵਿਆਹ ਦੇ ਕੁਝ ਦਿਨ ਬਾਅਦ ਹੀ, ਜੋ ਵੀ ਸੋਨਾ ਸਹੁਰੇ ਪਰਿਵਾਰ ਦੇ ਕਹਿਣ ਤੇ ਸਭ ਬੈਂਕ ਜਮਾ ਕਰਵਾ ਦਿੱਤਾ। ਕਈ ਵਾਰ ਪੈਸੇ ਦੀ ਬਹੁਤ ਤੰਗੀ ਹੁੰਦੀ, ਮੇਰੇ ਸਾਥੀ ਵੱਲੋਂ ਵੀ ਨਾਂਹ ਹੁੰਦੀ ਤੇ ਮੈਂ ਰੋ ਕੇ ਕਹਿਣਾ, ਇਹੀ ਦੇ ਦਿਓ ਮੈਨੂੰ। ਉਸਨੂੰ ਲੱਗਦਾ ਸੀ ਮੈਂ ਵੇਚ ਦਵਾਂਗੀ ਜੋ ਸੱਚ ਸੀ, ਤੇ ਉਸਨੇ ਕਹਿਣਾ ਨਹੀਂ। ਮੈਂ ਸਾਰੀ ਉਮਰ 1 ਗ੍ਰਾਮ ਸੋਨਾ ਨਹੀਂ ਬਣਾਇਆ ਵਿਆਹ ਤੋਂ ਬਾਅਦ, ਉਸਨੂੰ ਲੱਗਦਾ ਸੀ ਤੰਗ ਹੋਏਗੀ ਤੇ ਵਰਤ ਲਏਗੀ। ਮੈਨੂੰ ਲੱਗਦਾ ਸੀ ਤੰਗੀ ਵਿੱਚ ਹੀ ਵਰਤਨ ਨੂੰ ਹੁੰਦਾ।
ਕਚਹਿਰੀ ਵਿੱਚ ਜਦ ਅਖੀਰਲੀ ਤਾਰੀਕ ਸੀ, ਜੋ ਮੇਰੇ ਕੋਲ ਸੀ, ਵਿਆਹ ਵਾਲੀ ਮੁੰਦਰੀ, ਮੰਗਣੀ ਵਾਲਾ ਛੱਲਾ, ਤੇ ਇੱਕ ਟੋਪਸ, ਮੈਂ ਕਿਹਾ ਰੱਖ ਲਓ। ਤੇ ਜੋ ਮੇਰੇ ਮਾਂ ਪਿਓ ਨੇ ਦਿੱਤਾ ਉਹ ਵੀ। ਪਤੀ ਦੀ ਜਗ੍ਹਾ, ਮਾਪੇ ਸਨ, ਅਖੀਰ ਉਹ ਵੀ ਕਹਿੰਦੇ - ਆਪੇ ਆ ਕੇ ਆਪਣਾ ਲੈ ਜਾਈਂ।
ਮੇਰੇ ਅੰਦਰ ਜਿਵੇਂ ਰੂੰ ਜਿਹੀ ਰੂਹ ਨੇ ਜ਼ੋਰਦਾਰ ਧਮਾਕਾ ਕੀਤਾ ਹੋਵੇ - ਤੇ ਅਵਾਜ਼ ਆਈ - ਨਹੀਂ ਚਾਹੀਦਾ !
ਮੇਰੇ ਮਾਂ ਬਾਪ ਦਾ ਹੁਣ ਇਹ ਕਹਿਣਾ ਹੈ -
“ਸੋਨਾ ਨਹੀਂ ਬਣਾਇਆ ਅਸੀਂ, ਸੋਨੇ ਵਰਗੀ ਕੁੜੀ ਬਣਾਈ ਹੈ।”
ਸੋਨੇ ਵਰਗੀਆਂ ਮਿਹਨਤੀ ਕੁੜੀਆਂ ਬਣੋ ਤੇ ਬਣਾਓ। ਸੋਨੇ ਵਰਗੀਆਂ ਕੁੜੀਆਂ ਦੇ ਕਿਰਦਾਰ, ਕਿਸੇ ਪੈਸੇ ਤੇ ਸੋਨੇ ਨਾਲ ਤੁਲ ਨਹੀਂ ਸਕਦੇ!
ਮਾਂ ਨਾਲ ਜਾ ਕੇ, ਫੇਰ ਲਵਾਂਗੀ ਝਾਂਜਰਾਂ ! ਬੈਂਕ ਵਿੱਚ ਰੱਖਣ ਲਈ ਨਹੀਂ ਪੈਰਾਂ ਦੇ ਸ਼ਿੰਗਾਰ ਲਈ…
ਮਾਂ ਮਨਾ ਕਰਦੀ ਲਿਖਣ ਨੂੰ, ਪਰ ਲਿਖਣਾ ਹੀ ਮਲ੍ਹਮ ਜਿਹਾ ਲੱਗਦਾ।
- ਮਨਦੀਪ ਕੌਰ ਟਾਂਗਰਾ
15 ਅਪ੍ਰੈਲ 2023
ਚਾਰ ਕਰੋੜ ਦੇ ਲੈਣ ਦੇਣ ਤੋਂ ਸ਼ੁਰੂ ਕਰਨਾ ਬਹੁਤ ਔਖਾ ਹੈ ਮੇਰੇ ਲਈ.. ਸਿਫ਼ਰ ਤੋਂ ਸ਼ੁਰੂ ਕਰਨਾ ਬਹੁਤ ਸੌਖਾ। ਇਸ ਲਈ ਅਖੀਰਲੇ ਦਿਨ ਮੈਂ ਕਿਹਾ ਸੀ ਜੱਜ ਸਾਹਮਣੇ ਕਿ ਸੰਪਤੀਆਂ ਵੀ ਤੇਰੀਆਂ, ਜਾਇਦਾਦ ਵੀ ਤੇਰੀ, ਲੈਣਦਾਰੀਆਂ ਵੀ, ਇਹ ਬਿਨ੍ਹਾਂ ਗੱਲ ਦਾ ਬੋਝ ਮੇਰਾ ਨਹੀਂ, ਨਾ ਮੈਂ ਲੈ ਸਕਦੀ ਇੰਨਾਂ ਬੋਝ। ਇਹ ਕਰਜ਼ ਦੇਣਦਾਰੀਆਂ ਮੇਰੇ ਕੱਲੇ ਦੀਆਂ ਨਹੀਂ। ਇਹ ਕਾਰੋਬਾਰ ਸੰਪਤੀਆਂ ਵੀ ਮੇਰੇ ਕੱਲੇ ਦਾ ਨਹੀਂ।
ਸੱਟ ਹੋਰ ਗੁੱਝੀ ਹੋ ਗਈ ਸੀ, ਜਦ ਮੇਰੇ ਹੁੰਦਿਆਂ ਵੱਖਰੇ ਹੋਣ ਤੋਂ ਪਹਿਲਾਂ ਹੀ ਮੇਰੇ ਸਾਥੀ ਨੇ ਇੱਕ ਹੋਰ ਕੰਪਨੀ ਬਣਾ ਦਿੱਤੀ। ਇੱਕੋ ਥਾਲ਼ੀ ਵਿੱਚ ਰੋਟੀ ਖਾਂਦਿਆਂ ਮੈਨੂੰ ਨਹੀਂ ਪਤਾ ਲੱਗਾ ਇਹ ਵੀ ਹੋ ਰਿਹਾ ਹੈ। ਗ੍ਰਾਹਕ ਵੀ ਹਿੱਲੇ, ਟੀਮ ਵੀ। ਸਗੋਂ ਬੁਰੇ ਹਲਾਤ ਬਣ ਗਏ।
ਇਹ ਕੰਪਨੀ ਦੇ ਜਦ ਬੈਂਕ ਅਕਾਉੰਟ ਦੇਖੋ, ਮੇਰੇ ਪਾਪਾ ਨੇ ਆਪਣਾ ਘਰ ਤੇ ਚੱਕੀ ਵੀ ਗਿਰਵੀ ਰੱਖ ਦਿੱਤੀ ਦੋ ਜਾਣਿਆਂ ਦਾ ਸੁਪਨਾ ਪੂਰਾ ਕਰਦੇ। ਕਿਆ ਬੇਵਕੂਫ਼ ਬਣੇ ਅਸੀਂ। ਫੇਰ ਵੀ ਅਖੀਰ ਵੇਲੇ ਮੇਰੀ ਕੋਈ ਮੰਗ ਨਹੀਂ। ਨਿੱਜੀ ਤੇ ਸਹਿ ਲਿਆ, ਆਪਣੇ ਨਾਲ ਖਾਣ ਪੀਣ ਸੌਣ ਵਾਲੇ ਬੰਦੇ ਦਾ ਕਿਰਤ ਵਿੱਚ ਛੱਲ ਵੀ ਬਰਦਾਸ਼ ਕਰਨਾ, ਮੇਰੇ ਲਈ ਰੋਜ਼ ਪੀੜਾ ਹੈ। ਜਦ ਕਿ ਜੋ ਮੇਰਾ ਹੈ ਸਭ ਉਸਦਾ ਵੀ ਹੈ।
ਬਹੁਤ ਲੋਕ, ਮੇਰੇ ਕਰੀਬੀ, ਮੇਰੇ ਘਰਦੇ ਅੱਜ ਵੀ ਸਭ ਨਰਾਜ਼ ਮੇਰੇ ਤੋਂ, ਤੂੰ ਕੁੱਝ ਨਹੀਂ ਕਿਹਾ। ਜਿਸਨੂੰ ਮੈਂ ਪਿਆਰ ਕੀਤਾ ਹੋਵੇ, ਓਸੇ ਬੰਦੇ ਨੂੰ ਸਬਕ ਸਿਖਾਉਣਾ ਮੇਰੀ ਫ਼ਿਤਰਤ ਨਹੀਂ। “ ਭਰੋਸਾ “ ਕੀ ਹੁੰਦਾ ਹੈ ਮੈਨੂੰ ਹੁਣ ਸਮਝ ਨਹੀਂ।
ਹੁਣ, ਇਸ ਕਾਰੋਬਾਰ ਨੂੰ ਇਮਾਨਦਾਰੀ ਨਾਲ ਚੋਟੀ ਦਾ ਸਫ਼ਲ ਬਣਾਉਣਾ, ਦੁਨੀਆਂ ਦੇ ਕੋਨੇ ਕੋਨੇ ਤੱਕ ਲੈ ਕੇ ਜਾਣਾ ਅਤੇ ਸਦਾ ਸੁਕੂਨ ਵਿੱਚ ਰਹਿਣ ਦਾ ਮੈਂ ਦ੍ਰਿੜ ਫ਼ੈਸਲਾ ਲਿਆ।
ਝੂਠਾਂ ਦੀ ਪੰਡ ਚੁੱਕ ਕੇ ਨਹੀਂ ਜ਼ਿੰਮੇਵਾਰੀਆਂ ਦੀ ਪੰਡ ਚੁੱਕ ਮੰਜ਼ਲਾਂ ਸਰ ਹੁੰਦੀਆਂ। ਰੱਬ ਹੁੰਦਾ.. ਵਹਿੰਮ ਪਾਲ ਰੱਖੇ ਹਨ ਕਿ ਕੋਈ ਨਹੀਂ ਦੇਖਦਾ ਇੱਥੇ।
- ਮਨਦੀਪ ਕੌਰ ਟਾਂਗਰਾ
14 ਅਪ੍ਰੈਲ 2023
100/100 - ਮੈਂ ਸਿਰਫ਼ ਦਿਲੋਂ ਲਿਖਦੀ ਹਾਂ ਕਿਸੇ ਦੇ ਕਹਿਣ ਤੇ ਨਹੀਂ।
ਜੀਅ ਕਰਦਾ ਹੈ ਸੌਂਹ ਪਵਾ ਦਿਆਂ, ਹਰ ਪੰਜਾਬੀ ਨੂੰ " ਚੱਲ ਜਿੰਦੀਏ " ਫ਼ਿਲਮ ਜ਼ਰੂਰ ਦੇਖਣ। ਜਿਸ ਦਰਦ ਨੂੰ ਮੈਂ ਖ਼ੁਦ ਦਿਨ ਰਾਤ ਜਿਊਂਦੀ ਹਾਂ, ਜੋ ਪੰਜਾਬ ਨੂੰ " ਵਤਨ ਵਾਪਸੀ - Reverse Migration” ਦਾ ਸੁਨੇਹਾ ਦੇਣ ਲਈ ਮੈਂ ਹਰ ਸਾਹ ਕੋਸ਼ਿਸ਼ ਕਰਦੀ ਹਾਂ, ਉਸ ਵਿਸ਼ੇ ਤੇ ਇਹ ਫ਼ਿਲਮ ਬਹੁਤ ਬਾਖੂਬੀ, ਇੱਕ ਝਲਕ ਹੈ। ਐਸੀਆਂ ਫ਼ਿਲਮਾਂ ਹੰਝੂ ਪੂੰਝਦੀਆਂ ਹਨ। ਇੱਦਾਂ ਲੱਗਦਾ ਕੋਈ ਮੈਨੂੰ ਪਿਆਰ ਨਾਲ ਕਹਿ ਰਿਹਾ ਹੈ “ਤੂੰ ਵੀ ਠੀਕ ਏ”।
" ਜਗਦੀਪ ਸਿੰਘ ਵੜਿੰਗ " ਨੇ ਇਸ ਫ਼ਿਲਮ ਨੂੰ ਕਿਆ ਖ਼ੂਬ ਲਿਖਿਆ ਹੈ, ਜਿਵੇਂ ਮੇਰੇ ਵਰਗੇ ਦੀ ਰੂਹ ਲਿਖ ਦਿੱਤੀ ਹੋਵੇ। ਇਸ ਵਿਸ਼ੇ ਤੇ ਚਾਹੇ 100 ਹੋਰ ਫ਼ਿਲਮਾਂ ਬਣਾ ਲਓ ਏਨਾ ਦਰਦ ਛੁਪਿਆ ਹੈ। ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਕਰਨ ਦਾ ਇਹ ਇੱਕੋ ਇੱਕ ਹੱਲ ਹੈ। ਇਹ ਵਿਸ਼ਾ ਬਹੁਤ ਸੰਜੀਦਾ ਹੈ। ਇਸ ਵਿਸ਼ੇ ਤੇ ਸਿਰਫ਼ ਕੁਲਵਿੰਦਰ ਬਿੱਲਾ,ਉਦੇਪ੍ਰਤਾਪ ਸਿੰਘ, ਹੈਰੀ ਕਾਹਲੋਂ, ਸੰਤੋਸ਼ ਸੁਭਾਸ਼, ਨੀਰੂ ਬਾਜਵਾ ਹੀ ਨਹੀਂ, ਹਰ ਡਾਇਰੈਕਟਰ, ਪ੍ਰੋਡਿਊਸਰ, ਐਕਟਰ, ਸਿੰਗਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵਤਨ ਵਾਪਸੀ - Reverse Migration ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਰਕਾਰ ਨੂੰ ਇਸ ਵਿਸ਼ੇ ਤੇ ਭਾਰੀ ਸਬਸਿਡੀ ਦੇਣੀ ਚਾਹੀਦੀ ਹੈ।
ਮੈਨੂੰ ਬਹੁਤ ਮਾਣ ਹੈ ਨੀਰੂ ਬਾਜਵਾ ਤੇ, ਜੋ ਖ਼ੁਦ ਕੈਨੇਡਾ ਦੀ ਧਰਤੀ ਤੇ ਜੰਮੇ ਪਲੇ , ਪਰ ਪੰਜਾਬ ਦਾ ਦਰਦ ਸਮਝਦੇ। ਇਸ ਗੱਲ ਨੂੰ ਸਮਝਦੇ ਕਿ ਮੁੜ NRI ਦਾ ਪੰਜਾਬ ਨਾਲ ਜੁੜਨਾ ਅਤੇ ਪੰਜਾਬੀਆਂ ਦਾ ਪੰਜਾਬ ਵਿੱਚ ਰਹਿਣਾ ਅੱਜ ਦੇ ਸਮੇਂ ਦੀ ਲੋੜ ਹੈ। ਐਸੀਆਂ ਫ਼ਿਲਮਾਂ ਲਈ ਮੇਰੇ ਵਰਗੇ ਪੰਜਾਬੀ ਸਾਰੀ ਟੀਮ ਨੂੰ ਸਦਾ ਦੁਆਵਾਂ ਦੇਣਗੇ।
ਅਜੇ ਬਹੁਤ ਕੰਮ ਬਾਕੀ ਨੇ। ਇਸ ਵਿਸ਼ੇ ਦੇ ਹਜ਼ਾਰਾਂ ਪਹਿਲੂ ਦੱਸਣੇ ਬਾਕੀ ਨੇ। ਕਿਵੇਂ ਧੀਆਂ ਨੂੰ ਬਾਪ ਪਾਲਦੇ ਪੜ੍ਹਾਉਂਦੇ ਧੇਲੀ ਧੇਲੀ ਜੋੜ ਕੇ, ਤੇ ਕਿਵੇਂ ਬਾਹਰ ਦਾ ਸੱਭਿਆਚਾਰ ਓਥੋਂ ਦੀ ਸੋਚ ਇਥੇ ਉਡੀਕਦੀਆਂ ਧੀਆਂ ਦੇ ਘਰ ਤਬਾਹ ਕਰਦੀ ਹੈ। ਕਿਵੇਂ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਧੋਖਾ ਦੇਂਦੇ ਤੇ ਘਰਦੇ ਇਸ ਚੱਕੀ ਵਿੱਚ ਪਿਸਦੇ ਹਨ। … ਅਤੇ ਹੋਰ ਬਹੁਤ ਕੁੱਝ।
ਫ਼ਿਲਮ ਪੇਸ਼ ਕਰਦੀ ਹੈ - ਪਿੰਡਾਂ ਵਿੱਚ ਪੁੱਤਾਂ ਲਈ ਤਰਸਦੀਆਂ ਮਾਵਾਂ, ਡੋਲੀ ਚੜ੍ਹਨ ਵੇਲੇ ਭਰਾਵਾਂ ਨੂੰ ਤਰਸਦੀਆਂ ਭੈਣਾਂ, ਤੇ ਮਰ ਕੇ ਵੀ ਬੱਚਿਆਂ ਨੂੰ ਤਰਸਦੇ ਬੇਜਾਨ ਮਾਪੇ।
ਬਾਹਰਲੇ ਮੁਲਕਾਂ ਦਾ ਸੱਚ, ਤਰੱਕੀ ਪਾ ਕੇ ਵੀ ਪੰਜਾਬੀ ਪੰਜਾਬ ਵਿੱਚ ਹੀ ਆਖਰੀ ਸਾਹ ਲੈਣਾ ਚਾਹੁੰਦਾ ਹੈ, ਤੇ ਮਹਿਸੂਸ ਕਰਦਾ ਹੈ ਕਿ ਵੱਡੇ ਰੈਸਟੋਰੈਂਟ ਨਾਲੋਂ ਕਿਤੇ ਢਾਬਾ ਖੋਲ੍ਹਿਆ ਚੰਗਾ ਸੀ। ਆਪਣੀ ਪੱਗ ਦੀ ਪੂਣੀ ਲਈ ਘਰੋਂ ਹੀ ਬੰਦੇ ਲੱਭਦੇ ਫਿਰਦੇ ਹਾਂ ਅਸੀਂ।
ਗੁਰਪ੍ਰੀਤ ਘੁੱਗੀ ਜੀ ਦੀ ਅਦਾਕਾਰੀ ਦੇਖਣਾ ਸੁਕੂਨ ਹੈ। " ਸਨ ਓਫ ਮਨਜੀਤ ਸਿੰਘ " ਫ਼ਿਲਮ ਵਾਂਗ ਇਸ ਫ਼ਿਲਮ ਦੇ ਅਸਲ ਹੀਰੋ " ਗੁਰਪ੍ਰੀਤ ਘੁੱਗੀ " ਹਨ। ਇਹ ਇੱਕ ਸੀਨੀਅਰ ਐਕਟਰ ਲਈ ਮਾਣ ਵਾਲੀ ਗੱਲ ਹੈ, ਟੀਮ ਆਪਣੀ ਅਜਿਹੀ ਸੋਚ ਲਈ ਵਧਾਈ ਦੀ ਪਾਤਰ ਹੈ।
ਇਥੋਂ ਗਏ ਪੰਜਾਬੀ ਸੰਸਕਾਰਾਂ ਭਰਪੂਰ ਦਿਖਾਏ ਗਏ, ਜਿਵੇਂ ਕੁਲਵਿੰਦਰ ਬਿੱਲਾ ਨੇ ਆਪਣਾ ਖਾਣਾ ਦੂਜੇ ਅੰਗਰੇਜ਼ ਨੂੰ ਦੇ ਦਿੱਤਾ, ਨੀਰੂ ਬਾਜਵਾ ਨੇ ਅਣਖ ਰੱਖੀ ਅਤੇ ਬਾਹਰਲੇ ਸੱਭਿਆਚਾਰ ਅੱਗੇ ਹਾਰ ਨਹੀਂ ਮੰਨੀ।
ਪੱਗ ਵਾਲਿਆਂ ਦੀ ਪਹਿਚਾਣ " ਭਰੋਸੇ " ਵਜੋਂ ਕਰਵਾਉਂਦੀ ਹੈ ਇਹ ਫ਼ਿਲਮ। ਪੈਸਾ ਬੰਦੇ ਦੀ ਥਾਂ ਨਹੀਂ ਲੈ ਸਕਦਾ ਇਹ ਸਿਖਾਉਂਦੀ ਹੈ ਇਹ ਫ਼ਿਲਮ।
ਟੀਮ ਵੱਲੋਂ, ਕੁਲਵਿੰਦਰ ਬਿੱਲਾ ਤੇ ਅਦਿਤੀ ਦੀ ਆਪਣੇ ਰੋਲ ਮੁਤਾਬਿਕ ਸਭ ਤੋਂ ਬੇਹਤਰੀਨ ਚੋਣ ਰਹੀ। ਗੁਰਪ੍ਰੀਤ ਘੁੱਗੀ ਜੀ ਤੇ ਰੁਪਿੰਦਰ ਰੂਪੀ ਜੀ ਤੇ ਥੰਮ ਹਨ ਪੰਜਾਬੀ ਸਿਨੇਮਾ ਦੇ। ਨੀਰੂ ਬਾਜਵਾ ਨੇ ਹਮੇਸ਼ਾਂ ਦੀ ਤਰ੍ਹਾਂ ਬੇਹਤਰੀਨ ਕੰਮ ਕੀਤਾ। ਜੱਸ ਬਾਜਵਾ, ਮਲਕੀਤ ਰੌਣੀ ਅਤੇ ਹੋਰ ਸਭ ਕਲਾਕਾਰਾਂ ਵਿੱਚੋਂ ਕਿਸੇ ਇੱਕ ਨੂੰ ਕੋਈ ਨੰਬਰ ਘੱਟ ਨਹੀਂ ਦਿੱਤਾ ਜਾ ਸਕਦਾ।
"Swades " " Bhaag Milkha Bhaag " “ਇਹ ਜਨਮ ਤੁਮਹਾਰੇ ਲੇਖੇ” ਤੋਂ ਬਾਅਦ ਇਹ ਮੇਰੀ ਚੌਥੀ ਸਭ ਤੋਂ ਪਸੰਦੀਦਾ ਫ਼ਿਲਮ ਬਣ ਗਈ ਹੈ, ਜਿਸਨੂੰ ਮੈਂ 100 ਵਾਰ ਹੋਰ ਦੇਖ ਸਕਦੀ ਹਾਂ। ਇਹ ਕੋਈ ਕਹਾਣੀ ਨਹੀਂ, 100% ਸੱਚਾਈ ਹੈ।
ਗਾਣੇ ਬਾਕਮਾਲ…. ਉਡੀਕ ਰਹੇਗੀ " ਚੱਲ ਜਿੰਦੀਏ -2 ਦੀ । ਕੁਲਵਿੰਦਰ ਬਿੱਲਾ ਦਾ ਗਾਇਆ 11-12 ਸਾਲ ਪਹਿਲਾਂ ਗਾਣਾ “ਮੇਰਾ ਦੇਸ ਹੋਵੇ ਪੰਜਾਬ" ਆਉਣ ਵਾਲੀ ਫ਼ਿਲਮ ਵਿੱਚ ਕਿਸੇ ਰੂਪ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਫ਼ਿਲਮ, ਕੁਲਵਿੰਦਰ ਬਿੱਲਾ ਦੇ “ਪੰਜਾਬ” ਗਾਣੇ ਦਾ ਅਸਲ ਘਰ ਹੋਵੇਗਾ। ਫ਼ਿਲਮ ਦੀ ਟੀਮ ਮੁੜ ਇਹੋ ਰਹੇ ਤੇ ਇਹ “ਮਿਹਨਤ” ਦਾ ਸਤਿਕਾਰ ਹੋਵੇਗਾ।
- ਕੀ ਪਤਾ ਸਾਡੇ ਵਾਲੇ ਵੀ ਮੁੜ ਆਵਣ !
ਕੋਈ ਖ਼ਾਰ ਖਾਣ ਵਾਲੇ ਦਾ ਹੀ ਜ਼ਮੀਰ ਇਸ ਫ਼ਿਲਮ ਦੀ ਨਿੰਦਾ ਕਰ ਸਕਦਾ ਹੈ। ਹਰ ਇੱਕ ਪੰਜਾਬੀ ਬੱਚੇ ਤੋਂ ਬਜ਼ੁਰਗ ਦੇ ਦੇਖਣ ਵਾਲੀ ਸੱਚਾਈ ਹੈ। Must Watch!
- ਮਨਦੀਪ ਕੌਰ ਟਾਂਗਰਾ
13 ਅਪ੍ਰੈਲ 2023
#ਭੰਗੜਾ ਵੈਸੇ ਤੇ ਮੈਂ ਖ਼ੁਦ ਬੜੀ ਸੋਹਲ ਜਿਹੀ ਹਾਂ, ਬਚਪਨ ਤੋਂ ਕਾਲਜ ਤੱਕ ਤੇ ਘਰ ਵਿੱਚ ਵੀ ਖੇਡਾਂ ਦਾ ਕੋਈ ਖ਼ਾਸ ਮਾਹੌਲ ਨਹੀਂ ਰਿਹਾ। ਜਦ ਹੋਸ਼ ਪੂਰੀ ਆਈ ਤੇ ਸਵੇਰ ਦੀ ਸੈਰ ਲਗਾਤਾਰ ਹੋ ਗਈ। ਮੈਂ ਦੇਖਿਆ ਪੰਜਾਬ ਵਿੱਚ ਯੋਗਾ ਨੂੰ ਲੋਕ ਅਤੇ ਸਰਕਾਰ ਖ਼ੂਬ ਹੱਲ੍ਹਾਸ਼ੇਰੀ ਦੇ ਰਹੀ ਹੈ। ਅਤੇ ਤਕਰੀਬਨ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਿਹਾ।
ਜ਼ਹਿਨ ਵਿੱਚ ਇਹ ਖ਼ਿਆਲ ਆਉਂਦਾ ਹੈ, ਅੱਜ ਦੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਲਈ " ਭੰਗੜੇ ਦੀਆਂ ਕਲਾਸਾਂ " ਨੂੰ ਵੀ ਉਤਸ਼ਾਹ ਦੇਣਾ ਚਾਹੀਦਾ। ਨਾ ਸਿਰਫ਼ ਨੌਜਵਾਨਾਂ ਨੂੰ ਬਲਕਿ ਸਰਕਾਰ ਨੂੰ ਵੀ ਪੁਰਜ਼ੋਰ ਕੰਪੇਨ ਚਲਾਉਣੀ ਚਾਹੀਦੀ। ਜਿਵੇਂ ਅਸੀਂ ਦੇਸ਼ ਵਿਚੋਂ, ਦਿੱਲੀ ਵਿਚੋਂ ਬਣੀ ਬਣਾਈ ਸਕੀਮ ਇਥੇ ਕਾਪੀ ਕਰਦੇ ਰਹਿੰਦੇ ਹਾਂ, ਕਿਓਂ ਨਾ ਹਰ ਮਾਡਲ ਖ਼ੁਦ ਦਾ ਪੰਜਾਬੀ ਰੁਝਾਨ ਵਾਲਾ ਪੇਸ਼ ਕਰੀਏ। ਦੂਜੇ ਪ੍ਰਾਂਤ ਇਹਨੂੰ ਕਾਪੀ ਕਰਨ। ਅਸੀਂ ਖ਼ੁਦ ਪਹਿਲ ਕਰੀਏ। ਪੰਜਾਬ ਨੂੰ ਪੰਜਾਬ ਵਰਗੇ ਸੁਝਾਅ ਦੇਣ ਦੀ ਕੋਸ਼ਿਸ਼ ਕਰੀਏ।
ਇੰਝ ਸਾਡਾ ਸੱਭਿਆਚਾਰ ਵੀ ਪ੍ਰਚਲਤ ਹੁੰਦਾ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਦਾ ਹੈ । ਇਥੇ ਇਕੱਲੇ ਯੋਗਾ ਸਿਖਾਉਣ ਵਾਲਿਆਂ ਨੂੰ ਸਰਕਾਰ ਰੁਜ਼ਗਾਰ ਦੇ ਰਹੀ ਹੈ ਜਿਹੜੇ ਪੰਜਾਬ ਵਿੱਚ ਲੱਭਣੇ ਔਖੇ ਹਨ, ਹਾਲਾਂਕਿ ਉਹ ਵੀ ਜ਼ਰੂਰੀ ਹਨ, ਖ਼ਾਸ ਕਰ ਵੱਡੀ ਉਮਰ ਵਾਲਿਆਂ ਲਈ ਬਹੁਤ ਲਾਹੇਵੰਦ ਹੈ। ਪਰ, ਭੰਗੜਾ ਸਿਖਾਉਣ ਵਾਲੇ ਟ੍ਰੇਨਰਾਂ ਨੂੰ ਵੀ ਨੌਕਰੀ ਦਿਓ, ਪੰਜਾਬ ਵਿੱਚ ਆਮ ਨੇ, ਅਤੇ ਬੱਚੇ ਅਤੇ ਨੌਜਵਾਨ ਖੁਸ਼ ਅਤੇ ਸਿਹਤਮੰਦ ਰਹਿਣਗੇ। ਸਾਡੇ “ਭੰਗੜਾ ਟ੍ਰੇਨਰਾਂ” ਦੀ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿਦੇਸ਼ ਵਿੱਚ ਮੰਗ ਹੋਵੇ। ਕਸਰਤ ਵੀ, ਮਨੋਰੰਜਨ ਵੀ, ਰੁਜ਼ਗਾਰ ਵੀ। ਨਵੀਂ ਲਹਿਰ ਦਾ ਆਗਾਜ਼ ਕਰੋ।
- ਮਨਦੀਪ ਕੌਰ ਟਾਂਗਰਾ
12 ਅਪ੍ਰੈਲ 2023
ਬਹੁਤ ਵਾਰ ਅਸੀਂ ਇਹ ਸੋਚਦੇ ਹਾਂ ਮੈਂ ਇਕੱਲਾ ਕੁੱਝ ਨਹੀਂ ਕਰ ਸਕਦਾ, ਜਾਂ ਕਰ ਪਾ ਰਿਹਾ। ਮੈਨੂੰ ਮਦਦ ਦੀ ਲੋੜ ਹੈ।
ਜ਼ਿੰਦਗੀ ਵਿੱਚ ਪਹਿਲਾਂ ਆਪਣੀ ਮਦਦ ਆਪ ਕਰਨ ਦੀ ਲੋੜ ਹੈ। ਮੈਂ ਸਵੇਰੇ ਜਲਦੀ ਉੱਠਣ ਵਿੱਚ ਆਪਣੀ ਮਦਦ ਨਹੀਂ ਕਰ ਰਹੀ, ਸੈਰ ਕਰਨ ਲਈ ਮੇਰੇ ਵਿੱਚ ਆਲਸ ਹੈ, ਮੈਂ ਚੰਗੀ ਕੋਈ ਕਿਤਾਬ ਪੜ੍ਹਨ ਵਿੱਚ ਆਪਣੀ ਮਦਦ ਨਹੀਂ ਕਰ ਰਹੀ ਤੇ ਇਹ ਕਿੰਝ ਸੰਭਵ ਹੈ ਕਿ ਮੇਰੇ ਕਾਰੋਬਾਰ ਵਿੱਚ, ਜਾਂ ਜ਼ਿੰਦਗੀ ਦੀਆਂ ਚੁਣੌਤੀਆਂ ਵਿੱਚ ਕੋਈ ਮਦਦ ਕਰਨ ਲਈ ਸੰਜੀਦਾ ਮੇਰੇ ਨਾਲ ਜੁੜ ਜਾਵੇਗਾ। ਨਹੀਂ ਇਹ ਸੰਭਵ ਨਹੀਂ।
ਮਿਹਨਤੀ ਅਤੇ ਜ਼ਿੰਦਗੀ ਪ੍ਰਤੀ ਸੋਚਵਾਨ ਵਿਅਕਤੀ ਹੀ ਕਿਸੇ ਦੀ ਮਦਦ ਲੈ ਸਕਦਾ ਹੈ। ਕਹਿੰਦੇ ਹਨ ਨਾ, ਰੱਬ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ।
ਮੈਂ ਆਪਣੀ ਜ਼ਿੰਦਗੀ ਦੇ ਸਫਰ ਤੋਂ ਸੋਚਦੀ ਹਾਂ, ਮੁਕੰਮਲ ਮਦਦ ਤੇ ਕੁੱਝ ਵੀ ਨਹੀਂ ਹੁੰਦਾ, ਨਾ ਤੁਹਾਡੀ ਕੋਈ ਕਰ ਸਕਦਾ ਹੈ। ਸਭ ਦੀ ਆਪਣੀ ਜ਼ਿੰਦਗੀ ਹੈ, ਆਪਣੇ ਸੁਪਨੇ ਹਨ। ਕੋਈ ਥੋੜ੍ਹਾ ਜ਼ਿਆਦਾ ਵਕਤ ਤੇ ਦੇ ਸਕਦਾ ਹੈ ਪਰ ਸ਼ੁਰੂਆਤ ਅਤੇ ਸਫ਼ਰ ਨੂੰ ਮੁਕੰਮਲ ਸਾਨੂੰ ਆਪ ਹੀ ਕਰਨਾ ਹੈ।
ਕਿਸੇ ਦੀ ਆਸ ਤੇ ਜ਼ਿੰਦਗੀ ਨੂੰ ਜਿਊਣਾ ਵਿਅਰਥ ਹੈ, ਆਪਣੀ ਆਸ ਆਪ ਬਣੋ !
-ਮਨਦੀਪ ਕੌਰ ਟਾਂਗਰਾ
11 ਅਪ੍ਰੈਲ 2023
ਕੁੱਝ ਲੋਕ ਜ਼ਿੰਦਗੀ ਵਿੱਚ ਰੰਗ ਭਰਨ ਆਉਂਦੇ ਹਨ ਤੇ ਕੁੱਝ ਰੰਗੋਂ ਬੇਰੰਗ ਕਰਨ। ਜੋ ਖੁਸ਼ੀਆਂ ਦੇ ਰਹੇ ਹੁੰਦੇ, ਰੰਗ ਭਰ ਰਹੇ ਹੁੰਦੇ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਬਲੀਦਾਨ ਕਰ ਰਹੇ ਹੁੰਦੇ ਹਨ। ਵਕਤ ਦਾ, ਪੈਸੇ ਦਾ, ਆਪਣੇ ਸੁਪਨਿਆਂ ਦਾ, ਨਿੱਜੀ ਲੋੜਾਂ ਦਾ।
ਪਰ ਜੋ ਰੰਗ ਖੋਹ ਰਹੇ ਨੇ, ਬੇਰੰਗ ਕਰ ਰਹੇ ਹਨ, ਤੁਹਾਡੇ ਤੋਂ ਖ਼ੁਦ ਖੁਸ਼ ਹੋਣ ਲਈ ਤੁਹਾਡਾ ਵਕਤ, ਤੁਹਾਡੇ ਪੈਸੇ, ਤੁਹਾਡੀ ਸ਼ਾਂਤੀ ਦਾ ਬਲੀਦਾਨ ਕਰਵਾ ਰਹੇ ਹੁੰਦੇ ਹਨ। ਇਹ ਲੋਕ ਤੁਹਾਨੂੰ ਅਸਲ ਨਿਰਸਵਾਰਥ ਅਤੇ ਮਜ਼ਬੂਤ ਬਣਾਉਂਦੇ ਹਨ।
ਹਾਰਦੇ ਅਸੀਂ ਓਦੋਂ ਹਾਂ, ਜਦ ਅਸੀਂ ਹਾਰਨ ਤੋਂ ਬਾਅਦ ਉੱਠਦੇ ਨਹੀਂ, ਆਪਣੇ ਤੇ ਇਹ ਵਿਸ਼ਵਾਸ ਨਹੀਂ ਕਰਦੇ ਕਿ ਘੁੱਪ ਹਨ੍ਹੇਰੀ ਰਾਤ ਤੋਂ ਬਾਅਦ ਸੂਰਜ ਚੜ੍ਹਦਾ ਹੈ। ਹੱਡੀ ਵਿੱਚ ਗੋਲੀ ਲੱਗਣ ਤੋਂ ਬਾਅਦ ਵੀ ਇੱਕ ਦਿਨ ਠੀਕ ਹੋ ਕੇ ਭੱਜਿਆ ਜਾ ਸਕਦਾ ਹੈ। ਮਾਨਸਿਕ ਹਾਲਾਤ ਵੀ ਇੰਝ ਹੀ ਹੁੰਦੇ ਹਨ, ਜਿੰਨੇ ਮਰਜ਼ੀ ਉਦਾਸ ਹੋਵੋ, ਫਿਰ ਹੱਸਦੇ ਰਹਿਣਾ ਸੰਭਵ ਹੈ। ਜੇ ਅਸੀਂ ਖੁਸ਼ ਰਹਿਣ ਦਾ ਅਭਿਆਸ ਕਰਦੇ ਰਹਾਂਗੇ ਤੇ ਪਤਾ ਨਹੀਂ ਅਣਜਾਣੇ ਹੀ ਕਿੰਨੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ।
ਸਭ ਦੀ ਜ਼ਿੰਦਗੀ ਵਿੱਚ ਰੰਗ ਭਰਨ ਵਾਲੇ ਬਣੋ।
- ਮਨਦੀਪ ਕੌਰ ਟਾਂਗਰਾ
10 ਅਪ੍ਰੈਲ 2023
ਸੋਚ ਦੇ ਦਾਇਰੇ “ਕਿਰਤ” ਵੱਲ ਘੁਮਾਓ। ਐਸਾ ਕੁੱਝ ਕਰਨ ਬਾਰੇ ਸੋਚੋ, ਜਿਸ ਵਿੱਚ ਮਿਹਨਤ ਅਤੇ ਨੇਕ ਕਮਾਈ ਦੀ ਖੁਸ਼ਬੂ ਹੋਵੇ। ਛੋਟਾ ਕੰਮ ਹੋਵੇ, ਥੋੜ੍ਹਾ ਕੰਮ ਹੋਵੇ ਪਰ ਉਹ ਨੌਕਰੀ ਜਾਂ ਕਾਰੋਬਾਰ ਤੁਹਾਡਾ ਹੋਵੇ। ਅਮੀਰ ਹੋਵੋ ਗਰੀਬ ਹੋਵੋ “ਕਿਰਤ” ਦਾ ਅਨੰਦ ਮਾਣੋ। ਕਿਰਤ ਦੀ ਕਦਰ ਕਰੋ। ਅੱਧੇ ਮਨ ਨਾਲ ਕੰਮ ਕਰੋਗੇ ਤੇ ਅੱਧੇ ਹੀ ਨਤੀਜੇ ਨਿਕਲਣਗੇ। ਮਿਹਨਤ ਕਰੋਗੇ ਤੇ ਬਰਕਤ ਮਿਲੇਗੀ। ਨੇਕ ਕਮਾਈ ਕਰੋਗੇ ਤੇ ਨਾਲ ਨਾਲ ਸੁਕੂਨ ਵੀ ਮਿਲੇਗਾ।
ਆਓ ਕਿਰਤੀ ਪੰਜਾਬ ਬਣੀਏ। ਜਿੱਥੇ ਹਰ ਕਿਸੇ ਕੋਲ ਛੋਟਾ ਵੱਡਾ ਕੰਮ ਹੈ। ਇੱਕ ਦੂਜੇ ਨੂੰ ਕੰਮ ਦੇ ਕੇ, ਕੰਮ ਦਵਾ ਕੇ ਇੱਕ ਦੂਜੇ ਦੀ ਮਦਦ ਕਰੀਏ। ਅੱਜ ਸੋਚੋ, ਮੈਂ ਕਿਹੜਾ ਕੰਮ ਥੋੜ੍ਹੇ ਤੋਂ ਸ਼ੁਰੂ ਕਰ ਸਕਦਾ ਹਾਂ? ਜੇ ਮੈ ਖ਼ੁਦ ਕਾਰੋਬਾਰੀ ਹਾਂ ਤੇ ਮੈਂ ਕਿਸੇ ਦੀ ਕਾਰੋਬਾਰ ਖੋਲ੍ਹਣ ਵਿੱਚ ਕਿਵੇਂ ਜ਼ਰਾ ਕੁ ਮਦਦ ਕਰ ਸਕਦਾ ਹਾਂ? ਜੇ ਮੈਂ ਨੌਕਰੀ ਕਰਦਾ ਹਾਂ ਤੇ ਇੱਕ ਹੋਰ ਵਿਅਕਤੀ ਨੂੰ ਨੌਕਰੀ ਲੱਭਣ ਵਿੱਚ ਕਿਵੇਂ ਮਦਦ ਕਰ ਸਕਦਾ ਹਾਂ?
ਵਕਤ ਨਾ ਗਵਾਈਏ, ਆਪਣਾ ਕੀਮਤੀ ਵਕਤ ਕਿਰਤੀ ਪੰਜਾਬ ਸਿਰਜਣ ਵਿੱਚ ਲਾਈਦੇ।
ਆਪਣੇ ਪੈਰਾਂ ਤੇ ਖੜ੍ਹਾ, ਕਿਰਤੀ ਪੰਜਾਬ ਬਣਾਈਏ।
ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰਨ ਵਾਲੇ ਪੱਕੇ ਪੰਜਾਬੀ ਬਣੀਏ। ਪੰਜਾਬ ਦੀ PR ਵਾਲੇ ਪੰਜਾਬੀ।
- ਮਨਦੀਪ ਕੌਰ ਟਾਂਗਰਾ
10 ਅਪ੍ਰੈਲ 2023
ਔਰਤ ਪਿਆਰ ਦਾ, ਅਪਣੱਤ ਦਾ.. ਸਮੁੰਦਰ ਹੈ। ਉਹ ਵਿਸ਼ਾਲ ਹੈ, ਗਹਿਰੀ ਹੈ ਅਤੇ ਮੁਸਕਰਾਹਟਾਂ ਦੀ ਬਗ਼ੀਚੀ ਹੈ, ਔਰਤ। ਹੰਝੂਆਂ ਸੰਗ ਖਿੜ੍ਹਖਿੜਾਉਣ ਦੀ ਕਲਾ ਹੈ, ਇਸ ਜਹਾਨ ਦੀ ਵਜ੍ਹਾ, ਵਜੂਦ ਹੈ। ਪਿਆਰੀ ਹੈ, ਕੋਮਲ ਤੇ ਨਾਜ਼ੁਕ, ਕਦੇ ਦਲੇਰ ਕਦੇ ਗ਼ੁੱਸਾ! ਸਬਰ ਹੈ, ਸਭ ਕੁੱਝ ਹੀ। ਆਪਣੇ ਆਪ ਵਿੱਚ ਸੰਪੂਰਨ ਹੈ ਔਰਤ।
ਆਪਣੇ ਔਰਤ ਹੋਣ ਤੇ ਜਦ ਮਾਣ ਕਰੋਗੇ, ਕਦੇ ਕਮਜ਼ੋਰ ਨਹੀਂ ਮਹਿਸੂਸ ਕਰੋਗੇ। ਸ਼ੁਕਰ ਕਰੋ, ਮੈਂ ਔਰਤ ਹਾਂ।
09 ਅਪ੍ਰੈਲ 2023
ਕਿਸੇ ਦੇ ਜਾਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ। ਪੱਕੇ ਫੱਲ ਵਾਂਗ ਧੜੰਮ ਕਰ ਜ਼ਮੀਨ ਤੇ ਡਿੱਗਦੀ ਹੈ। ਕਿਸੇ ਹਾਥੀ ਦੇ ਪੈਰ ਵਰਗੀ ਮੁਸੀਬਤ ਦੇ ਭਾਰ ਨਾਲ ਜ਼ਮੀਨ ਵਿੱਚ ਧੱਸ ਜਾਂਦੀ ਹੈ। ਮਿੱਟੀ ਵਿੱਚ ਗਵਾਚ ਜਾਂਦੀ ਹੈ, ਜਿਵੇਂ ਬੀਜ ਬੋਅ ਦਿੱਤਾ ਹੋਵੇ ਕੁਦਰਤ ਨੇ। ਫ਼ੇਰ ਤੋਂ ਪੁੰਗਰਦੀ ਹੈ, ਨਵਾਂ ਬੂਟਾ ਨਵਾਂ ਰੁੱਖ ਬਣਦੀ ਹੈ।
ਨਵਾਂ ਬੂਟਾ ਨਵਾਂ ਰੁੱਖ ਬਣੋ।
03 ਅਪ੍ਰੈਲ 2023
ਕੋਸ਼ਿਸ਼ ਤੇ ਇਹੀ ਹੈ, ਮੇਰੀਆਂ ਵਿਸ਼ਵਾਸ ਨਾਲ ਚਮਕਦੀਆਂ ਅੱਖਾਂ ਵੇਖ ਕੇ ਮਾਪਿਆਂ ਵਿੱਚ ਅਥਾਹ ਹੌਂਸਲਾ, ਜਜ਼ਬਾ ਪੈਦਾ ਹੋਵੇ.. ਕਿ ਬੇਟੀਆਂ ਨੂੰ ਖੂਬ ਪੜ੍ਹਾਉਣਾ ਹੈ। ਇਹ ਔਕੜਾਂ ਸਭ ਪਾਰ ਹੋ ਜਾਂਦੀਆਂ ਹਨ, ਜਦ ਸਾਰੀ ਜਾਨ ਅਸੀਂ ਬੱਚਿਆਂ ਦੀ ਪੜ੍ਹਾਈ ਤੇ ਲਗਾ ਦਿੰਦੇ ਹਾਂ। ਬੇਟੀਆਂ ਦੇ ਲਈ ਸੋਨੇ ਚਾਂਦੀ ਦੀ ਜਗ੍ਹਾ “ਗਿਆਨ ਨੂੰ ਸ਼ਿੰਗਾਰ” ਬਣਾਓ। ਬੇਟੀਆਂ ਲਈ ਦਾਜ ਦੀ ਜਗ੍ਹਾ ਉਸਨੂੰ ਤੋਹਫ਼ੇ ਵਿੱਚ, ਕਾਰੋਬਾਰ ਸਥਾਪਿਤ ਕਰਨ ਵਿੱਚ ਮਦਦ ਕਰੋ। ਬੇਟੀਆਂ ਨੂੰ ਕੋਮਲ ਦੀ ਜਗ੍ਹਾ ਦਿੜ੍ਰ ਬਣਾਓ। ਮੈਂ ਇੱਕਲੀ ਸੋਚ ਦੀ ਚਿਣਗ ਲਗਾ ਸਕਦੀ ਹਾਂ .. ਰੌਸ਼ਨੀ ਅਸੀਂ ਸਭ ਨੇ ਮਿਲ ਕੇ ਕਰਨੀ ਹੈ। ਬੇਟੀਆਂ ਨੂੰ ਇੰਨਾ ਪਿਆਰ ਦਿਓ ਕਿ ਮੇਰੇ ਵਾਂਗ ਉਹਨਾਂ ਦਾ ਦੂਜੇ ਨੰਬਰ ਤੇ ਆਉਣ ਦਾ ਦਿਲ ਨਾ ਕਰੇ ਕਿ ਮਾਂ ਕੀ ਕਹੇਗੀ, ਪਿਤਾ ਲਈ ਅੱਵਲ ਆਉਣਾ ਹੈ। ਅਸਲ ਜਿੱਤ ਪਿਆਰ ਵਿੱਚੋਂ ਉਪਜਦੀ ਹੈ…. ਬੇਟੀਆਂ ਨੂੰ ਆਪਣੀ ਯਕੀਨਨ ਜਿੱਤ ਬਣਾਓ… ਸਸ਼ਕਤ ਬੇਟੀਆਂ ਤੁਹਾਡੀ ਅਸਲ ਜਾਇਦਾਦ ਹਨ। - ਮਨਦੀਪ
02 ਅਪ੍ਰੈਲ 2023
“ਮੈਂ ਗਰਭਵਤੀ ਹਾਂ ਅਤੇ ਮੇਰੀ ਇੱਛਾ ਹੈ ਕਿ ਮੇਰੀ ਕੁੜੀ ਹੋਵੇ ਅਤੇ ਮਨਦੀਪ ਮੈਡਮ ਤੁਹਾਡੇ ਵਰਗੀ” ਕੱਲ ਜਦ ਮੈਂ St. Francis Convent School, Jandiala Guru ਦੇ ਬੱਚਿਆਂ ਅਤੇ ਮਾਪਿਆਂ ਨਾਲ ਵਿਚਾਰ ਸਾਂਝੇ ਕਰ ਸਟੇਜ ਤੋਂ ਉੱਤਰੀ ਤੇ ਇੱਕ ਮਾਂ ਤੋਂ ਇਹ ਸ਼ਬਦ ਸੁਣ ਕੇ ਦੰਗ ਰਹਿ ਗਈ।
ਵੈਸੇ ਮੈਂ ਖ਼ੁਦ ਤੋਂ ਵੀ ਪ੍ਰੇਰਿਤ ਹਾਂ, ਸੋਚਦੀ ਮੈਂ ਵੀ ਇਹੀ ਸੀ ਕਿ ਆਪਣੇ ਵਰਗੀ ਧੀ ਵੇਖਣੀ ਹੈ, ਵੇਖਣਾ ਚਾਹੁੰਦੀ ਹਾਂ ਮੈਂ ਕਿਵੇਂ ਦੀ ਹਾਂ ਕਿ ਸਾਰੇ ਮੈਨੂੰ ਇੰਨਾਂ ਪਿਆਰ ਸਤਿਕਾਰ ਦੇਂਦੇ ਹਨ।
ਐਸੇ ਅਨੁਭਵ ਅਤਿਅੰਤ ਭਾਵੁਕ ਅਤੇ ਉਤਸ਼ਾਹ ਭਰੇ ਹੁੰਦੇ ਹਨ ਮੇਰੇ ਲਈ। ਇੱਕ ਮਾਂ ਦਾ ਧੀ ਹੋਵੇ ਦਾ ਚਾਅ ਦੇਖ ਕੇ, ਦ੍ਰਿੜ੍ਹਤਾ ਦੇਖ ਕੇ, ਮੇਰੀ ਕਹਾਣੀ ਸੁਣਨ ਤੋਂ ਬਾਅਦ ਵੀ ਇਹ ਸੋਚਣਾ ਕਿ ਤੁਹਾਡੇ ਵਰਗੀ ਹੋਵੇ ਇਹ ਸੰਦੇਸ਼ ਹੈ ਕਿ ਔਰਤਾਂ ਦੀ “ਚੁੱਪ ਰਹਿ ਕੇ ਨਾਜਾਇਜ਼ ਸਹਿਣ” ਕਰਨ ਵਾਲੀਆਂ ਧੀਆਂ ਬਣਾਉਣ ਦੀ ਬਰਦਾਸ਼ਤ ਸ਼ਕਤੀ ਦੀ ਹੱਦ ਪਾਰ ਹੋ ਚੁੱਕੀ ਹੈ।
ਜਦ ਮਾਂਵਾਂ ਸੋਚਣ ਲੱਗ ਜਾਣਗੀਆਂ ਕਿ ਆਪਣੇ ਪੈਰਾਂ ਤੇ ਖਲ੍ਹੋਣ ਵਾਲੀਆਂ ਨੂੰਹਾਂ-ਧੀਆਂ ਇਸ ਸਮਾਜ ਨੂੰ ਦੇਣੀਆਂ ਹਨ, ਅੱਗੇ ਵੱਧ ਰਹੀਆਂ ਔਰਤਾਂ ਪ੍ਰਤੀ ਵੀ ਇਹ ਸਮਾਜ ਬਦਲਦਾ ਜਾਏਗਾ।
ਹਜ਼ਾਰਾਂ ਔਰਤਾਂ ਜੋ ਰੋਜ਼ ਮੇਰਾ ਹੌਂਸਲਾ ਵਧਾਉਂਦੀਆਂ ਹਨ, ਸ਼ੁਕਰੀਆ
- ਮਨਦੀਪ ਕੌਰ ਟਾਂਗਰਾ
02 ਅਪ੍ਰੈਲ 2023
ਇਹ ਜੋ ਬਾਹਰ ਜਾਣਾ ਚਾਹੁੰਦੇ ਹਨ, ਇਹਨਾਂ ਨੂੰ ਕਿੰਝ ਰੋਕੋਗੇ???
ਇਹਨਾਂ ਨੂੰ ਰੋਕਾਂਗੇ ਹੀ ਨਹੀਂ। ਮਨ ਮਾਰ ਕੇ ਪੰਜਾਬ ਰਹਿਣ ਵਾਲੀ ਨੌਜਵਾਨ ਪੀੜੀ ਨਹੀਂ, ਇੱਥੇ ਪੂਰਾ ਮਨ ਲਾ ਕੇ ਕਿਰਤ ਕਰਨ ਵਾਲੀ ਨੌਜਵਾਨ ਪੀੜੀ ਦੀ ਲੋੜ ਹੈ ਅੱਜ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ। ਇਸ ਮਿੱਟੀ ਦੀ ਪਰਵਰਿਸ਼ ਤੇ ਵਿਸ਼ਵਾਸ ਕਰਨ ਵਾਲੇ ਨੌਜਵਾਨਾਂ ਦੀ ਲੋੜ ਹੈ। ਨੌਕਰੀਆਂ ਦੀ ਜਗ੍ਹਾ ਛੋਟੇ ਛੋਟੇ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਦੀ ਲੋੜ ਹੈ, ਜੋ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ।
“Reverse Migration (ਵਤਨ ਵਾਪਸੀ) ” ਅਤੇ “ PR Punjab” ਦੀ ਮੁਹਿੰਮ ਸਿਰਫ਼ ਉਹਨਾਂ ਲਈ ਹੈ ਜੋ ਪੰਜਾਬ ਵਿੱਚ ਰਹਿਣ ਨੂੰ ਚੁਣਦੇ ਹਨ। ਉਹਨਾਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਦਾ ਸਾਥ ਦੇਣ ਲਈ ਅਤੇ NRI ਪੰਜਾਬੀਆਂ ਨੂੰ ਇੱਥੇ ਵੀ ਕਾਰੋਬਾਰ ਖੋਲ੍ਹਣ ਲਈ, ਆਪਣੇ ਬੱਚਿਆਂ ਲਈ ਇੱਕ ਘਰ ਇੱਥੇ ਵੀ ਬਣਾਉਣ ਲਈ ਸੋਚ ਰੱਖਣ ਲਈ ਸ਼ੁਰੂ ਕੀਤੀ ਹੈ। ਸਾਡੇ ਭੈਣ ਭਰਾ ਜੋ ਅਗਲੀ ਪੀੜੀ ਵਿਦੇਸ਼ ਵਿੱਚ ਹੈ ਸਾਡੇ ਨਾਲ ਉਹਨਾਂ ਦਾ ਰਾਬਤਾ ਬਣਾਉਣ ਲਈ ਕੀਤੀ ਹੈ। ਜੇ NRI ਬੱਚਿਆਂ ਨੂੰ ਥੋੜ੍ਹੀ ਬਹੁਤੀ ਪੰਜਾਬੀ ਆਉਂਦੀ ਤੇ ਸਾਨੂੰ ਵੀ ਥੋੜ੍ਹੀ ਬਹੁਤ ਅੰਗ੍ਰੇਜ਼ੀ ਆਉਂਦੀ ਹੈ, ਹਰ ਪੰਜਾਬੀ ਦੀ ਜੜ ਪੰਜਾਬ ਵਿੱਚ ਹੋਵੇ, ਮੁੜ ਮੁੜ ਇੱਥੇ ਵੀ ਆਵੇ ਤਾਂ ਸਾਡਾ ਨਿੱਜੀ ਅਤੇ ਕਾਰੋਬਾਰੀ ਤਾਲਮੇਲ ਬੈਠ ਸਕਦਾ ਹੈ।
ਦੁਨੀਆਂ ਵਿੱਚ ਜਿੱਥੇ ਵੀ ਵੱਸਦੇ ਨੇ ਪੰਜਾਬੀ, ਉਹਨਾਂ ਦੀ ਜੜ੍ਹ ਪੱਕੀ ਪੰਜਾਬ ਵਿੱਚ ਹੋਵੇ। ਪੰਜਾਬ ਵਿੱਚ ਸਾਡੀ, ਸਾਡੇ ਪਰਿਵਾਰ ਦੀ, ਸਾਡੇ ਕਾਰੋਬਾਰ ਦੀ ਹੋੰਦ ਅਤੇ ਪਹਿਚਾਣ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ NRI ਪਰਿਵਾਰਾਂ ਤੋਂ ਉਹਨਾਂ ਦੇ ਬੱਚਿਆਂ ਤੋਂ ਟੁੱਟ ਜਾਣਾ ਨਹੀਂ ਮਹਿਸੂਸ ਕਰਨਾ ਚਾਹੁੰਦਾ, ਸਗੋਂ ਡੂੰਘੀ ਪਰਿਵਾਰਕ ਸਾਂਝ ਰੱਖਣਾ ਚਾਹੁੰਦਾ ਹੈ, ਮਿਲਕੇ ਦੁਨੀਆਂ ਦੇ ਕਾਰੋਬਾਰ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਹੈ।
ਸਮੁੱਚੀ ਪੰਜਾਬੀ ਕੌਮ “ਇੱਕ” ਅਤੇ ਆਰਥਿਕ ਤੌਰ ਤੇ ਬਹਿਤਰ ਉਸ ਦਿਨ ਹੋਵੇਗੀ ਜਿਸ ਦਿਨ ਹਰ ਪੰਜਾਬੀ ਦਾ ਇੱਕ ਘਰ ਪੰਜਾਬ ਵਿੱਚ ਵੀ ਹੋਵੇਗਾ ਅਤੇ ਪੰਜਾਬੀਆਂ ਦੀ ਆਪਸ ਵਿੱਚ ਕਾਰੋਬਾਰੀ ਸਾਂਝ ਹੋਵੇਗੀ।
- ਮਨਦੀਪ ਕੌਰ ਟਾਂਗਰਾ
( ਮੇਰੀਆਂ ਲਿਖਤਾਂ ਸਕਾਰਾਤਮਕ ਵਿਚਾਰ ਚਰਚਾ ਅੱਗੇ ਵਧਾਉਣ ਲਈ ਹਨ, ਕਿਸੇ ਨੂੰ ਵੀ ਗਲਤ ਸਹੀ ਠਹਿਰਾਉਣ ਲਈ ਨਹੀਂ)
29 ਮਾਰਚ 2023
ਸ਼ਾਨਦਾਰ ਔਰਤਾਂ ਬੇਰਹਿਮ ਸਥਿਤੀ ਵਿੱਚ ਵੀ ਆਪਣੀ ਦਿਆਲਤਾ ਅਤੇ ਸਲੀਕਾ ਨਹੀਂ ਤਿਆਗਦੀਆਂ। ਜਰ ਜਾਣਾ ਅਤੇ ਮੁਆਫ਼ ਕਰਨਾ ਵੀ ਇੱਕ ਤਾਕਤ ਹੈ। ਆਪਣੇ ਹੱਕ ਲਈ ਓਦੋਂ ਲੜੋ ਜਦ ਜਿੱਤ ਤਹਿ ਨਹੀਂ ਹੈ ਤੁਹਾਡੇ ਅੰਦਰ। ਜਦ ਜਿੱਤ ਤਹਿ ਹੈ, ਤੁਸੀਂ ਬਿਲਕੁੱਲ ਠੀਕ ਹੋ ਆਪਣੀ ਜਗ੍ਹਾ, ਲੜਨ ਵਿੱਚ ਵਕਤ ਬਰਬਾਦ ਨਾ ਕਰੋ, ਮੁਆਫ਼ ਕਰ ਅੱਗੇ ਵਧੋ।
ਕਮਜ਼ੋਰ ਲੋਕ ਲੜਦੇ ਹਨ, ਤਾਕਤਵਰ ਲੋਕ ਮੁਆਫ਼ ਕਰਦੇ ਹਨ। ਜਰ ਕੇ, ਅੱਗੇ ਵੱਧਦੇ ਹਨ। ਲੋਕ ਜੋ ਉਲਝਾ ਕੇ ਤੁਹਾਡਾ ਵਕਤ ਖੋਹਣਾ ਚਾਹੁੰਦੇ ਹਨ ਤੁਹਾਡੇ ਤੋਂ, ਇਸ ਉੱਤੇ ਗ਼ੌਰ ਕਰੋ। ਵਕਤ ਹੀ ਸਭ ਤੋਂ ਕੀਮਤੀ ਹੈ। ਇਸ ਨੂੰ ਪੈਰਾਂ ਤੋਂ ਜੋ ਟਰੱਕ ਲੰਘਾ ਜਾਂਦਾ ਹੈ, ਉਸ ਨੂੰ ਸਜ਼ਾ ਦੇਣ ਵਿੱਚ ਨਾ ਬਰਬਾਦ ਕਰੋ, ਮੁੜ ਉੱਠਣ ਵੱਲ ਆਪਣੀ ਪੂਰੀ ਊਰਜਾ ਲਗਾਓ।
ਰਾਹ ਵਿੱਚ ਆਉਂਦੇ ਪੱਥਰਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਗੁਣ ਪੈਦਾ ਕਰੋ।
ਸ਼ਾਨਦਾਰ ਔਰਤਾਂ ਬਣੋ।
- ਮਨਦੀਪ ਕੌਰ ਟਾਂਗਰਾ
28 ਮਾਰਚ 2023
ਬੰਦਾ ਮਰ ਜਾਂਦਾ ਹੈ, ਪਰ ਪੰਜਾਬ ਲਈ ਖਿੱਚ ਨਹੀਂ ਮਰਦੀ। ਅਖ਼ੀਰ ਸੋਚਦਾ ਮੇਰੇ ਫੁੱਲ ਕੀਰਤਪੁਰ ਸਾਹਿਬ ਹੀ ਪ੍ਰਵਾਹ ਹੋਣ। ਇਹੀ ਅਸਲੀਅਤ ਹੈ। ਦਿਲ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ।
ਲੋਕਾਂ ਨਾਲ ਰੋਜ਼ ਦੀਆਂ ਹੁੰਦੀਆਂ ਗੱਲਾਂ ਤੋਂ ਮੈਂ ਸਮਝਦੀ ਹਾਂ, ਪੰਜਾਬ ਵਿੱਚ ਬੇਰੁਜ਼ਗਾਰੀ, ਪਰਿਵਾਰ ਦੀ ਗਰੀਬੀ ਅਤੇ ਕਈ ਵਾਰ ਡਰ ਦੇ ਮਹੌਲ ਕਾਰਨ ਨੌਜਵਾਨ ਵਿਦੇਸ਼ ਚੁਣਦੇ ਹਨ। ਕਈ ਅਜ਼ਾਦ ਮਹੌਲ, ਆਪਣੇ ਦਮ ਦੇ ਕੁੱਝ ਕਰਨ ਦੀ ਚਾਹ ਵਿੱਚ ਵਿਦੇਸ਼ ਚੁਣਦੇ ਹਨ। ਬਹੁਤੇ ਇੱਕ ਦੂਜੇ ਦੇ ਮਗਰ ਲੱਗ ਜਾਂਦੇ ਹਨ।
ਇਹ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਵਿੱਚੋਂ ਚਲੇ ਗਏ ਪੰਜਾਬੀਆਂ ਨੂੰ ਦੱਸਣਾ ਚਾਹੁੰਦੀ ਹਾਂ, ਕਿ ਬਹਿਤਰੀਨ ਲੋਕਾਂ ਦੇ ਪੱਕੇ ਤੌਰ ਤੇ ਬਾਹਰ ਜਾਣ ਦਾ ਪੰਜਾਬ ਨੁਕਸਾਨ ਭੁਗਤ ਰਿਹਾ ਹੈ। ਸਾਡੇ ਪੰਜਾਬੀ ਹਰ ਦੇਸ਼ ਵਿੱਚ ਹਨ ਇਸ ਤੇ ਸਾਨੂੰ ਮਾਣ ਹੈ। ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਵਿੱਚ ਆਪਣਾ ਹਿੱਸਾ ਪਾਓ ਨਾ ਕਿ ਕਿਸੇ ਦੀ ਹਰ ਵਾਰ ਸਿੱਧੇ ਤੌਰ ਤੇ ਮਦਦ ਕਰਨ ਵਿੱਚ। ਪੰਜਾਬ ਵਿੱਚ ਛੋਟੇ ਛੋਟੇ ਕਾਰੋਬਾਰ ਖੋਲ੍ਹੋ, ਆਪਣੇ ਬੱਚਿਆਂ ਦੀ ਰੁਚੀ ਪੰਜਾਬ ਵਿੱਚ, ਕਾਰੋਬਾਰ ਰਾਹੀਂ ਪੈਦਾ ਕਰੋ। ਆਪਣੇ ਤਜ਼ੁਰਬੇ ਸਾਂਝੇ ਕਰੋ। ਦੋਨੋਂ ਦੇਸ਼ਾਂ ਦੇ ਪੁੱਲ ਬਣੋ।
ਪੰਜਾਬੀਅਤ ਤੋਂ, ਇਸ ਮਿੱਟੀ ਤੋਂ ਦੂਰ ਹੋ ਸਾਡੀ ਆਪਣੀ ਪਹਿਚਾਣ ਫਿੱਕੀ ਪੈਣ ਲੱਗ ਜਾਵੇਗੀ। ਪੰਜਾਬ ਵਿੱਚ ਪ੍ਰਹੁਣੇ ਬਣ ਕੇ ਨਾ ਆਓ, ਪੰਜਾਬ ਸਾਡਾ ਅਸਲ ਘਰ ਹੈ। ਇੱਥੋਂ ਵਿਦੇਸ਼ ਜਾਓ ਅਤੇ ਵਾਰ ਵਾਰ ਇੱਥੇ ਮੁੜ ਕੇ ਆਓ। ਇਸ ਦੇਸ਼ ਦਾ ਵੀ ਆਰਥਿਕ ਪੱਧਰ ਉੱਪਰ ਚੁੱਕਣਾ ਹੈ ਅਸੀਂ। ਤਰਸ ਦੇ ਆਧਾਰ ਤੇ ਨਹੀਂ, ਸਮਾਨਤਾ (equality) ਦੇ ਅਧਾਰ ਤੇ।
ਇੱਥੇ ਪੁਰਖਾਂ ਦੇ ਬਣੇ ਘਰ ਕਦੇ ਨਾ ਵੇਚੋ। ਹਰ ਪੰਜਾਬੀ ਦਾ ਇੱਕ ਘਰ ਤੇ ਇੱਕ ਕਾਰੋਬਾਰ ਪੰਜਾਬ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਹੈ। ਇਹ ਘੁੰਮਣ ਦੀ ਥਾਂ ਨਹੀਂ, ਇਹ ਤੁਹਾਡਾ ਘਰ ਹੈ। ਵਿਦੇਸ਼ ਤੁਸੀਂ ਘੁੰਮ ਰਹੇ ਹੋ, ਰੋਟੀ, ਅਜ਼ਾਦ ਮਹੌਲ, ਪੈਸੇ ਅਤੇ ਤਰੱਕੀ ਤੇ ਚੱਕਰ ਵਿੱਚ।
ਖੂਬ ਤਰੱਕੀਆਂ ਕਰੋ। ਪਰ, ਪੰਜਾਬ ਵੀ ਮੁੜ ਆਓ।
- ਮਨਦੀਪ ਕੌਰ ਟਾਂਗਰਾ
27 ਮਾਰਚ 2023
ਸੁਪਨੇ ਲੈਣਾ ਅਤੇ ਪੂਰੇ ਕਰਨਾ, ਸਾਡੀ ਰੂਹ ਦਾ ਹੱਕ ਹੈ। ਰੱਬ ਨੇ ਸਾਡੇ ਵਿੱਚ ਅਪਾਰ ਸ਼ਕਤੀ ਦਿੱਤੀ ਹੈ। ਉਸ ਨੇ ਸਾਨੂੰ ਇਸ ਧਰਤੀ ਤੇ ਅਤਿਅੰਤ ਮਿਹਨਤ ਕਰਨ ਲਈ ਭੇਜਿਆ ਹੈ। ਇੱਕ ਚੰਗੇ ਪਿਆਰ ਕਰਨ ਵਾਲੇ ਇਨਸਾਨ ਬਣ ਕੇ ਰਹਿਣ ਲਈ ਸਾਨੂੰ ਜ਼ਿੰਦਗੀ ਬਖ਼ਸ਼ੀ ਹੈ। ਅਸੀਂ ਔਕੜਾਂ ਝੱਲਦੇ ਡਿੱਗਦੇ ਢਹਿੰਦੇ ਮੰਜ਼ਲ ਵੱਲ ਵੱਧ ਸਕਦੇ ਹਾਂ। ਪਰ, ਸੁਪਨੇ ਸਾਡੇ ਖੁੱਦ ਦੇ ਹੁੰਦੇ ਹਨ। ਇਹਨਾਂ ਵਿੱਚ ਆਸ ਰੱਖ ਕੇ ਕਿ ਕੋਈ ਸਾਡੀ ਮਦਦ ਕਰੇ, ਆਪਣੇ ਜਜ਼ਬੇ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਨਾ ਚਾਹੀਦਾ।
ਕਈ ਲੋਕ ਸਾਡੀ ਰਗ ਰਗ ਦਾ ਹਿੱਸਾ ਬਣ ਵੀ ਇੱਕ ਦਿਨ ਛੱਡ ਜਾਣਗੇ, ਪਰ ਅਸੀਂ ਆਪਣੀ ਸੋਚ, ਆਪਣੀ ਕਾਬਲੀਅਤ, ਆਪਣੀ ਹੋਂਦ, ਆਪਣੇ ਸੁਪਨਿਆਂ ਦਾ ਨਿਰਾਦਰ ਨਹੀਂ ਕਰ ਸਕਦੇ। ਜ਼ਿੰਦਗੀ ਵਿੱਚ ਕੋਈ ਸਾਡੇ ਨਾਲ ਮਿਲ ਕੇ ਸੰਘਰਸ਼ ਕਰੇ ਜਾਂ ਨਾ ਕਰੇ, ਪਰ ਸਾਡੇ ਲਈ “ਸੰਘਰਸ਼ ਕਰਦੇ ਰਹਿਣਾ ਹੀ ਅਸਲ ਜਿਊਣਾ” ਹੋਣਾ ਚਾਹੀਦਾ ਹੈ।
ਤੱਪਦੀਆਂ ਰੇਤਾਂ ਵਿੱਚ ਵੀ ਫੁੱਲ ਹੁੰਦੇ ਨੇ… ਉਹ ਵਾਵਰੌਲਿਆਂ ਵਿੱਚ ਵੀ ਮਹਿਕਦੇ ਨੇ.. ਰੰਗੀਨ ਹੁੰਦੇ ਨੇ.. ਆਪਣਾ ਜਿਊਣ ਦਾ ਸੁਪਨਾ ਪੂਰਾ ਕਰਦੇ ਨੇ..
ਸ਼ੁਕਰ ਕਰੋ, ਸ਼ਿਕਾਇਤ ਨਹੀਂ।
24 ਮਾਰਚ 2023
ਜ਼ਿੰਦਗੀ ਦੀ ਸਲੇਟ
ਕਦੇ ਚਿੱਟੀ ਕਦੇ ਕਾਲੀ
ਕਦੇ ਰੰਗਾਂ ਵਾਲੀ।
ਬਣੇ ਰਹੋ। ਬਣੇ ਰਹਿਣਾ ਹੀ ਸਫ਼ਲਤਾ ਹੈ।
- ਮਨਦੀਪ ਕੌਰ ਟਾਂਗਰਾ
18 ਮਾਰਚ 2023
ਸੱਤ ਸਾਲ ਸਾਡੇ ਵੱਲ ਚੱਲਦੀਆਂ “ਪਿਆਰ” ਬੱਸਾਂ “ਕਰਤਾਰ” ਬੱਸਾਂ ਵਿੱਚ ਖੂਬ ਸਫ਼ਰ ਕੀਤਾ ਹੈ। ਜਦ ਇਹ ਸਫ਼ਰ ਅੱਜ ਜਹਾਜ਼ਾਂ ਵਿੱਚ ਆਮ ਹੋ ਗਏ, ਤੇ ਬਹੁਤ ਖੁਸ਼ੀ ਹੁੰਦੀ।
ਇਹ “ਪਿਆਰ ਬੱਸਾਂ” ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਪੜ੍ਹਾ ਗਈਆਂ, ਇਹਨਾਂ ਵਿੱਚ ਬੈਠ ਕੇ, ਖਲੋਅ ਕੇ ਆਉਣਾ। ਤੇ ਕੰਡਕਟਰ ਨੇ ਦੋ ਰੁਪਈਏ, ਟਿਕਟ ਦਾ ਬਕਾਇਆ ਲਿਖ ਦੇਣਾ ਟਿਕਟ ਮਗਰ ਤੇ ਸਾਰੇ ਰਾਹ ਇਹੀ ਸੋਚ ਵਿੱਚ ਰਹਿਣਾ ਕਿ ਬਕਾਇਆ ਲੈਣਾ।
ਹਾਸੇ ਵਾਲੀ ਗੱਲ, ਕਈ ਵਾਰ ਲੱਗਣਾ ਜਾਣਕੇ ਲਿਖ ਦਿੰਦਾ ਬਕਾਇਆ। ਪਰ ਇੱਦਾਂ ਨਹੀਂ, ਕਈ ਵਾਰ ਭੁੱਲ ਜਾਓ ਤੇ ਦੇ ਦਿੰਦਾ ਸੀ ਵਾਪਸ ਅਗਲੇ ਦਿਨ।
ਲੰਮੇ ਰੂਟ ਦੀ ਬੱਸ ਤੇ ਰੁੱਕਦੀ ਹੀ ਨਹੀਂ ਸੀ। ਜਦ ਨਵੇਂ ਨਵੇਂ ਹਰਭਜਨ ETO ਜਿੱਤੇ ਤੇ ਮੇਰੇ ਪਿੰਡ ਵਾਲੇ ਆਏ ਮੇਰੇ ਕੋਲ, ਮਸਲਾ ਇਹ ਕਿ ਪਿੰਡ ਬਹੁਤੀਆਂ ਬੱਸਾਂ ਨਹੀਂ ਰੁਕਦੀਆਂ। ਮੈਂ ਹੈਰਾਨ ਇੰਨੇ ਸਾਲ ਹੋ ਗਏ ਤੇ ਮਸਲਾ ਓਹੀ। ਮੈਂ ਸਰ ਨੂੰ ਬੇਨਤੀ ਕੀਤੀ, ਬੱਸਾਂ ਰੁਕਣ ਦਾ ਮਸਲਾ ਸੁਲਝ ਗਿਆ।
ਅੱਜ ਅੰਮ੍ਰਿਤਸਰ ਤੋਂ ਮੇਰੇ ਟੀਮ ਮੈਂਬਰ, ਕੰਪਨੀ ਦੀ ਲਈ ਹੋਈ ਬੱਸ ਤੇ ਆਉਂਦੇ ਹਨ ਸਾਡੇ ਪਿੰਡ। ਲੋਕਲ ਬੱਸਾਂ ਦੇ ਸਫ਼ਰ ਕੱਦ ਤੁਹਾਨੂੰ ਤਰੱਕੀ ਦੇ ਰਾਹ ਤੇ ਪਾ ਦੇਣ, ਤੁਸੀਂ 2 ਰੁਪਈਏ ਦੇ ਬਕਾਏ ਦੀ ਫ਼ਿਕਰ ਵਿੱਚ ਨਹੀਂ ਅੰਦਾਜ਼ਾ ਲਗਾ ਸਕਦੇ।
ਪਰ ਜ਼ਰੂਰ ਸੋਚੋ। ਮੇਰੇ ਤੋਂ ਬਹਿਤਰੀਨ ਹੋਵੇ ਤੁਹਾਡਾ ਭਵਿੱਖ ਇਹ ਅਰਦਾਸ ਹੈ ਮੇਰੀ।
… ਤੇ ਬੱਸਾਂ ਵਾਲਿਆਂ ਨੂੰ ਬੇਨਤੀ ਸਾਡੇ ਪਿੰਡ ਸਾਰੀਆਂ ਬੱਸਾਂ ਰੋਕਿਆ ਕਰੋ, ਇੱਥੇ ਬਹੁਤ ਮਨਦੀਪ ਕੌਰ ਟਾਂਗਰਾ ਹੋਣਗੀਆਂ। ਤੁਹਾਡੇ ਸਿਰ ਪੜ੍ਹ ਜਾਣਗੀਆਂ।
-ਮਨਦੀਪ ਕੌਰ ਟਾਂਗਰਾ
17 ਮਾਰਚ 2023
ਮੁਸਕਰਾਹਟਾਂ ਦਾ ਖ਼ਿਆਲ ਰੱਖੋ।
ਜੇ ਸੱਚਮੁੱਚ ਅਖੀਰ ਤੁਸੀਂ ਕਿਸੇ ਨੂੰ ਛੱਡਣਾ ਹੀ ਹੈ ਤਾਂ ਠੀਕ ਹੈ ਪਰ ਉਸ ਨੂੰ ਕਦੇ ਵੀ ਆਪਣੇ ਮਤਲਬ ਲਈ ਲਟਕਾ ਕੇ ਨਾ ਰੱਖੋ। ਇੱਕ ਸਾਲ ਬਾਅਦ, ਦੋ, ਤਿੰਨ, ਪੰਜ, ਦੱਸ ਸਾਲ ਬਾਅਦ ਦੱਸ ਦਿਓ। ਮੇਰੀ ਜ਼ਿੰਦਗੀ ਵਾਂਗ, ਗਿਆਰਾਂ ਸਾਲ ਬਾਅਦ ਕਿਸੇ ਨੂੰ ਇਕੱਲੇ ਛੱਡਣਾ ਬਹੁਤ ਹੀ ਦੁੱਖ ਪਹੁੰਚਾਉਂਦਾ ਹੈ।
ਕਿਸ ਪਾਸੇ ਜਾਵੇ ਫ਼ਿਰ ਤੋਂ ਤੈਅ ਕਰਨਾ ਕਠਨ ਹੁੰਦਾ। ਕਈ ਵਾਰ ਜ਼ਿੰਦਗੀ ਦੇ ਅਹਿਮ ਫ਼ੈਸਲਿਆਂ ਦੇ ਨੇੜੇ ਹੁੰਦਾ ਹੈ ਇਨਸਾਨ, ਕੰਮ ਦੇ ਸਿਖ਼ਰ ਤੇ ਹੁੰਦਾ ਹੈ, ਸਿਹਤਮੰਦ ਓਨਾ ਨਹੀਂ ਰਹਿੰਦਾ, ਸੁਪਨਿਆਂ ਦੇ ਨੇੜੇ ਹੁੰਦਾ, ਅਹਿਸਾਸਾਂ ਵਿੱਚ ਡੁੱਬਿਆ ਹੁੰਦਾ। ਮਾਂ ਬਾਪ ਬਣਨ ਦੇ ਖ਼ਿਆਲ ਵਿੱਚ ਹੁੰਦਾ। ਘਰ ਦਾ ਇੰਚ ਇੰਚ ਸਜਾਉਣ ਦੇ ਸੁਪਨੇ ਲੈ ਰਿਹਾ ਹੁੰਦਾ ਤੇ ਪਤਾ ਨਹੀਂ ਕੀ ਕੀ। ਐਸੇ ਪੜਾਅ ਤੇ ਪਹੁੰਚਿਆ ਹੁੰਦਾ ਕਿ ਮੁੜ ਤੋਂ ਸ਼ੁਰੂ ਕਰਨ ਦੀ ਕੋਈ ਇੱਛਾ, ਆਸ ਨਹੀਂ ਉਸ ਅੰਦਰ ਜਾਗ ਸਕਦੀ। ਦੁਬਾਰਾ ਵਿਸ਼ਵਾਸ ਨਹੀਂ ਹੋ ਸਕਦਾ।
ਸੱਚਮੁੱਚ ਕਈ ਬੱਚੇ Sensitive ਹੁੰਦੇ ਹਨ, ਬੇਸ਼ਰਮ ਨਹੀਂ ਕਿ ਕੋਈ ਪ੍ਰਵਾਹ ਹੀ ਨਹੀਂ। ਇੱਥੇ ਹਜ਼ਾਰਾਂ ਮੁੰਡੇ ਤੇ ਕੁੜੀਆਂ ਹਨ, ਜੋ ਪੈਸੇ ਅਤੇ ਟੌਹਰੀ ਜ਼ਿੰਦਗੀ ਦੇ ਭੁੱਖੇ ਨਹੀਂ, ਸਿਰਫ਼ ਪਿਆਰ, ਨਿਮਰ ਬੋਲ, ਸਤਿਕਾਰ ਅਤੇ ਸੁਪਨਿਆਂ ਵਿੱਚ ਸਾਥ ਦੀ ਆਸ ਹੈ ਉਨ੍ਹਾਂ ਨੂੰ।
ਸਾਡੇ ਬਹੁਤ ਸਾਰੇ ਪੰਜਾਬੀ ਹਨ, ਭਾਵੇਂ ਲੱਖ ਉਤਾਰ ਚੜ੍ਹਾਅ ਹੋਣ, ਜਿੰਨ੍ਹਾਂ ਨੇ ਸਦਾ ਸੱਭਿਆਚਾਰ ਸੰਭਾਲ਼ਿਆ ਹੈ ਅਤੇ ਔਰਤ ਨੂੰ, ਧੀ ਨੂੰ, ਨੂੰਹ ਨੂੰ, ਮਾਂ ਨੂੰ, ਭੈਣਾਂ ਨੂੰ ਉੱਚਾ ਅਤੇ ਸੁੱਚਾ ਦਰਜਾ ਦਿੱਤਾ ਹੈ। ਉਹਨਾਂ ਪਰਿਵਾਰਾਂ ਦਾ ਪੰਜਾਬ ਸਦਾ ਕਰਜ਼ਦਾਰ ਰਹੇਗਾ।
ਇਹ ਦੁਨੀਆ ਸਿਰਫ਼ ਚੰਗਿਆਈ ਤੇ ਟਿਕੀ ਹੋਈ ਹੈ।
- ਮਨਦੀਪ ਕੌਰ ਟਾਂਗਰਾ
11 ਮਾਰਚ 2023
"ਪੁੱਤਰ ਤੁਸੀਂ ਬਾਹਰ ਜਾਓ, ਅਸੀਂ ਜ਼ਰੂਰੀ ਗੱਲ ਕਰਨੀ ਹੈ" ਮੇਰੇ ਦਫ਼ਤਰ ਵਿੱਚ ਇੱਕ ਪਰਿਵਾਰ ਆਇਆ ਤੇ ਬੱਚਿਆਂ ਨੂੰ ਮੇਰੇ ਦਫ਼ਤਰ ਤੋਂ ਬਾਹਰ ਭੇਜ ਕੇ ਜ਼ਰੂਰੀ ਗੱਲ ਕਰਨਾ ਚਾਹੁੰਦੇ ਸਨ। ਮੈਂ ਸੋਚਿਆ ਮੈਨੂੰ ਕਹਿਣਗੇ, ਬੱਚਿਆਂ ਨੂੰ ਤੁਸੀਂ ਸਮਝਾਓ ਕਿ ਹੋਰ ਵੀ ਮਿਹਨਤ ਕਰਨ ਤੇ ਪੰਜਾਬ ਵਿੱਚ ਨਵੇਕਲਾ ਕੁਝ ਕਰ ਕੇ ਦਿਖਾਉਣ। ਮੇਰੀ ਹੈਰਾਨੀ ਤੇ ਪਰੇਸ਼ਾਨੀ ਦੀ ਕੋਈ ਸੀਮਾ ਨਹੀਂ ਰਹੀ ਜਦ ਉਹ ਮੈਨੂੰ ਕਹਿ ਰਹੇ ਸੀ ਅਸੀਂ ਬਾਹਰ ਜਾਣਾ ਹੈ ਤੇ ਕੋਈ ਕੰਪਿਊਟਰ ਕੋਰਸ ਕਰਨ ਦੀ ਸਲਾਹ ਦਿਓ, ਜੋ ਓਥੇ ਜਾ ਕੇ ਵੀ ਮਦਦ ਹੋ ਜਾਏ। ਜਿਨ੍ਹਾਂ ਦੇ ਬੱਚੇ ਦਸਵੀਂ ਵਿੱਚ ਪੜ੍ਹਦੇ ਨੇ, ਉਹਨਾਂ ਦੇ ਬੱਚੇ ਹੀ ਨਹੀਂ ਉਹ ਤੇ ਅੱਜ ਆਪ ਵੀ ਬਾਹਰ ਜਾਣਾ ਚਾਹੁੰਦੇ ਹਨ।
ਇਹ ਬਿਮਾਰੀ ਹੁਣ ਅਗਲੀ ਪੀੜੀ ਵਿੱਚ ਪਹੁੰਚ ਗਈ ਹੈ। ਇਸ ਨਾਲ ਨਜਿੱਠਣਾ ਪੰਜਾਬ ਲਈ ਵੱਡੀ ਚੁਣੌਤੀ ਹੈ। ਸ਼ੁਕਰ ਹੈ ਅਜੇ ਦਾਦਾ ਦਾਦੀ ਤੇ ਨਾਨਾ ਨਾਨੀ ਨਹੀਂ ਕਹਿੰਦੇ ਬਾਹਰ ਜਾਣਾ ਅਸੀਂ। ਪਰ ਉਹ ਵੀ ਦਿਨ ਦੂਰ ਨਹੀਂ। ਕਈ ਪਖੰਡੀਆਂ ਦੇ ਮਗਰ ਲੱਗਾ ਹੈ ਪੰਜਾਬ ਕਿਓਂ ਕਿ ਪੀੜੀਆਂ ਵਹਿਮਾਂ ਭਰਮਾਂ ਦੇ ਘੇਰੇ ਵਿੱਚ ਆ ਗਈਆਂ ਹਨ। ਅੱਜ ਲੱਖ ਗੁਰਬਾਣੀ ਦਾ, ਗੀਤਾ ਦਾ, ਕੁਰਾਨ, ਬਾਈਬਲ ਦਾ ਵਾਸਤਾ ਦੇ ਦਿਓ, ਨਹੀਂ ਰੋਕ ਲੱਗ ਪਾਉਂਦੀ।
ਇਸ ਵਿੱਚ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ। ਜਿਨ੍ਹਾਂ ਦੇ ਅੱਜ ਮਾਂ ਬਾਪ ਬਾਹਰ ਜਾਣਾ ਚਾਹੁੰਦੇ ਹਨ ਇਸ ਵਿੱਚ ਬੱਚਿਆਂ ਨੂੰ ਸਮਝਾ ਸਮਝਾ ਕੇ ਕੀ ਮਿਲੇਗਾ। ਮੈਂ ਇਸ ਗੱਲ ਦਾ ਅਹਿਸਾਸ ਕੀਤਾ ਕਿ ਇਹ ਸਮੱਸਿਆ ਬਹੁਤ ਗਹਿਰੀ ਹੋ ਚੁਕੀ ਹੈ ਅਤੇ ਜੋ ਚੀਜ਼ ਪੀੜੀ ਦਰ ਪੀੜੀ ਵੱਧ ਜਾਏ ਉਸਦਾ ਹੱਲ ਕੱਢਣਾ ਬਹੁਤ ਔਖਾ ਹੈ।
ਪੰਜਾਬ ਨੂੰ ਅੱਜ ਲੋੜ ਹੈ, ਮਾਪਿਆਂ ਨੂੰ ਵੀ ਜਾਗਰੂਕ ਕਰਨ ਦੀ। ਮੇਰੀ ਪੰਜਾਬੀ ਸਿਨੇਮਾ ਨੂੰ ਵੀ ਬੇਨਤੀ ਹੈ "Reverse Migration" ਦੇ ਵਿਸ਼ੇ ਤੇ ਵੱਧ ਤੋਂ ਵੱਧ ਫ਼ਿਲਮਾਂ ਬਣਾਉਣ। ਸਰਕਾਰ ਐਸੀਆਂ ਫ਼ਿਲਮਾਂ ਨੂੰ ਖ਼ਾਸ ਸਬਸਿਡੀ ਦੇਵੇ। ਲੇਖਕ ਇਸ ਵਿਸ਼ੇ ਤੇ ਆਪਣਾ ਯੋਗਦਾਨ ਪਾਉਣ। ਮੀਡਿਆ ਪਹਿਲਾਂ ਹੀ ਇਸ ਵਿਸ਼ੇ ਤੇ ਕੰਮ ਕਰਦਾ ਜਾਪਦਾ ਹੈ, ਅਤੇ ਮੈਂ ਗੁਜ਼ਾਰਿਸ਼ ਕਰਾਂਗੀ ਅਸੀਂ ਪੁਰ-ਜ਼ੋਰ ਮਿਹਨਤ ਕਰੀਏ ਅਤੇ ਪੰਜਾਬੀਆਂ ਨੂੰ ਸਮਝਾਇਏ ਕਿ ਅਸੀਂ ਇਸ ਧਰਤੀ ਦੇ ਪੱਕੇ PR ਹਾਂ। ਸਾਨੂੰ ਇਸ ਧਰਤੀ ਤੇ ਹੀ ਜੜ੍ਹਾਂ ਮਜ਼ਬੂਤ ਕਰ, ਸਾਰੀ ਦੁਨੀਆਂ ਨੂੰ ਛਾਂ ਦੇਣੀ ਹੈ।
- ਮਨਦੀਪ ਕੌਰ ਟਾਂਗਰਾ
10 ਮਾਰਚ 2023
ਕਈ ਮੇਰੇ ਨਾਲ ਲੜਾਈ ਕਰਦੇ ਹਨ। ਲੋੜ ਹੀ ਨਹੀਂ ਹੈ। ਜੋ ਮਰਜ਼ੀ ਕਰੋ। ਮੈਂ ਵੀ ਤੇ ਆਪਣੀ ਮਰਜ਼ੀ ਕਰ ਰਹੀ ਹਾਂ। “Reverse Migration” ਦੀ ਗੱਲ ਕਰਦੀ ਤੇ ਕਹਿੰਦੇ ਹਨ ਇਹ ਸਾਰੀ ਧਰਤੀ ਰੱਬ ਨੇ ਬਣਾਈ ਹੈ। ਬੰਦਾ ਕਿਤੇ ਵੀ ਰਹਿ ਸਕਦਾ ਹੈ। ਇਹ ਧਰਤੀ ਇੱਕ ਹੈ।
ਇਹ ਸਰਹੱਦਾਂ, ਜਾਤਾਂ ਪਾਤਾਂ, ਦੇਸ਼ ਵਿਦੇਸ਼, ਚੰਗਾ ਮਾੜਾ - ਇਹ ਸਭ ਖ਼ਿਤਾਬ ਤੇ ਬੰਦੇ ਨੇ ਦਿੱਤੇ ਹਨ। ਆਪੇ ਸਰਹੱਦਾਂ ਬਣਾ ਅੱਜ ਆਪ ਹੀ ਫਸਿਆ ਹੈ ਇਨਸਾਨ। ਮੇਰਾ ਕਹਿਣਾ ਹੈ ਜੇ ਬੰਦੇ ਨੇ ਸਰਹੱਦਾਂ ਨਾ ਬਣਾਈਆਂ ਹੁੰਦੀਆਂ ਤੇ ਇੰਨੀਆਂ ਸਮੱਸਿਆਵਾਂ ਤੱਕ ਪਹੁੰਚਦੇ ਹੀ ਨਾ ਅਸੀਂ।
ਅੱਜ ਲੋੜ ਹੈ ਉਸ ਧਰਤੀ ਨੂੰ ਵੀ ਵਾਪਸ ਦੇਣ ਦੀ ਜਿਸ ਨੇ ਸਾਨੂੰ ਸਿੰਝਿਆ ਅਤੇ ਪਾਲਿਆ ਹੈ। ਕੁਦਰਤੀ ਸਰੋਤ ਅਸੀਂ ਪੰਜਾਬ ਦੇ ਵਰਤ ਕੇ, ਇੱਥੋਂ ਦੇ ਸਕੂਲਾਂ ਵਿੱਚ ਪੜ੍ਹ ਕੇ, ਇਸ ਧਰਤੀ ਦਾ ਖਾ ਕੇ, ਆਰਥਿਕ ਮਦਦ ਅਸੀਂ ਚੰਗੇ ਭਲੇ ਦੇਸ਼ਾਂ ਦੀ ਕਰਨਾ ਚਾਹੁੰਦੇ ਹਾਂ। ਆਪਣੀ ਸਾਰੀ ਊਰਜਾ, ਮਿਹਨਤ ਤਪੱਸਿਆ ਕਰਨ ਵਾਲੀ ਉਮਰ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੀ ਤਰੱਕੀ ਕਰਨਾ ਚਾਹੁੰਦੇ ਹਾਂ।
ਜਿਵੇਂ ਗਮਲੇ ਵਿੱਚ ਪਾਲਿਆ ਪੋਸਿਆ, ਉਗਾਇਆ ਪੌਦਾ, ਜਦ ਧਰਤੀ ਵਿੱਚ ਲਾਇਆ ਤੇ ਕਿਤੇ ਹੋਰ ਲਗਾ ਦਿੱਤਾ। ਜਿਸ ਨੇ ਉਸ ਦੀ ਸੇਵਾ ਕੀਤੀ ਉਸ ਨੂੰ ਕੋਈ ਫ਼ਲ ਨਹੀਂ। ਜਿਵੇਂ ਮਾਂ ਦਾ ਦੁੱਧ ਪੀ ਕੇ, ਵੱਡੇ ਹੋ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਸੇਵਾ ਕਰਨਾ ਤੇ ਕਹਿਣਾ ਇਹ ਵੀ ਸੇਵਾ ਹੀ ਹੈ।
ਪੰਜਾਬੀ ਹਰ ਦੇਸ਼ ਵਿੱਚ ਹਨ, ਸਾਨੂੰ ਇਸ ਤੇ ਮਾਣ ਹੈ। ਪਰ ਪੰਜਾਬ ਤੋਂ ਬਾਹਰ, ਦੁਨੀਆਂ ਵਿੱਚ ਰਹਿੰਦੇ ਹਰ ਪੰਜਾਬੀ ਦਾ ਇੱਕ ਘਰ ਪੰਜਾਬ ਵੀ ਚਾਹੀਦਾ ਅਤੇ ਕਾਰੋਬਾਰ ਵੀ ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇ ਤੇ ਇਹ ਪੰਜਾਬੀਆਂ ਦਾ ਪੰਜਾਬ ਬਣਿਆ ਰਹੇ। ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ, ਇਸ ਧਰਤੀ ਤੇ ਰਹਿ ਕੇ ਦੇਸ਼ ਵਿਦੇਸ਼ ਕਾਰੋਬਾਰ ਕਰਨ ਦਾ ਜਨੂੰਨ ਪੈਦਾ ਕਰਨ। ਦੁਨੀਆਂ ਘੁੰਮਣ।
ਪੰਜਾਬ ਨੂੰ ਸਿਰਫ਼ ਪੈਸਿਆਂ ਦੀ ਨਹੀਂ ਲੋੜ । ਪੰਜਾਬ ਨੂੰ ਅੱਜ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਲੋੜ ਹੈ। ਸਰਕਾਰ ਨੂੰ ਬਾਹਰ ਦੇ ਰਾਜਾਂ ਦੀ ਬਜਾਏ, ਪੰਜਾਬੀਆਂ ਦੀ ਸੋਚ ਨੂੰ ਕਾਰੋਬਾਰੀ ਰੂਪ ਦੇਣ ਤੇ ਜ਼ੋਰ ਲਾਉਣਾ ਚਾਹੀਦਾ ਹੈ।
ਪੰਜਾਬ ਨੂੰ ਲੋੜ ਹੈ ਛੋਟੇ ਛੋਟੇ ਕਾਰੋਬਾਰੀਆਂ ਦੀ ਆਰਥਿਕ ਮਦਦ ਦੀ, ਮਸ਼ਹੂਰੀ ਦੀ, ਤੇ ਹਰ ਨੀਤੀ ਵਿੱਚ ਪੰਜਾਬੀਆਂ ਨੂੰ ਅਹਿਮੀਅਤ ਦੀ। “Made in Punjab” ਮੁਹਿੰਮ ਦੀ।
- ਮਨਦੀਪ
08 ਮਾਰਚ 2023
ਔਰਤ ਦਿਵਸ ਤੇ ਵਿਸ਼ੇਸ਼ ~ ਮਨਦੀਪ
“ਉਸ ਕਿਸਮ ਦੀ ਔਰਤ ਬਣੋ ਕੀ ਜਦੋਂ ਤੁਸੀਂ ਕੁਝ ਕਹੋ ਤੇ ਤੁਹਾਡੇ ਹਾਵ - ਭਾਵ ਅਤੇ ਤੁਹਾਡੇ ਲਫ਼ਜ਼ ਤੁਹਾਡੀ ਇਮਾਨਦਾਰੀ ਨੂੰ ਦਰਸਾਉਣ" ਜ਼ਿੰਦਗੀ ਵਿੱਚ ਸਦਾ ਭਰੋਸੇਮੰਦ ਅਤੇ ਮਜਬੂਤ ਰਹਿਣ ਲਈ ਪਹਿਲਾ ਅਭਿਆਸ ਜ਼ਰੂਰੀ ਹੈ ਸਦਾ ਸੱਚੇ ਰਹਿਣਾ। ਤੁਹਾਡਾ ਹਰ ਪੱਖ ਵਿਚ ਇਮਾਨਦਾਰ ਰਹਿਣਾ ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕੀ ਤੁਹਾਡੇ ਕੋਲ ਮੁਸ਼ਕਿਲਾਂ ਨਾਲ ਜੂਝਣ ਦੀ ਸ਼ਕਤੀ ਹੈ ਅਤੇ ਤੁਸੀ ਜ਼ਿੰਦਗੀ ਦਾ ਹਰ ਚੁਣੌਤੀ ਭਰਿਆ ਪੜਾਅ ਸਫ਼ਲਤਾਪੂਰਵਕ ਜਿੱਤ ਸਕਦੇ ਹੋ। ਇਮਾਨਦਾਰੀ ਦਾ ਅਭਿਆਸ ਕਰੋ!
"ਉਸ ਕਿਸਮ ਦੀ ਔਰਤ ਬਣੋ ਜੋ ਕਿਸੇ ਹੀਰਿਆਂ ਦੀ ਗ਼ੁਲਾਮ ਨਾ ਹੋਵੇ ਬਲਕਿ ਖੁਦ ਇਕ ਹੀਰਾ ਹੋਵੇ, ਤੇ ਜਿਸ ਨੂੰ ਤੋੜਨ ਲਈ ਇਸ ਦੁਨੀਆਂ ਤੇ ਅਜੇ ਤੱਕ ਕੋਈ ਪੈਦਾ ਨਾ ਹੋਇਆ ਹੋਵੇ" ਔਰਤਾਂ ਹਿੰਮਤੀ ਬਣਨ। ਮੁਸ਼ਕਿਲ ਤੋਂ ਵੀ ਮੁਸ਼ਕਿਲ ਸਮਿਆਂ ਵਿੱਚ ਭਾਵੇਂ ਅਸੀਂ ਟੁੱਟ ਕੇ ਚੂਰ ਕਿਉਂ ਨਾ ਹੋ ਜਾਈਏ ਫਿਰ ਵੀ ਸਾਡੇ ਕੋਲ ਅੱਗੇ ਵਧਣ ਦੀ ਸ਼ਕਤੀ ਹੈ। ਸਮਾਨੰਤਰ ਰਹਿਣ ਦਾ, ਹਰ ਵਾਰ ਅੱਗੇ ਵਧਣ ਦਾ ਅਭਿਆਸ ਕਰੋ!
“ਉਸ ਕਿਸਮ ਦੀ ਔਰਤ ਬਣੋ, ਜੋ ਪੈਸੇ ਲਈ ਬਾਪ, ਪਤੀ, ਭਰਾ ਤੇ ਵੀ ਨਿਰਭਰ ਨਾ ਹੋਵੇ ਬਲਕਿ ਉਹਨਾਂ ਦੀ ਅਤੇ ਹੋਰਨਾਂ ਦੀ ਮਾਲੀ ਸਹਾਇਤਾ ਕਰਨ ਦੇ ਕਾਬਿਲ ਬਣੇ। ਔਰਤਾਂ ਨੌਕਰੀ ਜਾਂ ਖੁੱਦ ਦਾ ਕਾਰੋਬਾਰ ਕਰ ਆਪਣੇ ਪੈਰਾਂ ਤੇ ਖਲੋਣ। ਖਾਸ ਕਰ, ਕਿਸੇ ਅਣਜਾਣ ਤੋਂ ਪੈਸਿਆਂ ਦੀ ਮਦਦ ਲੈ ਕਦੇ ਨੀਵੀਆਂ ਨਾ ਹੋਣ। ਕਿਰਤ ਕਰਨ ਦਾ, ਬੱਚਤ ਕਰਨ ਦਾ ਅਭਿਆਸ ਕਰੋ।
"ਉਸ ਕਿਸਮ ਦੀ ਔਰਤ ਬਣੋ ਜੋ ਹੱਠੀ ਹੈ - ਸਥਿਰ ਹੈ - ਦਰਿੜ੍ਹ ਹੈ - ਮਜ਼ਬੂਤ ਹੈ! ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਅਤੇ ਤੁਹਾਡੇ ਕਰੀਬੀ ਵੀ ਨਾਂਹ ਕਹਿ ਦੇਣ, ਓਦੋਂ ਹਾਂ ਕਹਿਣਾ ਸਿੱਖੋ! ਜੁਝਾਰੂ ਬਣੋ! ਸਾਹਸ ਕਦੀ ਵੀ ਵਿਅਰਥ ਨਹੀਂ ਜਾਂਦਾ, ਅਸੀਂ ਸਬਰ ਨਾਲ ਵਡਭਾਗੀ ਬਣਦੇ ਹਾਂ - ਸਾਨੂੰ ਮੁਸ਼ਕਿਲ ਸਮਿਆਂ ਵਿੱਚ ਸਬਰ ਸੰਤੋਖ ਨਾਲ ਜਿਊਣਾ ਚਾਹੀਦਾ ਹੈ। ਸਮਾਂ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ, ਇਹ ਇਕ ਵਿਆਪਕ ਸੱਚਾਈ ਹੈ। ਹਮੇਸ਼ਾ ਅਜਿੱਤ ਰਹੋ - ਮਿਹਨਤ ਕਰਨ ਦਾ ਅਭਿਆਸ ਕਰੋ!
“ਉਸ ਕਿਸਮ ਦੀ ਔਰਤ ਬਣੋ ਜੋ ਸੁੰਦਰਤਾ ਤੇ ਨਹੀਂ ਆਪਣੀ ਕਾਬਲਿਅਤ ਤੇ ਵਿਸ਼ਵਾਸ ਕਰਦੀ ਹੈ। ਆਪਣੀ ਪੜ੍ਹਾਈ, ਆਪਣੇ ਹੁਨਰ ਨੂੰ ਗਹਿਣਾ ਮੰਨਦੀ ਹੈ ਅਤੇ ਆਪਣੇ ਹੁਨਰ ਦੀ ਇੱਜ਼ਤ ਕਰਦੀ ਹੈ ਅਤੇ ਨਿਰੰਤਰ ਉਸਨੂੰ ਨਿਖਾਰਦੀ ਹੈ। ਕੱਪੜਿਆਂ ਗਹਿਣਿਆਂ ਦੇ ਨਹੀਂ, ਗੁਣਾਂ ਦੇ ਭਰਭੂਰ ਬਣੋ!
"ਉਸ ਕਿਸਮ ਦੀ ਔਰਤ ਬਣੋ, ਜੋ ਆਪਣੇ ਲਈ ਖਲੋਵੇ, ਦੂਜਿਆਂ ਲਈ ਖਲੋਵੇ, ਪੂਰੀ ਦੁਨੀਆਂ ਲਈ, ਪੂਰੇ ਸੰਸਾਰ ਲਈ, ਜੋ ਕਿਸੇ ਚੰਗਿਆਈ ਲਈ ਖਲੋਵੇ, ਹਰ ਵਾਰ ਸਹੀ ਲਈ ਖਲੋਵੇ" ਸਾਰੀਆਂ ਔਕੜਾਂ ਦੇ ਵਿਰੁੱਧ ਜਾਓ। ਆਪਣੀ ਜੰਗ ਆਪਣੇ ਦਮ ਤੇ ਆਪਣੀ ਪੂਰੀ ਇਮਾਨਦਾਰੀ ਨਾਲ ਲੜਨ ਲਈ ਤੱਤਪਰ ਰਹੋ। ਆਪਣੇ ਸਫਰ ਲਈ ਬੇਹੱਦ ਸਮਰੱਥਾ ਇਕੱਠੀ ਕਰੋ ਜੋ ਤੁਹਾਨੂੰ ਹਰ ਵਾਰ ਮਜ਼ਬੂਤ ਬਣਾ ਦੇਵੇ! ਹਾਰ ਨਾ ਮੰਨਣ ਦਾ ਅਭਿਆਸ ਕਰੋ!
"ਉਸ ਕਿਸਮ ਦੀ ਔਰਤ ਬਣੋ, ਜੋ ਦਇਆ ਭਰਪੂਰ ਹੋਵੇ ਅਤੇ ਜ਼ਿੰਦਗੀ ਜਿਊਣ ਦੀ ਚਾਹ ਰੱਖੇ" ਉਹ ਜਿਸ ਕੋਲ ਵਿਸ਼ਵ ਨੂੰ ਸੱਚਮੁੱਚ ਇੱਕ ਬਿਹਤਰ ਸਥਾਨ ਬਣਾਉਣ ਦੀ ਸ਼ਕਤੀ ਹੋਵੇ, ਜ਼ਿਆਦਾ ਸ਼ਾਂਤਮਈ ਅਤੇ ਜ਼ਿਆਦਾ ਨਿਮਰ ਬਣਾਉਣ ਦੀ ਸ਼ਕਤੀ ਹੋਵੇ। ਵਫ਼ਾਦਾਰ ਬਣੋ, ਸਾਹਸੀ ਬਣੋ, ਸਹਾਇਕ ਬਣੋ, ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰੋ - ਖੁਸ਼ੀਆਂ ਵੰਡੋਂ। ਤੁਸੀਂ ਔਰਤ ਹੋ ਇਸ ਨੂੰ ਸਵੀਕਾਰ ਕਰੋ ਤੇ ਮਾਣ ਮਹਿਸੂਸ ਕਰੋ। ਰੱਬ ਦਾ ਸ਼ੁਕਰਾਨਾ ਕਰੋ। - ਮਨਦੀਪ
10 ਮਾਰਚ 2023
ਕਈ ਮੇਰੇ ਨਾਲ ਲੜਾਈ ਕਰਦੇ ਹਨ। ਲੋੜ ਹੀ ਨਹੀਂ ਹੈ। ਜੋ ਮਰਜ਼ੀ ਕਰੋ। ਮੈਂ ਵੀ ਤੇ ਆਪਣੀ ਮਰਜ਼ੀ ਕਰ ਰਹੀ ਹਾਂ। “Reverse Migration” ਦੀ ਗੱਲ ਕਰਦੀ ਤੇ ਕਹਿੰਦੇ ਹਨ ਇਹ ਸਾਰੀ ਧਰਤੀ ਰੱਬ ਨੇ ਬਣਾਈ ਹੈ। ਬੰਦਾ ਕਿਤੇ ਵੀ ਰਹਿ ਸਕਦਾ ਹੈ। ਇਹ ਧਰਤੀ ਇੱਕ ਹੈ।
ਇਹ ਸਰਹੱਦਾਂ, ਜਾਤਾਂ ਪਾਤਾਂ, ਦੇਸ਼ ਵਿਦੇਸ਼, ਚੰਗਾ ਮਾੜਾ - ਇਹ ਸਭ ਖ਼ਿਤਾਬ ਤੇ ਬੰਦੇ ਨੇ ਦਿੱਤੇ ਹਨ। ਆਪੇ ਸਰਹੱਦਾਂ ਬਣਾ ਅੱਜ ਆਪ ਹੀ ਫਸਿਆ ਹੈ ਇਨਸਾਨ। ਮੇਰਾ ਕਹਿਣਾ ਹੈ ਜੇ ਬੰਦੇ ਨੇ ਸਰਹੱਦਾਂ ਨਾ ਬਣਾਈਆਂ ਹੁੰਦੀਆਂ ਤੇ ਇੰਨੀਆਂ ਸਮੱਸਿਆਵਾਂ ਤੱਕ ਪਹੁੰਚਦੇ ਹੀ ਨਾ ਅਸੀਂ।
ਅੱਜ ਲੋੜ ਹੈ ਉਸ ਧਰਤੀ ਨੂੰ ਵੀ ਵਾਪਸ ਦੇਣ ਦੀ ਜਿਸ ਨੇ ਸਾਨੂੰ ਸਿੰਝਿਆ ਅਤੇ ਪਾਲਿਆ ਹੈ। ਕੁਦਰਤੀ ਸਰੋਤ ਅਸੀਂ ਪੰਜਾਬ ਦੇ ਵਰਤ ਕੇ, ਇੱਥੋਂ ਦੇ ਸਕੂਲਾਂ ਵਿੱਚ ਪੜ੍ਹ ਕੇ, ਇਸ ਧਰਤੀ ਦਾ ਖਾ ਕੇ, ਆਰਥਿਕ ਮਦਦ ਅਸੀਂ ਚੰਗੇ ਭਲੇ ਦੇਸ਼ਾਂ ਦੀ ਕਰਨਾ ਚਾਹੁੰਦੇ ਹਾਂ। ਆਪਣੀ ਸਾਰੀ ਊਰਜਾ, ਮਿਹਨਤ ਤਪੱਸਿਆ ਕਰਨ ਵਾਲੀ ਉਮਰ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੀ ਤਰੱਕੀ ਕਰਨਾ ਚਾਹੁੰਦੇ ਹਾਂ।
ਜਿਵੇਂ ਗਮਲੇ ਵਿੱਚ ਪਾਲਿਆ ਪੋਸਿਆ, ਉਗਾਇਆ ਪੌਦਾ, ਜਦ ਧਰਤੀ ਵਿੱਚ ਲਾਇਆ ਤੇ ਕਿਤੇ ਹੋਰ ਲਗਾ ਦਿੱਤਾ। ਜਿਸ ਨੇ ਉਸ ਦੀ ਸੇਵਾ ਕੀਤੀ ਉਸ ਨੂੰ ਕੋਈ ਫ਼ਲ ਨਹੀਂ। ਜਿਵੇਂ ਮਾਂ ਦਾ ਦੁੱਧ ਪੀ ਕੇ, ਵੱਡੇ ਹੋ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਸੇਵਾ ਕਰਨਾ ਤੇ ਕਹਿਣਾ ਇਹ ਵੀ ਸੇਵਾ ਹੀ ਹੈ।
ਪੰਜਾਬੀ ਹਰ ਦੇਸ਼ ਵਿੱਚ ਹਨ, ਸਾਨੂੰ ਇਸ ਤੇ ਮਾਣ ਹੈ। ਪਰ ਪੰਜਾਬ ਤੋਂ ਬਾਹਰ, ਦੁਨੀਆਂ ਵਿੱਚ ਰਹਿੰਦੇ ਹਰ ਪੰਜਾਬੀ ਦਾ ਇੱਕ ਘਰ ਪੰਜਾਬ ਵੀ ਚਾਹੀਦਾ ਅਤੇ ਕਾਰੋਬਾਰ ਵੀ ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇ ਤੇ ਇਹ ਪੰਜਾਬੀਆਂ ਦਾ ਪੰਜਾਬ ਬਣਿਆ ਰਹੇ। ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ, ਇਸ ਧਰਤੀ ਤੇ ਰਹਿ ਕੇ ਦੇਸ਼ ਵਿਦੇਸ਼ ਕਾਰੋਬਾਰ ਕਰਨ ਦਾ ਜਨੂੰਨ ਪੈਦਾ ਕਰਨ। ਦੁਨੀਆਂ ਘੁੰਮਣ।
ਪੰਜਾਬ ਨੂੰ ਸਿਰਫ਼ ਪੈਸਿਆਂ ਦੀ ਨਹੀਂ ਲੋੜ । ਪੰਜਾਬ ਨੂੰ ਅੱਜ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਲੋੜ ਹੈ। ਸਰਕਾਰ ਨੂੰ ਬਾਹਰ ਦੇ ਰਾਜਾਂ ਦੀ ਬਜਾਏ, ਪੰਜਾਬੀਆਂ ਦੀ ਸੋਚ ਨੂੰ ਕਾਰੋਬਾਰੀ ਰੂਪ ਦੇਣ ਤੇ ਜ਼ੋਰ ਲਾਉਣਾ ਚਾਹੀਦਾ ਹੈ।
ਪੰਜਾਬ ਨੂੰ ਲੋੜ ਹੈ ਛੋਟੇ ਛੋਟੇ ਕਾਰੋਬਾਰੀਆਂ ਦੀ ਆਰਥਿਕ ਮਦਦ ਦੀ, ਮਸ਼ਹੂਰੀ ਦੀ, ਤੇ ਹਰ ਨੀਤੀ ਵਿੱਚ ਪੰਜਾਬੀਆਂ ਨੂੰ ਅਹਿਮੀਅਤ ਦੀ। “Made in Punjab” ਮੁਹਿੰਮ ਦੀ।
facebook link
07 ਮਾਰਚ 2023
ਮੇਰੇ ਪਿਤਾ ਰੱਬ ਦਾ ਹੀ ਰੂਪ ਨੇ। ਵੱਡੀਆਂ ਵੱਡੀਆਂ ਸੱਟਾਂ ਤੇ ਅੱਥਰੂ ਨਹੀਂ ਕੇਰਦੇ ਵੇਖੇ, ਪਰ ਮੇਰੇ ਹੰਝੂਆਂ ਅੱਗੇ ਮੇਰੇ ਪਿਤਾ ਦਾ ਕੋਈ ਜ਼ੋਰ ਨਹੀਂ ਚੱਲਦਾ। ਜਦ ਮੈਂ ਇਹ ਦੱਸਦੀ ਹਾਂ ਕਿ ਮੇਰੇ ਪਾਪਾ ਨੇ ਮੈਨੂੰ ਕਦੇ ਨਹੀਂ ਗ਼ੁੱਸਾ ਕੀਤਾ, ਕਦੇ ਮੇਰਾ ਦਿਲ ਨਹੀਂ ਦੁਖਾਇਆ ਤੇ ਯਕੀਨ ਕਰਨਾ ਔਖਾ ਪਰ ਸੱਚ ਹੈ। ਮੇਰੇ ਪਾਪਾ ਮੇਰੀ ਬਹੁਤ ਇੱਜ਼ਤ ਕਰਦੇ ਤੇ ਮੈਨੂੰ ਅਤਿਅੰਤ ਪਿਆਰ ਕਰਦੇ ਹਨ।
ਸਾਰੇ ਮਹਿਮਾਨ ਉਹਨਾਂ ਨੂੰ ਸਾਡੀ ਚੱਕੀ ਤੇ ਮਿਲ ਕੇ ਜਾਂਦੇ ਹਨ, ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹ ਖੁਸ਼ੀ ਮੈਂ ਪੈਸਿਆਂ ਨਾਲ ਵੀ ਨਹੀਂ ਲੈ ਸਕਦੀ।
ਕਦੇ ਕਦੇ ਸੋਚਦੀ ਮੈਨੂੰ ਪੜ੍ਹਾਉਂਦੇ ਕਿਤੇ ਉਹ ਹਾਰ ਮਨ ਲੈੰਦੇ ਤੇ ਅੱਜ ਮੈਂ ਤੁਹਾਡੇ ਤੱਕ ਵੀ ਕਦੇ ਨਾ ਪਹੁੰਚਦੀ। ਇਸੇ ਲਈ ਮੈਂ ਕਦੇ ਨਾ ਹਾਰ ਮੰਨਣ ਦਾ ਦ੍ਰਿੜ ਇਰਾਦਾ ਕੀਤਾ ਹੈ। ਪਤਾ ਨਹੀਂ ਕਿੱਥੇ ਕਿੱਥੇ ਕੌਣ ਕੌਣ ਉਹਸ਼ਾਹ ਦੀ ਉਡੀਕ ਕਰ ਰਿਹਾ ਹੈ।
ਤੁਹਾਡੀ - ਮਨਦੀਪ ਕੌਰ ਟਾਂਗਰਾ
6 ਮਾਰਚ 2023
ਮੇਰੇ ਕਹਿਣ ਤੇ ਵੀ, ਮੇਰਾ ਵੀਜ਼ਾ ਨਹੀਂ ਲਗਵਾਇਆ ਅੱਗੋਂ, ਜਦ ਉਸ ਦਾ ਮਨ ਬਣ ਗਿਆ ਕਿ ਹੁਣ ਨਹੀਂ ਰਹਿਣਾ ਇਕੱਠੇ। ਕਾਰੋਬਾਰ ਦੀਆਂ ਫ਼ਿਕਰਾਂ ਸਿਖਰ ਤੇ ਸਨ, ਤੇ ਸ਼ਾਇਦ ਉਸ ਨੂੰ ਇਹ ਕਾਰੋਬਾਰ ਦੀ ਜੱਦੋ-ਜਹਿਦ ਤੋਂ, ਮੇਰੇ ਫ਼ੈਸਲਿਆਂ ਤੋਂ ਅਤੇ ਮੇਰੇ ਤੋਂ ਨਫ਼ਰਤ ਹੀ ਹੋਈ ਜਾ ਰਹੀ ਸੀ।
ਮੇਰੇ ਦਿਨ ਬਹੁਤ ਔਖੇ ਸਨ, ਕਰੋਨਾ ਨੇ ਮੇਰਾ ਤੇ ਕਾਰੋਬਾਰ ਦਾ ਲੱਕ ਤੋੜ ਦਿੱਤਾ ਸੀ। ਮੇਰੇ ਕੋਲ ਖੁੱਲ੍ਹੇ ਪੈਸੇ ਹੁੰਦੇ ਤੇ ਮੈਂ ਲੱਖ ਕੋਸ਼ਿਸ਼ਾਂ ਕਰਦੀ ਕਿਸੇ ਤਰੀਕੇ ਵੀਜ਼ਾ ਲੱਗ ਜਾਣ ਦੀਆਂ। ਪਰ ਮੈਂ ਸੋਚਿਆ ਵੀ ਨਹੀਂ, ਕਿਸੇ ਨਾਲ ਗੱਲ ਵੀ ਨਹੀਂ ਕੀਤੀ। ਹੋਰ ਵੀ ਔਖੇ ਹੋਣ ਦੀ ਮੇਰੇ ਵਿੱਚ ਕੋਈ ਗੁੰਜਾਇਸ਼ ਨਹੀਂ ਸੀ। ਤਕਰੀਬਨ 60-70 ਪਰਿਵਾਰਾਂ ਦੀ ਰੋਟੀ ਚੱਲਦੀ ਸੀ ਸਾਡੇ ਕਾਰੋਬਾਰ ਤੋਂ।
ਦਿਨ ਬਹਿਤਰ ਹਨ, ਮੁਸ਼ਕਲਾਂ ਘਟੀਆਂ ਤੇ ਨਹੀਂ ਪਰ ਇਹਨਾਂ ਨਾਲ ਰਹਿਣ ਦਾ ਵੱਲ ਆ ਗਿਆ ਹੈ ਮੈਨੂੰ। ਅਸੀਂ ਦਿਨੋ-ਦਿਨ ਤਰੱਕੀ ਕਰ ਰਹੇ ਹਾਂ।
ਪਰ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਆਪਣੇ ਬੱਲ ਤੇ ਪੈਰ ਧਰਾਂਗੀ, ਇੱਕ ਦਫ਼ਤਰ ਵੀ ਖੋਲ੍ਹਾਂਗੀ - ਜਿਸ ਦਾ Headoffice ਹੋਵੇਗਾ “ਪੰਜਾਬ”।
ਜ਼ਿੰਦਗੀ ਦੇ ਸਭ ਤੋਂ ਦੁੱਖਦਾਈ ਅਸਹਿ ਪਲ, ਸਭ ਤੋਂ ਵੱਡੇ ਸੁਪਨੇ ਨੂੰ ਜਨਮ ਦਿੰਦੇ ਹਨ।
- ਮਨਦੀਪ
5 ਮਾਰਚ 2023
ਮੇਰਾ ਸੁਪਨਾ ਹੈ, ਅਗਲੇ ਪੰਜ ਸਾਲਾਂ ਵਿੱਚ, ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੇਰੀ ਇੱਕ 100 ਦੀ ਟੀਮ ਦੀ IT ਕੰਪਨੀ ਹੋਵੇ। ਮੈਂ ਹਰ ਜ਼ਿਲ੍ਹੇ ਦੇ ਪਰਿਵਾਰਾਂ ਨੂੰ ਮਿਲਦੀ ਰਹਾਂ। ਮਿਲ ਸਕਾਂ ਗੱਲ ਕਰ ਸਕਾਂ। ਨੌਜਵਾਨਾਂ ਲਈ ਰਾਹ ਦਸੇਰਾ ਬਣ ਸਕਾਂ। ਆਪਣੇ ਕਾਰੋਬਾਰੀ ਮਾਡਲ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਕਾਪੀ ਕਰ ਕੇ ਦਿਖਾਵਾਂ। ਲੋਕ ਮੈਨੂੰ ਅਸਾਨੀ ਨਾਲ ਮਿਲ ਸਕਣ। ਮੇਰੀ ਕੰਪਨੀ ਪੰਜਾਬ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀਆਂ ਦਾ ਮੈਨੂੰ ਮਿਲਣ ਦਾ ਜ਼ਰੀਆ ਬਣੇ।
ਮੇਰੇ ਹਮਸਫ਼ਰ ਦੇ ਮੈਨੂੰ ਸਦਾ ਲਈ ਇਕੱਲੀ ਛੱਡ ਕੇ ਅਮਰੀਕਾ ਰਹਿਣ ਦੇ ਫ਼ੈਸਲੇ ਤੋਂ ਮੈਂ ਸਿੱਖਿਆ ਕਿ ਕਿਰਤ ਕਰਨਾ ਬੰਦੇ ਤੇ ਨਹੀਂ ਟਿਕਿਆ ਹੁੰਦਾ। ਇਮਾਨਦਾਰ ਰਹਿਣਾ, ਕਿਰਤ ਕਰਨਾ, ਕਾਰੋਬਾਰ ਕਰਨਾ ਤੁਹਾਡੀ ਸੋਚ ਤੇ ਟਿਕਿਆ ਹੁੰਦਾ ਹੈ।
ਮੇਰੀ ਮਿਹਨਤ ਆਉਣ ਵਾਲੇ ਸਮੇਂ ਵਿੱਚ 100 ਗੁਣਾਂ ਵੱਧ ਹੋਵੇਗੀ। ਮੈਂ ਮੰਨਦੀ ਹਾਂ, ਸਾਰਾ ਪੰਜਾਬ ਅਤੇ ਹਰ ਪੰਜਾਬੀ ਮੇਰਾ ਪਰਿਵਾਰ ਹੈ। ਦੇਖਿਆ ਤੇ ਰੱਬ ਨੂੰ ਵੀ ਨਹੀਂ ਮੈਂ, ਪਰ ਮੰਨਦੀ ਹਾਂ। ਇਸੇ ਤਰ੍ਹਾਂ ਮੈਂ ਤੁਹਾਨੂੰ ਬਿਨ੍ਹਾਂ ਦੇਖੇ ਪਰਿਵਾਰ ਮੰਨਦੀ ਹਾਂ। ਮੈਨੂੰ ਮਹਿਸੂਸ ਹੁੰਦਾ ਹੈ ਮੈਂ ਸੱਚਮੁੱਚ ਪੰਜਾਬ ਦੀ, ਪੰਜਾਬ ਦੇ ਪਿੰਡਾਂ ਦੀ ਧੀ ਹਾਂ। ਮੈਨੂੰ ਪਿਆਰ ਦੀ, ਸਤਿਕਾਰ ਦੀ ਕੋਈ ਕਮੀ ਨਹੀਂ ਹੈ। ਸਭ ਚੜ੍ਹਦੀ ਕਲਾ ਵਿੱਚ ਸੀ, ਹੈ ਅਤੇ ਸਦਾ ਰਹੇਗਾ। ਕੰਡੇ ਚੁੱਭਦੇ ਰਹਿਣਗੇ, ਫੁੱਲ ਖਿੜ੍ਹਿਆ ਰਹੇਗਾ।
ਸ਼ੁਕਰੀਆ - ਤੁਹਾਡੀ ਮਨਦੀਪ
25 ਫਰਵਰੀ 2023
ਵੱਡਾ ਟੀਚਾ ਲੈ ਕੇ ਵਿਸ਼ਾਲ ਸੁਪਨੇ ਲਏ ਜਾਂਦੇ ਹਨ। ਵੱਡੇ ਵੱਡੇ ਸੁਪਨੇ ਤੇ ਜੋਸ਼ੀਲੇ ਖੰਭ। ਉਸ ਅਸਮਾਨ ਵਿੱਚ ਉੱਡਦੇ ਉੱਡਦੇ ਖੁਸ਼ ਵੀ ਹੋਈਦਾ, ਰੱਬਾ ਮੈਂ ਕਿੰਨੀ ਨੇੜੇ ਤੇਰੇ .. ਮੈਨੂੰ ਜੋਸ਼ੀਲੇ ਖੰਭ ਬਖ਼ਸ਼ੇ ਹਨ।
ਕਈ ਵਾਰ ਜ਼ਿੰਦਗੀ ਵਿੱਚ ਐਸਾ ਕੁੱਝ ਹੋ ਜਾਂਦਾ ਹੈ, ਜੋ ਕਦੇ ਸਾਡੀ ਕਲਪਨਾ ਵਿੱਚ ਵੀ ਨਹੀਂ ਹੁੰਦਾ। ਮੇਰੀ ਕਲਪਨਾ ਵਿੱਚ ਕਦੇ ਵੀ ਨਹੀਂ ਸੀ ਕਿ ਉੱਡਦੇ ਉੱਡਦੇ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਈਦਾ। ਇਹ ਮੰਜ਼ਲਾਂ ਜ਼ਰੂਰੀ ਨਹੀਂ ਖੰਭਾਂ ਸਿਰ ਤੇ ਸਰ ਕਰਨੀਆਂ ਨੇ, ਪਹਾੜਾਂ ਦੀਆਂ ਚੋਟੀਆਂ ਛੋਟੇ- ਛੋਟੇ ਕਦਮਾਂ ਨਾਲ ਵੀ ਸਰ ਹੋ ਜਾਂਦੀਆਂ ਹਨ।
ਇਹ ਖੰਭ ਨੋਚ ਖਾਣ ਵਾਲੇ ਲੋਕ, ਤੁਹਾਨੂੰ ਧੋਖਾ ਦੇਣ ਵਾਲੇ ਲੋਕ, ਝੂਠ ਬੋਲਣ ਵਾਲੇ ਲੋਕ ਅਸਲ ਵਿੱਚ ਨਾਸਤਿਕ ਲੋਕ ਹਨ। ਰੱਬ ਨੂੰ ਮੰਨਣ ਵਾਲੇ ਨੂੰ ਤੇ ਪਤਾ ਹੈ, ਖੰਭ ਪਰਤ ਆਉਣੇ ਹਨ… ਉਡਾਰੀ ਹੋਰ ਉੱਚੀ ਹੋ ਜਾਣੀ ਹੈ… ਜੋਸ਼ੀਲੇ ਖੰਭ!
ਜ਼ਿੰਦਾ-ਦਿਲ - ਮਨਦੀਪ
18 ਫਰਵਰੀ 2023
ਮੈਨੂੰ ਖੁਸ਼ੀ ਹੁੰਦੀ ਹੈ ਆਪਣੇ ਪਿਤਾ ਜੀ ਨੂੰ ਖ਼ਾਸ ਮਹਿਮਾਨਾਂ ਨਾਲ ਮਿਲਵਾ ਕੇ। ਮੇਰੇ ਪਿਤਾ ਨੇ ਹੀ ਮੇਰੇ ਵਿੱਚ ਇਮਾਨਦਾਰੀ ਅਤੇ ਜੀਅ ਜਾਨ ਨਾਲ ਮਿਹਨਤ ਕਰਨ ਦਾ ਜਜ਼ਬਾ ਪੈਦਾ ਕੀਤਾ ਹੈ।
ਮੇਰੇ ਹਮਸਫ਼ਰ ਦੇ ਸਾਥ ਛੱਡਣ ਨੇ ਭਾਵੇਂ ਮੈਨੂੰ ਕਦੇ ਨਾ ਹੰਝੂ ਸੁੱਕਣ ਵਾਲਾ ਗਹਿਰਾ ਸਦਮਾ ਦਿੱਤਾ ਹੈ ਪਰ ਦੁਨੀਆਂ ਦੀਆਂ ਖੂਬਸੂਰਤ ਮੁਸਕਰਾਹਟਾਂ ਅਤੇ ਸੁਕੂਨ ਨਾਲ ਭਰੇ ਪਲ ਵੀ ਮੇਰੇ ਹਿੱਸੇ ਆਏ ਹਨ।
ਮਿਸ ਇੰਗਲੈਂਡ - ਜੈਸਿਕਾ ਐਸ਼ਲੇ ਦਾ ਸਾਡੇ ਪਿੰਡ ਟਾਂਗਰਾ ਆਉਣਾ, ਮੇਰੇ ਮਾਤਾ, ਪਿਤਾ, ਭਰਾ ਨੂੰ ਮਿਲਣਾ ਤੇ ਮੇਰੇ ਕੰਮ ਦੀ ਜੰਮ ਕੇ ਤਾਰੀਫ ਕਰਨਾ ਬਹੁਤ ਭਾਵੁਕ ਹੈ।
ਮੈਂ ਕਿਵੇਂ ਇੱਕੋ ਪਲ ਹੱਸਦੀ ਤੇ ਰੋਂਦੀ ਹਾਂ ਸ਼ਾਇਦ ਇਹੀ ਮੇਰੇ ਵਿੱਚ ਖ਼ਾਸੀਅਤ ਹੈ। ਪੀੜ ਦੇ ਸਿਖਰ ਤੇ ਵੀ ਮੇਰਾ ਜੋਸ਼ ਸਿਖਰ ਹੁੰਦਾ ਹੈ।
ਮੈਂ ਆਪ ਸਭ ਦੇ ਬੇਸ਼ੁਮਾਰ ਪਿਆਰ ਅਤੇ ਸਾਥ ਲਈ ਬਹੁਤ ਰਿਣੀ ਹਾਂ।
- ਤੁਹਾਡੀ ਮਨਦੀਪ
18 ਫਰਵਰੀ 2023
ਰੰਗਾਂ ਤੋਂ ਬਿਨ੍ਹਾਂ ਤੁਹਾਨੂੰ ਅਪਣਾਉਣ ਵਾਲੇ ਬਹੁਤ ਹੀ ਘੱਟ ਹੋਣਗੇ, ਪਰ ਸੱਚ ਹੋਣਗੇ। ਕਈ ਦੋਸਤ ਤੁਹਾਡੀ ਜ਼ਿੰਦਗੀ ਵਿੱਚ ਰੰਗ ਭਰਨ ਦੀ ਕਾਬਲੀਅਤ ਰੱਖਦੇ ਹਨ। ਤੁਹਾਡੀ ਸਾਦਗੀ ਵੀ ਉਹਨਾਂ ਦੀਆਂ ਨਜ਼ਰਾਂ ਵਿੱਚ ਰੱਬ ਦਾ ਦਿੱਤਾ ਇੱਕ ਖ਼ੂਬਸੂਰਤ ਰੰਗ ਹੈ।
ਜੇ ਰੰਗ, ਸੱਜਣਾ ਸੰਵਰਨਾ, ਪਿਆਰ ਅਤੇ ਨੇੜਤਾ ਵਿੱਚ ਘਾਟਾ ਵਾਧਾ ਕਰਦਾ ਹੈ, ਤੇ ਉਹ ਪਿਆਰ ਹੈ ਹੀ ਨਹੀਂ। ਤੁਹਾਡੀ ਸੀਰਤ ਨੂੰ, ਰੂਹ ਨੂੰ ਅਤੇ ਤੁਹਾਡੀ ਸੋਚ ਨੂੰ ਪਿਆਰ ਕਰਨ ਵਾਲੇ ਹੀ ਤੁਹਾਡੇ ਅਸਲ ਸਾਥੀ ਹਨ।
ਇਹ ਬਾਕੀ ਦਾ ਫਜ਼ੂਲ ਭਾਰ ਢੋਹ ਕੇ ਤੁਸੀਂ ਕਰਨਾ ਵੀ ਕੀ ਹੈ? ਉਹਨਾਂ ਦੀ ਭਰਭੂਰ ਇੱਜ਼ਤ ਕਰੋ, ਜੋ ਤੁਹਾਨੂੰ ਉਸੇ ਤਰ੍ਹਾਂ ਕਬੂਲਦੇ ਹਨ, ਜਿਵੇਂ ਤੁਸੀਂ ਰਹਿਣਾ ਚਾਹੁੰਦੇ ਹੋ।
15 ਫਰਵਰੀ 2023
ਮੈਂ ਪਿੰਡ ਬੈਠ ਕੇ ਸੁਪਨੇ ਲਏ ਸਨ, ਤੇ ਦੁਨੀਆਂ ਨੂੰ ਕਿਤਾਬਾਂ ਵਿੱਚੋਂ ਦੇਖਿਆ ਹੈ। ਮਿੱਟੀ ਦਾ ਮੋਹ.. ਸੋਨਾ ਬਣ ਬਣ ਮੇਰੀ ਕਿਸਮਤ ਚਮਕਾ ਰਿਹਾ ਹੈ। ਸਾਡੇ ਘਰ ਕੋਲ ਕਬਾੜੀਆ ਹੈ, ਉਸ ਨੂੰ ਦੇਖ ਕੇ ਗ਼ੁੱਸੇ ਨਾਲ ਮੇਰੇ ਬਾਹਰ ਰਹਿੰਦੇ ਕਰੀਬੀ ਨੇ ਕਿਹਾ “ਕੂੜੇ ਵਿੱਚ ਰਹਿ ਕੇ ਖੁਸ਼ੀ ਮਿਲਦੀ ਤੈਨੂੰ” ਮੈਨੂੰ ਉਹ ਅਵਾਜ਼ ਨਹੀਂ ਭੁੱਲਦੀ। ਇਸੇ ਧਰਤੀ ਤੇ ਪਲ ਕੇ ਬਾਹਰ ਗਏ ਹੋ ਤੁਸੀਂ, ਜਦ ਇਹ ਆਪਣਾ ਸੀਨਾ ਚੀਰ ਚੀਰ ਪਾਲਦੀ ਹੈ ਓਦੋਂ ਨਹੀਂ ਦਿਸਦਾ, ਬਾਹਰ ਜਾ ਕੇ ਇਹ ਕੂੜਾ ਦਿਸਣ ਲੱਗ ਜਾਂਦਾ ਹੈ।
ਮਾਣ ਹੈ ਅੱਜ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਪਰਤ ਕੇ ਇੱਥੇ ਕਾਰੋਬਾਰ ਕਰਨ ਦਾ ਫ਼ੈਸਲਾ ਲਿਆ, ਆਪਣੇ ਪੰਜਾਬ ਰਹਿ ਕੇ ਦੁਨੀਆਂ ਵਿੱਚ ਨਾਮ ਬਣਾਉਣ ਦਾ ਫ਼ੈਸਲਾ ਲਿਆ, ਇਹ ਅਸਲ “Reverse Migration” ਹੈ। ਇੱਥੇ ਸਭ ਸੰਭਵ ਹੈ, ਬੱਸ ਇਹ ਸੋਚ ਛੱਡ ਦਿਓ “ਕੋਈ ਸਾਡੀ ਮਦਦ ਕਰੇ”।
14 ਫਰਵਰੀ 2023
ਜ਼ਿੰਦਗੀ ਵਿੱਚ ਮੈਨੂੰ ਕੋਈ ਅਹੁਦਿਆਂ ਦੀ ਕਮੀ ਨਹੀਂ ਸੀ। ਹਰ ਖੇਤਰ ਵਿੱਚ ਅੱਗੇ ਜਾਣ ਦਾ ਮੌਕਾ ਮੇਰੇ ਕੋਲ ਸੀ, ਚਾਹੇ ਵਧੀਆ ਨੌਕਰੀ, ਚਾਹੇ ਵਿਦੇਸ਼ ਤੇ ਚਾਹੇ ਰਾਜਨੀਤੀ। ਮੇਰੇ ਕੋਲ ਸੌਖੇ ਤੋਂ ਸੌਖੇ ਰਾਹ ਅਤੇ ਚੰਗੇ ਤੋਂ ਚੰਗੇ ਅਵਸਰ ਸਨ।
ਸੋਨੇ ਤੋਂ ਸੁੰਦਰ ਗਹਿਣਾ ਬਣਨ ਲਈ, ਆਪ ਭੱਠੀ ਵਿੱਚ ਤਪਣ ਲਈ ਤਿਆਰ ਰਹਿਣ ਵਾਲਿਆਂ ਵਿੱਚ ਮੇਰਾ ਨਾਮ ਹੋਵੇ, ਇਹ ਮੇਰੀ ਖਾਹਿਸ਼ ਹੈ। ਚੰਗੇ ਚੰਗੇ ਲੋਕ ਹੀਰਿਆਂ ਵਾਂਗ ਮੇਰੇ ਸਫ਼ਰ ਵਿੱਚ ਜੜਦੇ ਜਾ ਰਹੇ ਹਨ। ਮੈਂ ਖੁਸ਼ਕਿਸਮਤ ਹਾਂ।
ਮੈਂ ਰੋਜ਼ ਚੁਣੌਤੀ ਚੁਣਦੀ ਹਾਂ। ਮੁਸ਼ਕਲ ਦਾ ਹੱਲ ਕਰਨ ਨੂੰ ਆਪਣੀ ਮੁਹਾਰਤ ਬਣਾਉਣ ਦਾ ਅਭਿਆਸ ਕਰਦੀ ਹਾਂ। ਜਦ ਕੰਡੇ ਚੁਭਦੇ ਹਨ ਤੇ ਹਾਏ ਹਾਏ ਕਰਨਾ ਸਾਡਾ ਕੰਮ ਨਹੀਂ, ਕੰਡਾ ਕੱਢਣ ਦਾ ਅਭਿਆਸ ਕਰਨਾ ਸਾਡਾ ਕੰਮ ਹੈ। ਵਾਰ ਵਾਰ ਅਭਿਆਸ..
ਰੋਜ਼ ਜੋ ਬਿਨ੍ਹਾਂ ਸਹਾਰੇ ਲਏ ਮੁਸ਼ਕਲਾਂ ਤੇ ਚੁਣੌਤੀਆਂ ਚੁਣਦੇ ਹਨ, ਉਹਨਾਂ ਦੇ ਰਾਹ ਨਵੇਂ ਤੇ ਮੰਜ਼ਲਾਂ ਵੱਖ ਹੁੰਦੀਆਂ ਹਨ। ਉਹ ਰਾਹ ਦਸੇਰੇ ਬਣਦੇ ਹਨ।
ਪਰ ਅਸੀਂ ਹੁਣ, ਲਿਫ਼ਾਫ਼ੇ ਦੀ ਗੰਢ ਖੋਲ੍ਹਣ ਲਈ ਵੀ …. ਮੰਮੀ .. ਸੱਦ ਲੈੰਦੇ ਹਾਂ।
14 ਫਰਵਰੀ 2023
ਜਦ ਖ਼ੁਦ ਨੂੰ ਦੁਖੀ ਪਾਓ, ਤੇ ਵਾਰ ਵਾਰ ਸੋਚੋ ਕਿਸੇ ਹੋਰ ਦਾ ਦਿਲ ਤੇ ਨਹੀਂ ਦੁਖਾਇਆ। ਪਿਆਰ ਵੰਡਣ ਨਾਲ ਹੀ ਪਿਆਰ ਮਿਲਦਾ ਹੈ, ਤੇ ਇੱਜ਼ਤ ਕਰਨ ਨਾਲ ਇੱਜ਼ਤ। ਕਿਸੇ ਲਈ ਚੰਗਾ ਸੋਚੋਗੇ ਤੇ ਲੋਕ ਵੀ ਤੁਹਾਡੇ ਲਈ ਚੰਗਾ ਸੋਚਣਗੇ। ਕਿਸੇ ਨੂੰ ਖੂਨਦਾਨ ਕਰ ਦਿਓਗੇ, ਤੇ ਤੁਹਾਨੂੰ ਵੀ ਕੋਈ ਸੜਕ ਤੋਂ ਚੁੱਕ ਲਵੇਗਾ।
ਜੋ ਕਰੋਗੇ ਓਹੀ ਹੋਵੇਗਾ। ਫੇਰ ਵੀ ਲੱਗੇ ਕਿ ਮੇਰਾ ਕੋਈ ਕਸੂਰ ਨਹੀਂ ਮੈਂ ਰੱਬ ਹਾਂ ਤੇ ਮੁਆਫ਼ ਕਰਨਾ ਸਿੱਖੋ।
13 ਫਰਵਰੀ 2023
ਸੁਹੱਪਣ ਸੁਭਾਅ ਵਿੱਚ ਹੈ, ਸੁਹੱਪਣ ਰੂਹ ਵਿੱਚ, ਸੁਹੱਪਣ ਬੋਲੀ ਵਿੱਚ ਹੈ, ਸੁਹੱਪਣ ਇੱਜ਼ਤ ਦੇਣ ਵਿੱਚ ਹੈ… ਤੇ ਅਸਲ ਸੁਹੱਪਣ “ ਨਿਰਸਵਾਰਥ “ ਹੋਣ ਵਿੱਚ ਹੈ। “ਪਿਆਰ” ਦਾ ਦੂਜਾ ਰੂਪ ਹੈ ਕਿਸੇ ਪ੍ਰਤੀ “ ਨਿਰਸਵਾਰਥ “ ਹੋਣਾ।
ਆਪਣੇ ਹਮਸਫ਼ਰ ਤੋਂ ਅਲੱਗ ਹੋਣ ਵੇਲੇ, ਮੈਂ ਸਭ ਦੇ ਉਲਟ ਫ਼ੈਸਲਾ ਲਿਆ ਕਿ ਮੈਂ ਉਸ ਤੋਂ ਇੱਕ ਆਨੀ ਵੀ ਨਹੀਂ ਲਵਾਂਗੀ, ਬਲਕਿ ਜੋ ਉਸ ਨੂੰ ਲੱਗਦਾ ਹੈ ਉਸਦਾ ਹੈ, ਲੈ ਲਵੇ। ਕਿਉਂਕਿ ਮੈਂ ਅਜਿਹੇ ਸਮਾਜ ਨੂੰ ਦੱਸਣਾ ਚਾਹੁੰਦੀ ਸੀ, ਹੁੰਦੀਆਂ ਪੰਜਾਬ ਵਿੱਚ ਕੁੱਝ ਕੁੜੀਆਂ ਜੋ ਤੁਹਾਨੂੰ ਸਿਰਫ਼ “ਪਿਆਰ” ਹੀ ਕਰਦੀਆਂ ਹਨ, ਤੁਹਾਡੇ ਪੈਸੇ ਜਾਂ ਵਿਦੇਸ਼ੀ ਧਰਤੀਆਂ ਨੂੰ ਨਹੀਂ। ਤੁਹਾਡੇ ਸੁਪਨੇ ਨੂੰ ਆਪਣਾ ਸੁਪਨਾ ਬਣਾ ਲੈੰਦੀਆਂ ਹਨ। ਹੋ ਸਕਦਾ ਸਾਡਾ ਪਿਆਰ ਜਤਾਉਣ ਦਾ ਢੰਗ ਮਿਹਨਤ ਕਰਨਾ ਹੀ ਹੋਵੇ। ਖ਼ੈਰ, ਰੱਬ ਦਾ ਬਖ਼ਸ਼ਿਆ ਬੇਸ਼ੁਮਾਰ ਪਿਆਰ ਹੈ
ਸੁਹੱਪਣ ਕੱਪੜਿਆਂ, ਵਾਲਾਂ ਤੇ ਸ਼ਕਲਾਂ ਵਿੱਚ ਨਹੀਂ, ਅੰਦਰ ਹੈ। ਜ਼ਿੰਦਗੀ ਵਿੱਚ ਚੰਗੀਆਂ ਰੂਹਾਂ ਜੁੜਦੀਆਂ ਜਾਣ .. ਸੁਹੱਪਣ ਵੱਧਦਾ ਜਾਂਦਾ ਹੈ.. ਚਿਹਰੇ ਦਾ ਨੂਰ, ਸੁਕੂਨ ਨਾਲ ਦੁੱਗਣਾ ਹੋ ਜਾਂਦਾ ਹੈ.. ਜ਼ਿੰਦਗੀ ਸੋਹਣੀ ਹੁੰਦੀ ਜਾਂਦੀ ਹੈ .. ਜਿਊਣ ਨੂੰ ਦਿਲ ਕਰਦਾ ਹੈ .. ਮੁਸਕਰਾਉਣਾ ਸੌਖਾ ਹੋ ਜਾਂਦਾ ਹੈ... ਨੀਂਦ ਬਹਿਤਰ ਆਉਂਦੀ ਹੈ ..
12 ਫਰਵਰੀ 2023
ਅੱਖਾਂ ਵਾਰ ਵਾਰ ਰੋਣਗੀਆਂ, ਜਦ ਔਖੇ ਰਾਹ ਤੁਰਨਗੇ ਕਦਮ। ਬੁੱਲ੍ਹ ਵਾਰ ਵਾਰ ਮੁਸਕਰਾਉਣਗੇ ਜਦ ਔਖੇ ਰਾਹਾਂ ਨੂੰ ਸਰ ਕਰੋਗੇ। ਇਹ ਕੁਦਰਤੀ ਸਿਲਸਿਲਾ ਹੈ, ਡਿੱਗਣ ਦਾ ਉੱਠਣ ਦਾ, ਬੱਸ ਜ਼ਿੱਦ ਇਹ ਹੋਣੀ ਚਾਹੀਦੀ ਕਿ ਰੋਣ ਤੇ ਹੱਥਿਆਰ ਨਹੀਂ ਛੱਡਣੇ, ਮੁਸਕਰਾਉਣ ਤੇ ਹੀ ਅੰਤ ਹੋਵੇ... ! ਹਾਰ ਤੇ ਹਾਰਨਾ ਨਹੀਂ, ਕੋਸ਼ਿਸ਼ ਬਰਕਰਾਰ ਰੱਖ ਫੇਰ ਉਠਣਾ, ਜਿੱਤ ਹਾਸਿਲ ਕਰਨੀ, ਮੰਜ਼ਿਲਾਂ ਤੱਕ ਪਹੁੰਚਣਾ ਚਾਹੇ ਡਿੱਗਦੇ ਢਹਿੰਦੇ ਹੀ।
“ਹਾਰਦੀਆਂ ਨਹੀਂ, ਸਬਰ ਬਣ ਜਾਂਦੀਆਂ ਨੇ।
ਮਰਦੀਆਂ ਨਹੀਂ, ਅਮਰ ਬਣ ਜਾਂਦੀਆਂ ਨੇ।
ਹਨ੍ਹੇਰਿਆਂ ਵਿੱਚ, ਚਾਨਣੀ ਨਜ਼ਰ ਬਣ ਜਾਂਦੀਆਂ ਨੇ।
ਮਲੂਕ ਜਿਹੀਆਂ ਤਿਤਲੀਆਂ, ਮਗਰ ਬਣ ਜਾਂਦੀਆਂ ਨੇ।
ਆਪਣੇ ਗ਼ਮਾਂ ਦੀ, ਕਬਰ ਬਣ ਜਾਂਦੀਆਂ ਨੇ।
ਚੀਰਦੀਆਂ ਜਦ ਪਹਾੜ, 'ਟਾਂਗਰਾ' ਫਿਰ ਖ਼ਬਰ ਬਣ ਜਾਂਦੀਆਂ ਨੇ।”
29 ਜਨਵਰੀ 2023
ਇਹ ਜ਼ਿੰਦਗੀ ਖ਼ੂਬਸੂਰਤ ਬਹੁਤ ਹੈ, ਪਰ ਪਤਾ ਨਹੀਂ ਕਿ ਕਿੰਨੀ ਹੈ। ਇਸ ਨੂੰ ਆਪਣੇ ਲਈ ਵੀ ਜੀਅ ਲੈਣਾ ਚਾਹੀਦਾ ਹੈ। ਜਿਸ ਨੂੰ ਖ਼ੁਦ ਲਈ ਜਿਊਣਾ ਆਉਂਦਾ ਹੈ, ਰੱਬ ਦੇ ਦਿੱਤੇ ਸਰੀਰ ਤੇ ਆਤਮਾ ਦਾ ਪੂਰਾ ਸਨਮਾਨ ਕਰਨਾ ਆਉਂਦਾ ਹੈ, ਉਹ ਦੂਜਿਆਂ ਨੂੰ ਵੀ ਚੰਗੀ ਅਤੇ ਖ਼ੁਸ਼ਹਾਲ ਜ਼ਿੰਦਗੀ ਲਈ ਪ੍ਰੇਰਿਤ ਕਰ ਸਕਦਾ ਹੈ। ਜਿਸ ਨੂੰ ਸ਼ੁਕਰ ਨਹੀਂ ਉਸ ਨੂੰ ਸੁਕੂਨ ਨਹੀਂ।
ਦਿਲੋਂ ਨਿਕਲੀ ਅਵਾਜ਼ ਰੱਬ ਦੀ ਅਵਾਜ਼ ਹੁੰਦੀ ਹੈ। ਇਸ ਅਵਾਜ਼ ਦੇ ਰਾਹ ਪੈਣਾ ਅਸਲ ਸੁਕੂਨ ਹੈ। ਦਿਲ ਦੀ ਅਵਾਜ਼ ਤੁਹਾਨੂੰ ਕਦੇ ਵੀ ਗਲਤ ਰਾਹ ਨਹੀਂ ਪਾਵੇਗੀ। ਦੁਨੀਆਂ ਤੋਂ ਕੀ ਲੈਣਾ ਹੈ, ਸਾਡੀ ਜ਼ਿੰਦਗੀ ਬਹੁਤ ਹੀ ਛੋਟੀ ਹੈ, ਕਿਸੇ ਨਹੀਂ ਪੁੱਛਣਾ ਜਦ ਅਸੀਂ ਨਹੀਂ ਰਹਿਣਾ। ਰੋਜ਼ ਹੀ, ਅੱਜ ਇਸ ਤਰ੍ਹਾਂ ਜੀਓ, ਜਿਵੇਂ ਜ਼ਿੰਦਗੀ ਦਾ ਅਖੀਰਲਾ ਦਿਨ ਹੋਵੇ। #MandeepKaurTangra
21 ਜਨਵਰੀ 2023
ਸਭ ਤੋਂ ਔਖੇ ਪਲ ਸਹਿਜੇ ਟਪਾ ਲੈਣਾ ਹੀ ਅਸਲ ਜ਼ਿੰਦਗੀ ਹੈ, ਅਸਲ ਜਿਊਣਾ ਹੈ। ਜੇ ਦਰਦ ਨਾ ਬਰਦਾਸ਼ ਕਰੋ, ਹੱਠ ਛੱਡ ਦਿਓ ਤੇ ਜ਼ਿੰਦਗੀ ਖ਼ਤਮ ਹੈ। ਇਹ ਮਰ ਕੇ ਜਿਊਣਾ ਕਰਾਮਾਤ ਨਹੀਂ ਹੈ, ਗ਼ਮੀ ਤੋਂ ਖੁਸ਼ੀ ਵੱਲ ਮੁੜਨਾ, ਆਪਣੇ ਹੀ ਅੰਤ ਤੋਂ ਬਾਰ ਬਾਰ ਮੁੜਨਾ ਸਾਡੇ ਦਰਦ ਬਰਦਾਸ਼ ਕਰਨ ਦੇ ਚੰਗੇ ਅਭਿਆਸੀ ਹੋਣ ਦਾ ਸਬੂਤ ਹੈ।
ਅਭਿਆਸੀ ਬਣੋ।- #MandeepKaurTangra
14 ਜਨਵਰੀ 2023
2022 ਵਿੱਚ ਰਾਜਨੀਤਕ ਲੋਕਾਂ ਦੀ ਹਵਾ ਬਹੁਤ ਚੱਲੀ ਮੇਰੇ ਵੱਲ। 2022 ਮੇਰਾ ਜ਼ਿੰਦਗੀ ਦਾ ਕਾਫ਼ੀ ਚੁਣੌਤੀਆਂ ਭਰਿਆ ਸਾਲ ਰਿਹਾ। ਸਭ ਤੋਂ ਵੱਧ ਗਵਾਉਣ ਵਾਲਾ ਸਾਲ। ਇਹ ਸਾਲ ਹਨ੍ਹੇਰੀ ਵਾਂਗ ਸੀ, ਐਸੀ ਚੱਲੀ ਕਿ ਜੋ ਆਪਣੇ ਨਹੀਂ, ਜੜੋਂ ਪੁੱਟੇ ਗਏ। ਤਕਰੀਬਨ ਦੋ ਸਾਲ ਤੋਂ ਮੇਰੀ ਕੰਪਨੀ ਦੇ ਹਾਲਾਤ ਨਾਜ਼ੁਕ ਰਹੇ, ਖ਼ਾਸ ਕਰ ਕਰੋਨਾ ਤੋਂ ਬਾਅਦ ਅਤੇ ਜੀਵਨਸਾਥੀ ਦੇ ਮੇਰਾ ਸਾਥ ਛੱਡਣ ਦੇ ਫ਼ੈਸਲੇ ਤੋਂ ਬਾਅਦ, ਮੁਸੀਬਤਾਂ ਦਾ ਕਹਿਰ ਸੀ। ਮੈਨੂੰ ਮੇਰੇ ਨਾਲ ਕੰਮ ਕਰਨ ਵਾਲਿਆਂ ਦੀ ਬਹੁਤ ਜ਼ਿਆਦਾ ਫਿਕਰ ਸੀ। 2022 ਵਿੱਚ ਮੇਰੇ ਚੰਗੇ ਤੋਂ ਚੰਗੇ ਟੀਮ ਮੈਂਬਰ ਛੱਡ ਕੇ ਗਏ, ਮੈਂ ਪੂਰੇ ਸਾਲ ਸਹੀ ਵਕਤ ਤਨਖਾਹ ਨਹੀਂ ਦੇ ਸਕੀ। ਮੈਂ ਆਪਣਿਆਂ ਦੇ ਕਾਰੋਬਾਰ ਵਿੱਚ ਦਿੱਤੇ ਧੋਖਿਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਜਿਸ ਨਾਲ ਮੇਰਾ ਸਾਲਾਨਾ ਲੱਖਾਂ ਦਾ ਨਹੀਂ ਕਰੋੜਾਂ ਦਾ ਨੁਕਸਾਨ ਹੋਇਆ। ਮੈਂ ਕਈ ਦਿਨ ਸੌਂ ਕੇ ਨਹੀਂ ਦੇਖਿਆ, ਪਰ ਸਾਹ ਚੱਲਦੇ ਰੱਖੇ। ਮੀਂਹ ਹਟਣ ਦੀ ਉਡੀਕ ਕਰਦੀ ਰਹੀ।
ਖ਼ੈਰ, ਪੂਰੇ ਸਾਲ ਇੱਕ ਨਾਮ ਜੋ ਵਾਹ ਵਾਹ ਕਰਨ ਨਹੀਂ, ਸੱਚਮੁੱਚ ਮਦਦ ਕਰਨ ਵਿੱਚ ਸਹਾਈ ਰਿਹਾ ਉਹ ਨਾਮ ਹੈ ਬੀਰ ਦੇਵਿੰਦਰ ਸਿੰਘ। ਕਈ ਲੋਕ ਸਿਰਫ਼ ਜੁੜਦੇ ਹਨ, ਪਰ ਕਈ ਤੁਹਾਨੂੰ ਸਮਝਣ ਲਈ ਤੇ ਫੇਰ ਤੁਹਾਨੂੰ ਸਹੀ ਦਿਸ਼ਾ ਦਿਖਾਉਣ ਲਈ ਜਾਂ ਫਿਰ ਸਹੀ ਲੋਕਾਂ ਨਾਲ ਜੋੜਣ ਲਈ ਜੁੜਦੇ ਹਨ। ਮੇਰੇ ਕੋਲ ਨਾਮੀ ਤੋਂ ਨਾਮੀ ਲੋਕ ਆਏ, ਮੈਂ 2022 ਵਿੱਚ ਪ੍ਰਧਾਨ ਮੰਤਰੀ ਤੱਕ ਨੂੰ ਮਿਲੀ। ਐਸਾ ਕੋਈ ਨਹੀਂ ਜਿਸਨੂੰ ਮੈਂ ਨਹੀਂ ਦੱਸਿਆ ਕਿ ਮੇਰੀ ਕੰਪਨੀ ਨੂੰ ਚੰਗੇ ਬੈਂਕ ਦੀ, ਜਾਂ ਫਿਰ ਸਰਕਾਰੀ ਮਦਦ ਦੀ ਲੋੜ ਹੈ, ਤੇ ਕੁੱਝ ਨਹੀਂ ਤੇ ਚੰਗੇ ਕੰਮ ਦੀ ਲੋੜ ਹੈ।
ਮੈਨੂੰ ਪਤਾ ਹੈ ਮੈਂ ਇੱਕ ਸਫ਼ਲ ਕਾਰੋਬਾਰੀ ਮਾਡਲ ਤਿਆਰ ਕੀਤਾ ਹੈ, ਜਿਸਨੇ ਪਹਿਲੇ 6-7 ਸਾਲ ਚੰਗੀ ਨੀਂਹ ਰੱਖੀ ਹੈ। 1-2 ਸਾਲ ਦੀ ਮੁਸੀਬਤ ਕਾਰਨ ਹਾਰ ਮਨ ਲੈਣਾ ਕੋਈ ਸਿਆਣਪ ਨਹੀਂ। ਬੀਰ ਦੇਵਿੰਦਰ ਸਿੰਘ ਜੀ ਨਾਲ ਗੱਲ ਕਰਨ ਤੇ ਮੈਨੂੰ ਚੰਗੇ ਬੈਂਕ, ਤੇ ਚੰਗੇ ਕਾਰੋਬਾਰੀਆਂ ਨਾਲ ਰਾਬਤਾ ਕਰਨ ਦਾ ਮੌਕਾ ਮਿਲਿਆ। ਬੈਂਕ ਤੇ ਕਾਰੋਬਾਰ ਦੇ ਰਾਬਤੇ ਕਰਨੇ ਕੋਈ ਔਖੇ ਨਹੀਂ, ਪਰ ਇਹ ਕੰਮ ਇਮਾਨਦਾਰੀ ਤੇ ਬਿਨ੍ਹਾਂ ਕਿਸੇ ਰਿਸ਼ਵਤ ਦੇ ਕਰਨੇ ਤੇ ਕਰਵਾਉਣੇ, ਨਿਰਸਵਾਰਥ ਹੋ ਕਿਸੇ ਨੂੰ ਵਕ਼ਤ ਦੇਣਾ, ਸਹੀ ਜਗ੍ਹਾ ਜੋੜਨਾ ਤੇ ਹਾਮੀ ਭਰ ਦੇਣੀ ਬਹੁਤ ਵੱਡੀ ਗੱਲ ਹੈ। ਕਿਸੇ ਦੀ ਕਾਬਲੀਅਤ ਤੇ ਵਿਸ਼ਵਾਸ ਕਰਨਾ ਕਿ ਤੁਸੀਂ ਠੀਕ ਕਰ ਰਹੇ ਹੋ, ਚੰਗਾ ਕਰ ਰਹੇ ਹੋ, ਤੇ ਕਰ ਸਕਦੇ ਹੋ, ਬਹੁਤ ਅੱਗੇ ਜਾ ਸਕਦੇ ਹੋ, ਜ਼ੁਬਾਨ ਦੇਣ ਵਾਲੀ ਗੱਲ ਹੈ।
ਮੇਰੀ ਜ਼ਿੰਦਗੀ ਤੇ ਮੇਰੀ ਕੰਪਨੀ ਹੁਣ ਹੌਲੀ ਹੌਲੀ ਲੀਹ ਤੇ ਆ ਰਹੀ ਹੈ, ਦਿਨ ਬੇਹਤਰ ਹੋਣਗੇ। ਹਮੇਸ਼ਾਂ ਰਾਤ ਨਹੀਂ ਰਹਿੰਦੀ.. ਸੂਰਜ ਚੜ੍ਹਦਾ ਹੈ !
ਮੈਂ ਹਮੇਸ਼ਾ ਸਹੀ ਗੱਲ ਕੀਤੀ ਹੈ, ਜੋ ਹੋ ਰਿਹਾ ਹੈ ਉਸਨੂੰ ਹਾਂ ਕਿਹਾ ਹੈ ਜੋ ਨਹੀਂ ਸੋ ਨਹੀਂ।
ਲੀਡਰ ਉਹ ਨਹੀਂ ਜੋ ਦੱਸੇ ਕੀ ਕਰਨਾ ਹੈ, ਅਸਲ ਲੀਡਰ ਉਹ ਹੈ ਜੋ ਦੱਸੇ ਕਿਵੇਂ ਕਰਨਾ ਹੈ ਤੇ ਉਸਦਾ ਸਫਲ ਹੱਲ ਵੀ ਕੱਢੇ।
ਸ਼ੁਕਰੀਆ
ਮਨਦੀਪ ਕੌਰ ਟਾਂਗਰਾ
24 ਦਸੰਬਰ 2022
ਕਹਿੰਦੇ ਦੁਨੀਆਂ ਹੈ, ਇਸ ਅੱਗੇ ਮੂੰਹ ਨਹੀਂ ਖੋਲ੍ਹੀਦਾ, ਆਪਣਾ ਭੇਤ ਨਹੀਂ ਦੱਸੀਦਾ। ਜਦ ਇਨਸਾਨ ਕੋਲ ਗਵਾਉਣ ਲਈ ਕੁੱਝ ਨਾ ਬਚੇ, ਜਦ ਉਸ ਨੂੰ ਮਰਨ ਜਿਊਣ ਦੀ ਪ੍ਰਵਾਹ ਨਾ ਰਹੇ, ਜਦ ਪੀੜ ਵਿੱਚ ਭਿੱਜ ਕੇ ਵੀ ਖੂਬਸੂਰਤ ਮੁਸਕਰਾ ਦੇਵੇ, ਤੇ ਅੱਗੇ ਵਧਣ ਦਾ ਜੋਸ਼ ਸਿਖਰ ਤੇ ਹੋਵੇ, ਤਾਂ ਉਸ ਵਿੱਚ ਸੱਚ ਬੋਲਣ ਦੀ ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।
ਮੈਂ ਆਪਣੇ ਤਜ਼ਰਬੇ, ਜ਼ਿੰਦਗੀ ਦੀ ਕਹਾਣੀ ਇਸ ਲਈ ਲਿਖਦੀ ਹਾਂ ਕਿ ਤੁਸੀਂ ਮੇਰੇ ਵਾਂਗ ਸਫਲ ਬਣੋ, ਮੇਰੇ ਤੋਂ ਕਈ ਗੁਣਾ ਬਹਿਤਰ ਬਣੋ, ਆਪਣੇ ਪੈਰਾਂ ਤੇ ਖਲ੍ਹੋਣ ਦਾ ਪੂਰਾ ਜੋਸ਼ ਪੈਦਾ ਕਰੋ, ਸੂਰਜ ਬਣੋ, ਕਦੇ ਵੀ ਧੋਖਾ ਨਾ ਖਾਓ, ਮੇਰੇ ਵਾਂਗ ਖੁਸ਼ ਰਹੋ, ਮੇਰੇ ਵਾਂਗ ਕਦੇ ਦੁਖੀ ਨਾ ਹੋਵੋ। ਮੇਰੀਆਂ ਸਫਲਤਾਵਾਂ ਤੇ ਅਸਫਲਤਾਵਾਂ ਦੀਆਂ ਕਹਾਣੀਆਂ ਦੋਵਾਂ ਦੇ ਗਵਾਹ ਬਣੋ। ਜੇ ਮੇਰੀਆਂ ਸਫਲਤਾਵਾਂ ਤੋਂ ਪ੍ਰੇਰਿਤ ਹੁੰਦੇ ਹੋ ਤੇ ਮੇਰੀਆਂ ਅਸਫਲਤਾਵਾਂ ਤੋਂ ਸਬਕ ਵੀ ਜ਼ਰੂਰ ਲਓ।
ਪਰ ਕੁੱਲ ਮਿਲਾ ਕੇ ਮੇਰਾ ਇਹ ਨਿਚੋੜ ਹੈ ਕਿ ਇਹ ਦੁਨੀਆਂ ਆਸਤਕ ਲੋਕਾਂ ਤੇ ਟਿਕੀ ਹੈ, ਨਾਸਤਕ ਤੇ ਨਹੀਂ ਅਤੇ ਨਾ ਹੀ ਉਹਨਾਂ ਤੇ ਜਿਹੜੇ ਨਾਸਤਕ ਹੋ ਕੇ ਵੀ ਆਸਤਕ ਹੋਣ ਦਾ ਚੰਗਾ ਢੋਂਗ ਕਰਨੋਂ ਨਹੀਂ ਹੱਟਦੇ। ਸਾਰੀ ਉਮਰ ਲੋਕਾਂ ਨੂੰ ਹੀ ਨਹੀਂ, ਆਪਣੇ ਆਪ ਨੂੰ ਵੀ ਧੋਖਾ ਦੇਣ ਵਿੱਚ ਕੱਢ ਦੇਂਦੇ ਹਨ। ਠੀਕ ਨੂੰ ਠੀਕ ਕਹਿਣ ਲਈ ਨਿਰਸਵਾਰਥੀ ਅਤੇ ਜ਼ਮੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਰਫ਼ ਤੇ ਸਿਰਫ਼ ਜੇ ਦੁਨੀਆਂ ਇਹ ਮਨ ਲਏ ਕਿ ਸੱਚਮੁੱਚ ਰੱਬ ਹੈ ਤੇ ਉਹ ਸਾਨੂੰ ਪਲ ਪਲ ਦੇਖ ਰਿਹਾ ਹੈ, ਸਭ ਲੇਖਾ ਜੋਖਾ ਇੱਥੇ ਹੀ ਹੈ … ਤੇ ਕੋਈ ਵੀ ਕਿਸੇ ਨਾਲ ਕਦੇ ਗਲਤ ਕਰੇਗਾ ਹੀ ਨਹੀਂ। ਸਾਰੇ ਕੰਮ ਸਹੀ ਦਿਸ਼ਾ ਵਿੱਚ ਹੋਣਗੇ।
ਕੀ ਅਸੀਂ ਆਪਣੇ ਬੱਚਿਆਂ ਨੂੰ ਆਸਤਕ ਹੋਣਾ ਸਿਖਾ ਰਹੇ ਹਾਂ??
- ਮਨਦੀਪ ਕੌਰ ਟਾਂਗਰਾ
19 ਦਸੰਬਰ 2022
“ਸ਼ੁਕਰ” ਇਸ ਗੱਲ ਦਾ ਹੈ, ਕਿ ਰੱਬ ਨੇ “ਕਿਰਤ” ਕਰਨ ਦੀ ਸੋਝੀ ਪਾਈ ਹੈ। “ਕਿਰਤ” ਹੱਕ ਹਲਾਲ ਦੀ ਕਮਾਈ ਕਰਨਾ ਤੇ ਹੈ, ਪਰ ਕਿਰਤ ਜਦ ਹੱਕ ਹਲਾਲ ਦੀ ਕਮਾਈ ਹੁੰਦੀ ਹੈ, ਇਹ ਵੱਧਦੀ ਫੱਲਦੀ ਹੈ। ਅਕਸਰ ਮਿਹਨਤ ਨੂੰ ਗਰੀਬੀ ਨਾਲ ਜੋੜ ਦਿੱਤਾ ਜਾਂਦਾ ਹੈ, ਜਦ ਵੀ ਕੋਈ ਅਮੀਰ ਹੋਇਆ ਹੈ ਉਸ ਨੂੰ ਐਸੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਜਿਵੇਂ ਕਿਰਤ ਕਰਨ ਨਾਲ ਅਮੀਰੀ ਮੁੰਮਕਿਨ ਨਹੀਂ।
ਅਮੀਰ ਉਹ ਨਹੀਂ ਜਿਸਦੀ ਬੈਂਕ ਵਿੱਚ ਕਰੋੜਾਂ ਰੁਪਈਏ ਹਨ, ਜਾਂ ਜਿਸ ਕੋਲ ਪਦਾਰਥਵਾਦੀ ਚੀਜ਼ਾਂ ਲੱਦੀਆਂ ਪਈਆਂ ਹਨ । ਅਸਲ ਅਮੀਰ ਉਹ ਹੈ, ਜੋ ਉਸ ਪੈਸੇ ਨੂੰ ਸਾਂਭਣ ਦੀ ਬਜਾਏ ਫੇਰ ਕਾਰੋਬਾਰ ਵਿੱਚ ਲਗਾਏ, ਕਾਰੋਬਾਰ ਨੂੰ ਵਧਾਏ, ਜਾਂ ਕਿਸੇ ਦੀ ਨਿਰਸਵਾਰਥ ਮਦਦ ਕਰ ਦੇਵੇ। ਇਮਾਨਦਾਰੀ ਦਾ ਪੈਸਾ ਭਾਵੇਂ ਹੌਲੀ, ਪਰ ਹਮੇਸ਼ਾਂ ਵੱਧਦਾ ਫੱਲਦਾ ਹੈ। ਬੇਈਮਾਨੀ ਨਾਲ ਕਮਾਏ ਕਰੋੜਾਂ ਵੀ ਇੱਕ ਦਿਨ ਵਿੱਚ ਸਵਾ ਹੋ ਜਾਂਦੇ ਹਨ।
ਇਸ ਦੁਨੀਆਂ ਤੇ ਕਈ ਇਨਸਾਨ ਇਸ ਲਈ ਆਉਂਦੇ ਹਨ ਕਿ ਉਹ ਲੱਖਾਂ ਲੋਕਾਂ ਦੀ ਦੁਨੀਆਂ ਵਿੱਚ ਬਦਲਾਵ ਲਿਆ ਸਕਣ। ਉਹਨਾਂ ਵਿੱਚ ਕਿਰਤ ਕਰਨ ਦਾ ਜਨੂੰਨ ਹੁੰਦਾ ਹੈ ਅਤੇ ਆਪਣੀ ਊਰਜਾ, ਆਪਣੀ ਕਾਬਲੀਅਤ ਦਾ ਇਮਤਿਹਾਨ ਲੈਣ ਦੇ ਉਹ ਖ਼ੁਦ ਸਮਰੱਥ ਹੁੰਦੇ ਹਨ। ਐਸੇ ਹੀ ਮਿਹਨਤੀ ਇਨਸਾਨ ਬਣੋ ਜੋ ਹਜ਼ਾਰਾਂ ਹੋਰ ਨੂੰ ਕਿਰਤ ਦੇ ਰਾਹ ਪਾਉਣ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕਿਰਤ ਦੇ ਕਾਬਿਲ ਬਣਾਉਣਾ ਵੀ, ਵੰਡ ਛਕਣਾ ਹੈ।
ਸ਼ੁਕਰਾਨਾ ਕਰੋ ਰੱਬ ਨੇ “ਕਿਰਤ” ਦੇ ਰਾਹ ਪਾਇਆ ਹੈ। ਪਰ ਮਿਹਨਤ ਇੰਨੀ ਜ਼ਿਆਦਾ ਕਰੋ, ਇਮਾਨਦਾਰੀ ਦੇ ਰਾਹ ਤੁਰਦੇ ਤੁਹਾਡਾ ਕਾਰੋਬਾਰ ਵਧੇ ਅਤੇ ਤੁਹਾਡੇ ਜ਼ਰੀਏ ਹਜ਼ਾਰਾਂ ਲੱਖਾਂ ਲੋਕ “ਕਿਰਤ” ਦੇ ਰਾਹ ਪੈਣ। ਲੋਕਾਂ ਲਈ ਰੁਜ਼ਗਾਰ ਦੇ ਹੀਲੇ ਪੈਦਾ ਕਰੋ, ਬਣਦਾ ਪੂਰਾ ਹੱਕ ਦਿਓ.. ਇਹ ਵੀ “ਸੇਵਾ” ਹੈ..
- ਮਨਦੀਪ ਕੌਰ ਟਾਂਗਰਾ
12 ਦਸੰਬਰ 2022
ਇਹ ਬਲ ਸਿਰਫ ਮੁਹੱਬਤ ਕੋਲ ਹੁੰਦਾ ਹੈ, ਜਿਸ ਦੇ ਸਾਹਮਣੇ ਜੰਗ ਦੇ ਮੈਦਾਨ ਖਲੋਤੇ ਰਹਿ ਜਾਂਦੇ ਹਨ।
10 ਦਸੰਬਰ 2022
ਇੱਥੇ ਦੁੱਖ ਦੇ ਕੇ ਕਿਸੇ ਨੇ ਸੁੱਖ ਨਹੀਂ ਪਾਇਆ ਅੱਜ ਤੱਕ। ਪੂਰੇ ਸਹਿਣ ਸ਼ਕਤੀ ਭਰਭੂਰ ਬਣੋ। ਕਿ ਆ ਜ਼ਿੰਦਗੀ ਮੇਰਾ ਸਾਹ ਤੇ ਅਜੇ ਵੀ ਚੱਲਦਾ ਹੈ, ਸਾਰੇ ਇਮਤਿਹਾਨ ਲੈ। ਅੱਖਾਂ ਵਿੱਚ ਹੰਝੂ ਭੁਲੇਖਾ ਤੇ ਖੁਸ਼ੀ ਦਾ ਵੀ ਪਾ ਸਕਦੇ ਹਨ, ਹਰ ਹਾਲ ਮੁਸਕਰਾਉਣ ਦਾ ਜਜ਼ਬਾ ਕਾਇਮ ਰੱਖੋ। ਮਰ ਮਰ ਕੇ ਜਿਊਣਾ ਬੱਸ ਕਰ ਦਿਓ।
ਆਪਣੀ ਸੋਚ ਤੇ ਵੀ ਜਿਊਣਾ ਸ਼ੁਰੂ ਕਰੋ ਹੁਣ। ਇਹ ਵੀ ਠੀਕ ਉਹ ਵੀ ਠੀਕ… ਤੇ ਫਿਰ ਮੈਂ ਖ਼ੁਦ ਕੱਦ ਠੀਕ?? ਤੂੰ ਦੱਸ, ਤੂੰ ਦੱਸ ਦੇ ਚੱਕਰ ਵਿੱਚੋਂ ਨਿਕਲ ਕੇ ਆਪਣੇ ਆਪ ਤੇ, ਆਪਣੇ ਦਿਲ ਦੀ ਅਵਾਜ਼ ਵੀ ਸੁਣੋ, ਅੰਦਰ ਵੀ ਰੱਬ ਵੱਸਦਾ ਹੈ, ਉਸਦੀ ਕਦਰ ਕਰੋ। ਉਹ ਅਵਾਜ਼ ਵੀ ਸਹੀ ਹੋ ਸਕਦੀ ਹੈ।
ਹਠ ਅਤੇ ਦ੍ਰਿੜ੍ਹਤਾ ਤੋਂ ਉੱਪਰ ਕੁੱਝ ਵੀ ਨਹੀਂ। ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਹਠ ਕਰ ਲਓ। ਜੋ ਵੀ ਸੋਚ ਸਕਦਾ ਹਾਂ, ਕਰ ਸਕਦਾ ਹਾਂ। ਇਹ ਮੇਰੇ ਅੰਦਰ ਦੀ ਆਵਾਜ਼ ਹੈ ਤੇ ਮੈਂ ਆਸਤਕ ਹਾਂ।
- ਮਨਦੀਪ ਕੌਰ ਟਾਂਗਰਾ
09 ਦਸੰਬਰ 2022
ਕੋਈ ਤੁਹਾਨੂੰ ਪਿਆਰ ਕਰੇ, ਭੀਖ ਨਾ ਮੰਗੋ, ਇਹ ਕਦੇ ਵੀ ਸੱਚੇ ਰਿਸ਼ਤੇ ਦਾ ਰੂਪ ਨਹੀਂ ਲੈਂਦਾ। ਆਪਣੀ ਹੋਂਦ ਦੀ ਪਹਿਲਾਂ ਖ਼ੁਦ ਇੱਜ਼ਤ ਕਰਨ ਵਾਲਾ ਜੀਵਨ ਚੁਣੋ।
07 ਦਸੰਬਰ 2022
ਜਿੰਨ੍ਹੇ ਮਰਜ਼ੀ ਜੋੜ ਤੋੜ ਲੱਗਦੇ ਰਹਿਣ, ਨਰਮ ਦਿਲ ਅਤੇ ਚੰਗੇ ਇਨਸਾਨਾਂ ਦਾ ਕੋਈ ਮੁਕਾਬਲਾ ਨਹੀਂ. . ਚੰਗਾ ਮਹਿਸੂਸ ਕਰੋ ਕਿ ਤੁਸੀਂ ਦੁਨੀਆਂ ਨਾਲੋਂ ਅਲੱਗ ਹੋ। ਨਰਮ ਦਿਲ ਹਾਰਿਆ ਹੋਇਆ ਵੀ ਜਿੱਤਿਆ ਹੁੰਦਾ ਹੈ, ਸਭ ਥਾਂ ਗਲਤ ਹੋ ਕੇ ਵੀ ਠੀਕ ਹੁੰਦਾ ਹੈ, ਨਕਲੀ ਦੁਨੀਆਂ ਵਿੱਚ ਅਸਲੀਅਤ ਦੇ ਨੇੜੇ ਹੁੰਦਾ ਹੈ। ਤਪਦਾ ਜਾਵੇ ਤੇ ਹੋਰ ਖਰਾ ਹੁੰਦਾ ਜਾਂਦਾ ਹੈ।
ਇਨਸਾਨ ਦੀ ਜੂਨੇ ਇਨਸਾਨੀਅਤ ਨੂੰ ਜਿਊਂਦੇ ਹਨ ਨਰਮ ਦਿਲ ਇਨਸਾਨ। ਕੰਡਿਆਂ ਤੇ ਖਲ੍ਹੋ ਕੇ ਸਿਰ ਤੇ ਗੁਲਾਬ ਦਾ ਤਾਜ ਪਹਿਨੋ। ਨਰਮ ਦਿਲ ਬਣੋ। ਗਲਤ ਕਰਨ ਵਾਲਿਆਂ ਨੂੰ ਛੱਡਦੇ ਜਾਓ। ਜੋ ਨਰਮ ਦਿਲ ਬਣਨ ਵਿੱਚ ਮਦਦ ਕਰਦੇ ਹਨ ਉਹੀ ਸਾਡੇ ਸੱਚੇ ਸਾਥੀ ਹਨ।
06 ਦਸੰਬਰ 2022
2004-2012 ਤੱਕ ਮੇਰਾ ਸਾਰਾ ਸਫ਼ਰ ਬੱਸਾਂ ਵਿੱਚ ਰਿਹਾ। ਬੱਸ ਦੇ ਜੇ ਵਾਕਿਆ ਲਿਖਣੇ ਹੋਣ ਤੇ ਕਈ ਨੇ। ਇੱਕ ਖ਼ਾਸ ਯਾਦ ਜੋ ਬੜੇ ਦਿਨਾਂ ਤੋਂ ਲਿਖਣੀ ਚਾਹ ਰਹੀ ਸੀ, ਤੇ ਹੁਣ ਉਂਗਲਾਂ ਆਪ ਮੁਹਾਰੇ ਲਿਖਣ ਲੱਗ ਗਈਆਂ ਹਨ।
ਡਰਾਈਵਰ ਦੇ ਨਾਲ ਹੀ ਬੱਸ ਦਾ ਵੱਡਾ ਜਿਹਾ ਅੰਦਰ ਹੀ ਢੱਕਿਆ ਹੋਇਆ ਇੰਜਣ ਹੋਇਆ ਕਰਦਾ ਸੀ। ਬੱਸ ਖਚਾ ਖੱਚ ਭਰੀ ਹੋਣੀ, ਪਰ ਡਰਾਈਵਰ ਨੇ ਇੰਜਣ ਤੇ ਬੈਠਣ ਨਾ ਦੇਣਾ। ਜੇ ਅਗਲੀਆਂ ਸੀਟਾਂ ਤੇ ਬੈਠਣਾ ਤੇ ਡਰਾਈਵਰ ਨੇ ਇੰਜਣ ਤੇ ਪੈਰ ਲੱਗ ਜਾਣ ਦਾ ਬਹੁਤ ਬੁਰਾ ਮਨਾਉਣਾ। ਲਾਲ ਪੀਲ਼ਾ ਹੋਣਾ, ਗ਼ੁੱਸਾ ਵੀ ਕਰਨਾ। ਬੱਸ ਦੀ ਰੂਹ ਹੀ ਇੰਜਣ ਹੁੰਦੀ ਸੀ। ਬੱਸ ਦੀ ਕਦਰ ਹੀ ਤਾਂ ਸੀ ਜੇ ਇੰਜਣ ਦੀ ਕਦਰ। ਬੱਸ ਇੱਕ ਰੋਜ਼ੀ ਰੋਟੀ ਦਾ ਸਾਧਨ ਵੀ।
ਸੋਚਦੀ ਹਾਂ ਚੀਜ਼ਾਂ ਦੀ ਵੀ ਇੰਨੀ ਕਦਰ ਕਰਦੇ ਸੀ ਲੋਕ, ਕਿ ਬੱਸ ਦਾ ਇੰਜਣ ਵੀ ਜ਼ਿੰਦਗੀ ਦਾ ਹਿੱਸਾ ਸਮਝਦੇ ਸਨ, ਇਨਸਾਨ ਜਿੰਨੀ ਉਸਦੀ ਕਦਰ ਸੀ।
ਅੱਜ ਦਾ ਯੁੱਗ ਹੈ ਕਿ “ਇਨਸਾਨ ਵੱਲੋਂ ਇਨਸਾਨ ਦੀ ਵੀ ਕਦਰ ਨਹੀਂ।”
“ਪਹਿਲਾਂ ਚੀਜ਼ਾਂ ਨਾਲ ਵੀ ਰਿਸ਼ਤਾ ਹੁੰਦਾ ਸੀ ਤੇ ਹੁਣ ਰਿਸ਼ਤੇ ਵੀ ਚੀਜ਼ਾਂ ਵਾੰਗੂ ਵਰਤੇ ਜਾਂਦੇ ਹਨ”
04 ਦਸੰਬਰ 2022
ਕਿਸੇ ਬਿਨ੍ਹਾਂ ਮਰ ਜਾਣਾ ਸਿਆਣਪ ਹੈ। ਖੁੱਦ ਨੂੰ ਖੁੱਦ ਫੇਰ ਤੋਂ ਜਨਮ ਦਿਓ। ਨਵਾਂ ਇਨਸਾਨ ਬਣੋ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਕਿਤੇ ਬਹਿਤਰ। ਹਰ ਪੱਖ ਤੋਂ ਸੂਝਵਾਨ, ਨਿਮਰ ਅਤੇ ਪਿਆਰ ਕਰਨ ਵਾਲੇ। ਥੋੜ੍ਹੀ ਜਿਹੀ ਰੌਸ਼ਨੀ ਸਾਰਾ ਹਨ੍ਹੇਰਾ ਤਿੱਤਰ ਬਿਤਰ ਕਰ ਦਿੰਦੀ ਹੈ, ਹਰ ਰੋਜ਼ ਰੌਸ਼ਨੀ ਦੀ ਨਿੱਕੀ ਜਿਹੀ ਕਿਰਨ ਬਣੋ ਅਤੇ ਜ਼ਿੰਦਗੀ ਦਾ ਹਨ੍ਹੇਰਾ ਤਿੱਤਰ ਬਿਤਰ ਕਰਕੇ ਰੱਖੋ।
29 ਨਵੰਬਰ 2022
ਸੋਸ਼ਲ ਮੀਡੀਆ ਤੇ ਮੇਰੇ ਨਾਲ ਜੁੜੇ ਗੁਜਰਾਤ ਤੋਂ ਨੰਦਾ ਕਲਸੀ ਜੀ ਨੇ ਬਹੁਤ ਹੀ ਖ਼ੂਬਸੂਰਤ ਤੋਹਫ਼ੇ ਭੇਜੇ। ਧਾਗੇ ਨਾਲ ਹੱਥੀਂ ਤਿਆਰ ਕੀਤਾ ਸਮਾਨ ਬਹੁਤ ਹੀ ਵਧੀਆ ਹੈ। ਨੰਦਾ ਕਲਸੀ ਜੀ ਘਰ ਵਿੱਚ ਰੋਜ਼ਾਨਾ ਵਰਤੋਂ ਲਈ ਅਨੇਕਾਂ ਚੀਜ਼ਾਂ ਤਿਆਰ ਕਰਦੇ ਹਨ, ਜਿਵੇਂ ਕਿ ਹੈਂਡ ਬੈਗ, ਮੋਬਾਈਲ ਕਵਰ, ਸ਼ੀਸ਼ੇ, ਪੌਕਟਸ, ਚਾਬੀ ਲਈ ਛੱਲੇ ਆਦਿ।
ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦ ਕੋਈ ਏਨੀ ਦੂਰੋਂ ਪਿਆਰ ਨਾਲ ਤੁਹਾਨੂੰ ਤੋਹਫ਼ਾ ਭੇਜਦਾ ਹੈ। ਖ਼ਾਸ ਕਰ ਉਹ ਤੋਹਫ਼ਾ ਜੋ ਖ਼ੁਦ ਹੱਥੀਂ ਤਿਆਰ ਕੀਤਾ ਹੋਵੇ, ਅਤੇ ਆਪਣਾ ਕੀਮਤੀ ਸਮਾਂ ਲਗਾਇਆ ਹੋਵੇ। ਇਹਨਾਂ ਤੋਹਫ਼ਿਆਂ ਦੀ ਕੋਈ ਕੀਮਤ ਨਹੀਂ। ਸ਼ੁਕਰੀਆ
27 ਨਵੰਬਰ 2022
"ਰੋਮਾ"(ਕਾਲਪਨਿਕ ਨਾਮ) ਮੋਹਾਲੀ ਦੀ ਰਹਿਣ ਵਾਲੀ ਹੈ। ਐਕਸੀਡੈਂਟ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਸੀ। ਚੜ੍ਹਦੀ ਤੇ ਭਰ ਜਵਾਨੀ ਵਿੱਚ ਸੱਟ ਲੱਗੀ ਜਦ B Tech ਦੀ ਪੜ੍ਹਾਈ ਪੂਰੀ ਕੀਤੀ, ਅਜੇ ਵਿਆਹ ਵੀ ਨਹੀਂ ਹੋਇਆ ਸੀ। ਮੈਨੂੰ ਸੋਸ਼ਲ ਮੀਡੀਆ ਤੇ ਸੰਪਰਕ ਕਰਨ ਤੋਂ ਬਾਅਦ ਇੱਕ ਦਿਨ ਦਫਤਰ ਆਈ।
ਰੋਮਾ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਸੀ, ਪਰ ਉਸ ਲਈ ਤੁਰਨਾ ਬਹੁਤ ਔਖਾ ਸੀ। ਉਹ ਆਪਣੇ ਪਤੀ ਦੀ ਮਦਦ ਲੈ ਕੇ ਤੁਰ ਰਹੀ ਸੀ। ਆਪਣੇ ਕਾਲਜ ਦੀ ਟੌਪਰ, ਹਜ਼ਾਰਾਂ ਸੁਪਨੇ ਪਰ ਸੱਟ ਕਾਰਨ ਉਸ ਦੀ ਜ਼ਿੰਦਗੀ ਪੂਰੀ ਬਦਲ ਗਈ। ਮੈਂ ਉਸ ਦੇ ਪਤੀ ਨੂੰ ਸਲਾਮ ਕੀਤਾ ਜਿਸ ਨੇ ਰੋਮਾ ਨੂੰ ਚੁਣਿਆ।
ਮੇਰੇ ਨਾਲ ਰੋਮਾ ਨੇ ਕੁਝ ਮਹੀਨੇ ਆਨਲਾਈਨ ਕੰਮ ਕੀਤਾ। ਬਹੁਤਾ ਕੰਮ ਨਾ ਹੋਣ ਕਰਕੇ ਮੇਰਾ ਰਾਪਤਾ ਰੋਮਾ ਨਾਲ ਕੁਝ ਘੱਟ ਗਿਆ।
ਮੈਂ ਵੀ ਜ਼ਿੰਦਗੀ ਦੇ ਔਖੇ ਪੜਾਅ ਵਿੱਚੋਂ ਲੰਘ ਰਹੀ ਹਾਂ। ਅੱਜ ਰੋਮਾ ਦਾ ਫ਼ੋਨ ਤੇ ਮੈਸੇਜ ਪੜ੍ਹ ਕੇ ਬਹੁਤ ਵਧੀਆ ਲੱਗਾ। ਉਹ ਲਿਖਦੀ ਹੈ “ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ, ਕਿਰਪਾ ਕਰਕੇ ਮੈਨੂੰ ਅਜਿਹਾ ਕੰਮ ਦੇ ਦਿਓ ਜਿਸ ਨਾਲ ਤੁਹਾਡੀ ਮਦਦ ਹੋ ਸਕੇ। ਮੈਂ ਤੁਹਾਡੇ ਤੋਂ ਸਿਰਫ ਇੱਕ ਫੋਨ ਦੀ ਦੂਰੀ ਤੇ ਹਾਂ।”
ਦੂਰ ਬੈਠੀ ਉਸ ਦੀ ਸੋਚ ਜਾਣ ਕੇ, ਮੇਰੇ ਹੱਥ ਜੁੜ ਗਏ ਹਨ। ਔਖੇ ਸਮੇਂ ਵਿੱਚ ਚੰਗੇ ਭਲੇ ਤੰਗ ਕਰਦੇ ਦੇਖੇ ਹਨ, ਲੋਕ ਭੱਜਦੇ ਤੇ ਅਕਸਰ ਦੇਖਦੇ ਹਾਂ, ਪਰ ਜੁੜ੍ਹਦੇ ਨਹੀਂ।
ਮੇਰਾ ਦਿਲ ਕਰ ਰਿਹਾ ਮੈਂ ਜਲਦ ਰੋਮਾ ਨੂੰ ਫੇਰ ਮਿਲਾਂ।
- ਮਨਦੀਪ ਕੌਰ ਟਾਂਗਰਾ
13 ਨਵੰਬਰ 2022
ਰਿਸ਼ਤਿਆਂ ਨੂੰ ਗ਼ਲਤ ਨਾਮ ਦਾ ਕਫ਼ਨ ਕਦੀ ਨਾ ਪਾਓ!
ਸਾਡੇ ਸਮਾਜ ਦਾ ਅਸਲੀ ਚਿਹਰਾ ਬਹੁਤ ਹੀ ਭਿਆਨਕ ਹੈ ਤੇ ਅਸੀਂ ਇਸਦੇ ਵਾਰ ਵਾਰ ਸ਼ਿਕਾਰ ਵੀ ਹੁੰਦੇ ਹਾਂ ਅਤੇ ਹਿੱਸਾ ਵੀ ਬਣਦੇ ਹਾਂ, ਔਰਤਾਂ ਮਰਦ ਦੋਨੋਂ। ਸਮਾਜ ਦਾ ਘਟੀਆ ਪੱਖ, ਲੋਕ ਬੇਟੀ ਕਹਿਣਗੇ, ਭੈਣ ਕਹਿਣਗੇ ਤੇ ਫੇਰ ਰਿਸ਼ਤੇ ਬਦਲ ਜਾਂਦੇ ਨੇ, ਭਾਵਨਾਵਾਂ ਬਦਲ ਜਾਂਦੀਆਂ ਨੇ। ਮੈਂ ਭੈਣ ਅਤੇ ਬੇਟੀ ਸ਼ਬਦ ਵਿੱਚ ਔਰਤਾਂ ਨੂੰ ਬੰਨਣ ਵਾਲੇ ਲੋਕਾਂ ਤੋਂ ਜ਼ਿਆਦਾ ਠੀਕ ਸਮਝਦੀ ਹਾਂ ਉਹਨਾਂ ਨੂੰ ਜਿਹੜੇ ਬਦਨੀਤੇ ਤੇ ਹੋ ਜਾਂਦੇ ਨੇ ਪਰ ਰਿਸ਼ਤਿਆਂ ਤੇ ਕਲੰਕ ਨਹੀਂ ਲਾਉਂਦੇ। ਘੱਟ ਤੋਂ ਘੱਟ ਉਹ ਕਿਸੇ ਪੱਖੋਂ ਇਮਾਨਦਾਰ ਤੇ ਨੇ, ਹੋ ਸਕਦਾ ਭਾਵਨਾਵਾਂ ਵਿੱਚ ਵੀ ਇਮਾਨਦਾਰ ਹੋਣ।
ਰਿਸ਼ਤਿਆਂ ਵਿੱਚ ਜਦ ਲੋੜ ਹੁੰਦੀ ਇਹ ਸਮਾਜ ਦੂਜੇ ਦੀ ਮਾਂ ਨੂੰ ਮਾਂ ਵੀ ਕਹਿ ਦੇਂਦਾ ਹੈ ਪਰ ਓਸੇ ਮਾਂ ਨੂੰ ਪਿੱਠ ਪਿੱਛੇ ਗਾਲ੍ਹ ਕੱਢਣ ਤੋਂ ਗੁਰੇਜ਼ ਨਹੀਂ ਕਰਦਾ। ਇਹ ਸਮਾਜ ਦੂਜੇ ਦੀ ਧੀ ਵਿੱਚ ਆਪਣੀ ਔਰਤ ਦੇਖਦਾ ਹੈ ਤੇ ਆਪਣੀ ਧੀ ਵਿੱਚ ਪਤਾ ਨਹੀਂ ਘਰ ਬੈਠਾ ਕੀ ਦੇਖਦਾ ਹੋਵੇਗਾ?? ਮੈਂ ਸਿਰਫ ਝੂਠੀਆਂ ਭਾਵਨਾਵਾਂ ਦੀ ਗੱਲ ਕਰ ਰਹੀ ਹਾਂ, ਕਿਓਂ ਕਿ ਸੱਚੀਆਂ ਭਾਵਨਾਵਾਂ ਭਾਵੇਂ ਕਿਸੇ ਦੀਆਂ ਕਿਸੇ ਲਈ ਵੀ ਹੋਣ ਕਦੀ ਬਦਲ ਨਹੀਂ ਸਕਦੀਆਂ।
ਜਿਸ ਵਿਅਕਤੀ ਨੇ ਆਪਣੀ ਘਰਵਾਲੀ ਦੇ ਥੱਪੜ ਜੜੇ ਹੋਣ ਤੇ ਮਹੀਨੇ ਬਾਅਦ ਵੀ ਉਸਨੂੰ ਪਿਆਰ ਕਰਨ ਦੀ ਸੋਹੰ ਖਾ ਲਏ, ਇਹ ਇੱਕ ਸਰਾਸਰ ਝੂਠ ਹੈ। ਪਤਨੀ ਦੇ ਰਿਸ਼ਤੇ ਨੂੰ ਕਲੰਕਿਤ ਕਰਦਾ ਹੈ। ਸਾਡੇ ਸਮਾਜ ਨੂੰ ਖੁੱਲ੍ਹ ਦੀ ਲੋੜ ਹੈ, ਪਵਿੱਤਰ ਰਿਸ਼ਤਿਆਂ ਦੇ ਨਾਮ ਤੇ ਕਲੰਕਿਤ ਕਰਨ ਦੀ ਲੋੜ ਨਹੀਂ।
ਔਰਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਕਈ ਵਾਰ ਆਪਣੇ ਤੋਂ ਉਮਰ ਵਿੱਚ ਵੱਡਿਆਂ ਪਖੰਡੀਆਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ, ਭਾਵੁਕ ਹੋ ਜਾਂਦੀਆਂ, ਡਰ ਜਾਂਦੀਆਂ ਨੇ ਤੇ ਰਿਸ਼ਤਿਆਂ ਨੂੰ ਕਲੰਕਿਤ ਕਰ, ਲੋਕਾਂ ਵਿੱਚ ਹਮਸਫਰ ਜਾਂ ਹੋਰ ਰਿਸ਼ਤੇ, ਚੁਣਨ ਦੇ ਰਾਹ ਤੁਰ ਪੈਂਦੀਆਂ ਨੇ। ਮਰਦ ਵੀ ਸਮਾਜ ਦੇ ਡਰ ਤੋਂ ਔਰਤ ਨੂੰ ਝੂਠੇ ਰਿਸ਼ਤਿਆਂ ਦੇ ਨਾਮ ਦਾ ਸਹਾਰਾ ਲੈਣ ਲਈ ਮਜਬੂਰ ਕਰਦਾ ਹੈ ਅਤੇ ਬਚੇ ਰਹਿਣ ਲਈ ਖ਼ੁਦ ਵੀ ਝੂਠ ਬੋਲਣ ਦਾ ਰਾਹ ਚੁਣਦਾ ਹੈ। ਐਸਾ ਰਿਸ਼ਤਾ ਰੂਹ ਤੇ ਭਾਰ ਹੈ, ਦਰਦ ਹੈ ਤੇ ਰੱਬ ਵੱਲੋਂ ਬਣਾਏ ਰਿਸ਼ਤਿਆਂ ਦਾ ਨਿਰਾਦਰ ਹੈ। ਰਿਸ਼ਤਿਆਂ ਨੂੰ ਦੁਵਿਧਾ ਵਿੱਚ ਪਾ ਕੇ ਸਾਡਾ ਸਮਾਜ ਲੁਤਫ਼ ਲੈਂਦਾ ਸ਼ੋਭਦਾ ਨਹੀਂ।
ਇਹ ਜ਼ਿੰਦਗੀ ਹੈ, ਇਥੇ ਫ਼ਾਇਦੇ ਲੈਣ ਵਾਲੇ ਰਿਸ਼ਤੇ ਬਣਾਓਗੇ ਤੇ ਕਦੀ ਨਹੀਂ ਟਿਕਣਗੇ। ਪਿਆਰੇ ਰਿਸ਼ਤਿਆਂ ਦੇ ਨਾਮ ਬਦਨਾਮ ਕਰੋਗੇ ਤੇ ਸਮਾਜ ਵਿੱਚ ਕੋਈ ਕਿਸੇ ਨੂੰ ਧੀ, ਪੁੱਤਰ, ਭੈਣ, ਵੀਰ, ਮਾਂ, ਬਾਪ ਨਹੀਂ ਕਹਿ ਸਕੇਗਾ। ਬੇਨਾਮ ਬਿਹਤਰ ਹੈ। ਆਪਣੀ ਜ਼ਿੰਦਗੀ ਵਿੱਚ ਜੋ ਕਰਨਾ ਕਰੋ, ਪਰ ਰਿਸ਼ਤਿਆਂ ਨੂੰ ਗ਼ਲਤ ਨਾਮ ਦਾ ਕਦੀ ਕਫ਼ਨ ਨਾ ਪਾਓ, ਨਹੀਂ ਤੇ ਉਸ ਰਿਸ਼ਤੇ ਦੀ ਮੌਤ ਨਿਸ਼ਚਿਤ ਹੈ। -ਮਨਦੀਪ
11 ਨਵੰਬਰ 2022
ਚੰਗਿਆਈ ਦੀ ਕੋਈ ਸੀਮਾ ਨਹੀਂ .. ਚੰਗਿਆਈ ਦਾ ਅਸਰ ਇੰਨਾ ਡੂੰਘਾ ਹੁੰਦਾ ਹੈ ਕਿ ਇਸ ਦਾ ਕੋਈ ਮਾਪ ਤੋਲ ਨਹੀਂ। ਤਾਹੀਂ ਤੇ ਕਹਿੰਦੇ ਹਨ ਕਿ ਖੁਸ਼ੀ ਵੰਡਣ ਨਾਲ ਵੱਧਦੀ ਹੈ .. ਕਹਿੰਦੇ ਕਿਵੇਂ? ਮੈਂ ਪਿਆਰ ਨਾਲ ਗੱਲ ਕੀਤੀ ਤੇ ਉਸ ਦਾ ਮੂਡ ਚੰਗਾ, ਉਸਦਾ ਚੰਗਾ ਤੇ ਜਿਸ ਜਿਸ ਨੂੰ ਉਹ ਅੱਜ ਮਿਲੀ ਉਸ ਦਾ ਵੀ ਚੰਗਾ… ਤੇ ਅੱਗੇ ਜਾਂਦਾ ਜਾਂਦਾ, ਹਜ਼ਾਰਾਂ ਲੱਖਾਂ ਤੇ ਅਸਰ ਕਰਦੀ ਹੈ ਤੁਹਾਡੀ ਚੰਗਿਆਈ.. ਕਿਸੇ ਨੂੰ ਇੱਜ਼ਤ ਦੇਣ ਨਾਲ, ਪਿਆਰ ਨਾਲ ਬੋਲਣ ਨਾਲ, ਮਦਦ ਕਰਨ ਨਾਲ.. ਇਹ ਦੁਨੀਆਂ ਤੁਹਾਡੇ ਖ਼ੁਦ ਦੇ ਵਿਚਰਨ ਲਈ ਸੌਖੀ ਹੁੰਦੀ ਜਾਂਦੀ ਹੈ … - ਮਨਦੀਪ
5 ਨਵੰਬਰ 2022
ਤੁਸੀਂ ਵਿਅਕਤੀ ਨਹੀਂ, ਇੱਕ “ਸੋਚ” ਹੋ। ਤੁਸੀਂ ਇੱਕ ਸ਼ਖਸੀਅਤ ਨਹੀਂ, ਇੱਕ “ਕਿਤਾਬ” ਹੋ। ਕਾਫ਼ਲੇ ਤੁਹਾਡੀਆਂ ਚੀਜ਼ਾਂ, ਤੁਹਾਡੇ ਰੁਤਬੇ, ਤੁਹਾਡੇ ਪੈਸੇ ਨਾਲ ਨਹੀਂ ਜੁੜਦੇ, ਕਾਫ਼ਲੇ ਤੁਹਾਡੀ ਸੋਚ ਨਾਲ, ਨਵੇਂ ਰਸਤੇ ਨਾਲ ਜੁੜਦੇ ਹਨ।
“ਸੋਚ” ਤੇ ਹਰ ਪਲ ਮਿਹਨਤ ਦੀ ਲੋੜ ਹੈ, ਖ਼ਿਆਲ ਰੱਖਣ ਦੀ ਲੋੜ ਹੈ। ਪਲ ਪਲ “ਸੋਚ” ਵਿੱਚ ਬਹਿਤਰੀਨ ਰੰਗ ਭਰਨੇ, ਤਜਰਬੇ ਭਰੇ ਵਰਕੇ ਜੋੜਨੇ ਸਾਡਾ ਕੰਮ ਹੈ। ਇਹ ਜ਼ਰੂਰ ਧਿਆਨ ਦਿਓ ਸਾਡੀ ਸੋਚ ਸਾਡੀ ਜ਼ਿੰਦਗੀ ਤੇ ਹੀ ਨਹੀਂ ਅਸਰ ਕਰਦੀ, ਸਾਡੇ ਨਾਲ ਜੁੜੇ ਹਰ ਵਿਅਕਤੀ ਤੇ ਅਸਰ ਕਰਦੀ ਹੈ।
ਸਾਡੇ ਇੱਕ ਕਮਜ਼ੋਰ ਖਿਆਲ ਨਾਲ ਕਈਆਂ ਦੀ ਜ਼ਿੰਦਗੀ ਫਿੱਕੀ ਹੋ ਸਕਦੀ ਹੈ, ਤੇ ਇੱਕ ਚੰਗੇ ਖ਼ਿਆਲ ਨਾਲ, ਸੋਚ ਨਾਲ, ਸਾਨੂੰ ਤੱਕਦੇ ਲੋਕਾਂ ਦੀ ਜ਼ਿੰਦਗੀ ਤਰੱਕੀ ਦੇ ਰਾਹ ਪੈ ਸਕਦੀ ਹੈ। ਸੋਚ ਚੰਗੀ ਹੋਵੇਗੀ ਤੇ ਖੁਸ਼ਬੂ ਵਾਂਗ ਫੈਲੇਗੀ। ਹਰ ਪਾਸੇ ਚਾਰੇ ਪਾਸੇ। ਸੋਚ ਕਿਸੇ ਦਾ ਨੁਕਸਾਨ ਕਰੇਗੀ ਤੇ ਲੋਕ ਕਹਿਣਗੇ “ਸੋਚ ਮਾੜੀ ਬੰਦਾ ਵੀ ਮਾੜਾ”
“ਸੋਚ” ਵਿੱਚ ਨਿੱਤ ਨਵੇਂ ਵਰਕੇ ਜੋੜੋ। ਬਹਿਤਰੀਨ … ਮਹਿਕ ਬਣੋ .. “ਇਤਰ” ਜਿਹੇ - ਮਨਦੀਪ
1 ਨਵੰਬਰ 2022
ਪਿਆਰ ਵੱਡੇ ਵੱਡੇ ਧਨਾਢ ਵੀ ਖਰੀਦ ਨਹੀਂ ਸਕਦੇ, ਅਤੇ ਗਹਿਣਿਆਂ ਨਾਲ ਕਦੇ ਖੂਬਸੂਰਤੀ ਨਹੀਂ ਵੱਧ ਸਕਦੀ। ਸੱਚ, ਇਮਾਨਦਾਰੀ, ਨਿਮਰਤਾ ਦਾ ਸਿਰਫ਼ ਬਾਰ ਬਾਰ ਅਭਿਆਸ ਕੀਤਾ ਜਾ ਸਕਦਾ ਹੈ ਕਦੇ ਮੁਕਾਮ ਨਹੀਂ ਹਾਸਿਲ ਕੀਤਾ ਜਾ ਸਕਦਾ।
ਅਜ਼ਾਦੀ ਬੰਦਿਸ਼ ਵਿੱਚੋਂ ਉਪਜਦੀ ਹੈ, ਤੇ ਬੰਦਿਸ਼ ਐਵੇਂ ਹਰ ਜਗ੍ਹਾ ਅਜ਼ਾਦ ਰਹਿਣ ਵਿੱਚ।
ਸਭ ਤੋਂ ਖੂਬਸੂਰਤ ਮੁਸਕਰਾਹਟਾਂ ਉਹਨਾਂ ਦੀਆਂ ਹਨ, ਜਿਨ੍ਹਾਂ ਦੇ ਬੁਲ੍ਹਾਂ ਤੇ ਹੰਝੂ ਆ ਕੇ ਸੁੱਕਦੇ ਹੋਣ।
ਅਸਲ ਪਿਆਰ ਉਹੀ ਕਰ ਸਕਦਾ ਹੈ ਜੋ ਖ਼ੁਦ ਦਾ ਵੀ ਸਤਿਕਾਰ ਕਰਦਾ ਹੈ, ਖ਼ੁਦ ਨੂੰ ਵੀ ਪਿਆਰ ਕਰਦਾ ਹੈ। ਜੋ ਤੁਹਾਨੂੰ ਉੱਚੀ, ਮੰਦਾ ਬੋਲ ਦੇਵੇ, ਉਹ ਪਿਆਰ ਹੀ ਨਹੀਂ।
ਜਿਸ ਨੂੰ ਖ਼ੁਦ ਦੇ ਮਾਪਿਆਂ ਦੀ ਦਿਲੋਂ ਸੱਚਮੁੱਚ ਕਦਰ ਹੈ, ਉਹ ਦੁਨੀਆਂ ਦੇ ਹਰ ਮਾਂ ਬਾਪ ਦੀ ਕਦਰ ਕਰਨਾ ਜਾਣਦਾ ਹੈ।
ਸੰਗਮਰਮਰ ਬਣੋ। ਚਿੱਕੜ ਸੁੱਟਣਗੇ ਲੋਕ। ਸੁੱਕਦਾ ਜਾਏਗਾ, ਝੜਦਾ ਜਾਏਗਾ। ਸੰਗਮਰਮਰ ਚਮਕਦਾ ਰਹੇਗਾ।
ਆਸ ਛੱਡ ਕੇ ਵੀ ਤੇ ਦੇਖੋ, ਮੈਂ ਖ਼ੁਦ ਵੀ ਕੁੱਝ ਹਾਂ।
- ਮਨਦੀਪ
31 ਅਕਤੂਬਰ 2022
ਸਭ ਤੋਂ ਸੋਹਣੀਆਂ ਮੁਸਕਰਾਹਟਾਂ ਦੇ, ਅਕਸਰ ਸਭ ਤੋਂ ਔਖੇ ਰਾਹ ਹੁੰਦੇ ਹਨ। ਜਿਵੇਂ ਘੁੱਪ ਹਨ੍ਹੇਰੇ ਵਿੱਚ ਜਦੋਂ ਦੀਵਾ ਜੱਗ ਜਾਏ ਤੇ ਦ੍ਰਿਸ਼ ਮਨਮੋਹਕ ਹੁੰਦਾ, ਪਿਆਰਾ ਹੁੰਦਾ, ਇੰਝ ਹੀ ਹੰਝੂਆਂ ਦੀ ਚਾਲ ਬੁੱਲਾਂ ਤੇ ਜਦ ਆਣ ਮੁੱਕੇ ਤੇ ਉਹਨਾਂ ਬੁੱਲਾਂ ਤੇ ਹਾਸਾ ਫਿਰ ਲਾਜਵਾਬ ਹੁੰਦਾ, ਵੱਖਰਾ ਹੁੰਦਾ, ਦਿਲ ਖਿਚਵਾਂ ਹੁੰਦਾ। ਦੁੱਖ ਅਤੇ ਸੁੱਖ ਨਾਲ ਨਾਲ ਚੱਲਦੇ ਹਨ। ਉਹ ਇਨਸਾਨ ਹੀ ਕੀ ਜਿਸ ਵਿੱਚ ਸਭ ਹਾਵ ਭਾਵ ਨਹੀਂ। ਲੋਕ ਨਾ ਰੋਣ ਨੂੰ ਬਹਾਦਰੀ ਕਹਿੰਦੇ ਹਨ, ਇਹ ਪੱਥਰ ਦਿਲੀ ਹੁੰਦੀ ਹੈ। ਰੋ ਕੇ, ਦੁੱਖ ਵਿੱਚੋਂ ਨਿਕਲ ਕੇ ਖੁਸ਼ੀ ਦੇ ਰਾਹ ਪੈਣਾ, ਮੁਸਕਰਾਉਣਾ ਬਹਾਦੁਰੀ ਹੈ। ਔਖੀ ਘੜੀ ਵਿੱਚ ਸਬਰ ਕਰ, ਸੌਖੀ ਘੜੀ ਦਾ ਅਨੰਦ ਲੈਣਾ ਅਸਲ ਬਹਾਦੁਰੀ ਹੈ। ਖੁਸ਼ ਰਹਿਣ ਦਾ ਇੰਤਜ਼ਾਰ ਕਰਨਾ ਵਿਅਰਥ ਹੈ, ਹੁਣੇ ਖੁਸ਼ ਰਹੋ। ਖੁਸ਼ੀ ਗਮੀ ਸੱਜੇ ਖੱਬੇ ਹੱਥ ਵਾਂਗ ਸਦਾ ਇੱਕੱਠੇ ਹੁੰਦੇ। ਤੁਹਾਡੀ ਮਰਜ਼ੀ ਤੁਸੀਂ ਉਸ ਸਮੇਂ ਕੀ ਚੁਣਦੇ ਹੋ। ਸਮਾਂ ਇੱਕ ਹੈ ਤੇ ਚੋਣ ਕਰਨ ਲਈ ਦੋ ਅਹਿਸਾਸ। ਵਧੇਰੇ ਸਮੇਂ ਖੁਸ਼ ਰਹਿਣਾ ਚੁਣੋ। - ਮਨਦੀਪ
28 ਅਕਤੂਬਰ 2022
ਔਰਤ ਨੂੰ ਹਾਰਨ ਲਈ ਗੈਰਾਂ ਦੀ ਲੋੜ ਨਹੀਂ, ਆਪਣਿਆਂ ਹੱਥੋਂ ਹਾਰਦੀ ਹੈ ਉਹ। ਵਾਰ ਵਾਰ ਹਰ ਵਾਰ। ਪਰ, ਔਰਤ ਦੀਆਂ ਜ਼ਿੰਦਾਦਿਲ ਮੁਸਕਰਾਹਟਾਂ ਹੋਰ ਖੂਬਸੂਰਤ ਹੋ ਜਾਂਦੀਆਂ ਹਨ ਜਦ ਉਹ ਚੋਟੀ ਦੇ ਸੰਘਰਸ਼ ਵਿੱਚੋਂ ਉਪਜਦੀਆਂ ਹਨ। ਉਸਦਾ ਸੁਹਪਣ ਹੋਰ ਵੀ ਵੱਧ ਜਾਂਦਾ ਹੈ ਜਦ ਉਹ ਆਪਣੀ ਖੂਬਸੂਰਤੀ ਦੀ ਜਗ੍ਹਾ ਤੇ ਆਪਣੀ ਕਾਬਲੀਅਤ ਨੂੰ ਤਰਾਸ਼ਦੀ ਹੋਈ, ਆਪਣੇ ਤੇ ਅਟੁੱਟ ਵਿਸ਼ਵਾਸ ਕਰ, ਕਿਰਤੀ ਬਣਦੀ ਹੈ। ਪਿਤਾ, ਭਰਾ, ਪਤੀ ਦੇ ਪੈਸੇਆਂ ਤੇ ਹੱਕ ਜਮਾਉਣਾ, ਸਾਡਾ ਜੀਵਨ ਨਹੀਂ ਹੋਣਾ ਚਾਹੀਦਾ। ਹਰ ਇੱਕ ਔਰਤ ਨੂੰ ਖੁਦ ਦੇ ਪੈਰਾਂ ਤੇ ਹੋਣਾ ਜ਼ਰੂਰੀ ਹੈ, ਇਹ ਕੋਈ ਸਾਡੀ ਹੋੰਦ ਦਾ ਹੱਲ ਨਹੀਂ ਕਿ ਅਸੀਂ ਆਪਣਿਆਂ ਨੂੰ ਸਮਰਪਿਤ ਹਾਂ ਅਤੇ ਸਾਡਾ ਆਪਣਿਆਂ ਦੀਆਂ ਚੀਜ਼ਾਂ ਤੇ ਪੈਸੇ ਤੇ ਹੱਕ ਹੈ। ਸਾਡੀ ਕਾਬਲਿਅਤ, ਸਾਡੀ ਕਿਰਤ ਸਾਡੀ ਪਹਿਚਾਣ ਹੋਣੀ ਚਾਹੀਦੀ ਹੈ। ਅਸੀਂ ਮਦਦ ਲੈਣ ਵਾਲੇ ਨਹੀਂ, ਆਪਣਿਆਂ ਦੀ ਅੱਗੇ ਵੱਧ ਕੇ ਮਦਦ ਕਰਨ ਵਾਲੇ ਹੱਥ ਬਣੀਏ। - ਮਨਦੀਪ
23 ਅਕਤੂਬਰ 2022
ਇਸ ਦੀਵਾਲੀ ਐਸਾ ਤੋਹਫ਼ਾ ਦਈਏ ਕਿ ਜਿਸ ਦੀ ਕੀਮਤ ਨਾ ਲਾਈ ਜਾ ਸਕੇ, ਜੋ ਵੱਡੇ ਵੱਡੇ ਧਨਾਢ ਵੀ ਨਾ ਖਰੀਦ ਸਕਣ।
ਵਕਤ ! ਇੱਜ਼ਤ ! ਵਿਸ਼ਵਾਸ ! ਪਿਆਰ ! ਦੁਆਵਾਂ
- ਮਨਦੀਪ
18 ਅਕਤੂਬਰ 2022
ਮੇਰੀ ਜ਼ਿੰਦਗੀ ਦਾ ਅੱਜ ਤੱਕ ਦਾ ਸਭ ਤੋਂ ਔਖਾ ਸਾਲ ਹੈ 2022, ਨਿੱਜੀ ਵੀ ਕਾਰੋਬਾਰੀ ਵੀ। ਸਭ ਤੋਂ ਔਖਾ। ਪਰ ਹਮੇਸ਼ਾਂ ਕਹਿੰਦੀ ਹਾਂ ਬਣੇ ਰਹਿਣਾ ਹੀ ਜ਼ਿੰਦਗੀ ਹੈ। ਮੇਰੇ ਆਰਮੀ ਵਿੱਚੋਂ ਇੱਕ ਸੱਜਣ ਨੇ ਦੱਸਿਆ ਕਿ ਇੱਕ ਮਿਸ਼ਨ ਦੌਰਾਨ ਗੋਡੇ ਵਿੱਚ ਗੋਲੀ ਲੱਗੀ। ਕਈ ਵਾਰ ਸਿਪਾਹੀ ਨੂੰ ਗੋਡੇ ਵਿੱਚ ਗੋਲੀ ਲੱਗਦੀ ਹੈ ਤੇ ਇੰਝ ਲੱਗਦਾ ਕਿ ਉੱਠਣਾ ਹੀ ਨਹੀਂ ਕਦੇ.. ਪਰ 1-2 ਸਾਲ ਵਿੱਚ ਸਭ ਦਰੁਸ ਹੋ ਜਾਂਦਾ। ਮੈਂ ਵੀ ਇਹ ਸਮਝਦੀ ਕਿ ਕਈ ਵਾਰ ਅਸੀਂ ਗੋਡੇ ਵਿੱਚ ਗੋਲੀ ਲੱਗੇ ਸਿਪਾਹੀ ਵਰਗੇ ਹੁੰਦੇ ਹਾਂ, ਪਰ ਦੇਖੋ ਉਹ ਵੀ ਨਾ ਸਹਿਣਯੋਗ ਪੀੜ ਵਿੱਚੋਂ ਲੰਘ ਕਿ ਫੇਰ ਤੁਰਨ ਭੱਜਣ ਲੱਗ ਜਾਂਦਾ ਹੈ। ਜ਼ਿੰਦਗੀ ਵਿੱਚ ਔਖੇ ਸਮੇਂ ਨੂੰ ਅਸੀਂ ਖੂਬਸੂਰਤ ਮੁਸਕਰਾਹਟਾਂ ਨਾਲ ਨਜਿੱਠਣਾ ਹੈ। ਦਿਲ ਕਰੇ ਨਾ ਕਰੇ ਪਰ ਮੁਸਕਰਾਉਣ ਨਾਲ ਹੀ ਕਈ ਮੂਡ ਬਦਲ ਜਾਂਦੇ ਹਨ। ਕੰਮ ਕਰਨ ਦੀ ਊਰਜਾ ਬਣੀ ਰਹਿੰਦੀ ਹੈ। ਇਹ ਨਾ ਭੁੱਲੋ ਕਈ ਵਾਰ ਸੂਰਜ ਦੇਖਣ ਲਈ, ਬਾਰਿਸ਼ ਪੂਰੀ ਰੁਕਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸੂਰਜ ਹਾਂ ਅਸੀਂ। - ਮਨਦੀਪ
17 ਅਕਤੂਬਰ 2022
ਜ਼ਿੰਦਗੀ ਵਿੱਚ ਮਤਲਬੀ ਲੋਕਾਂ ਤੇ ਰੋਕ ਲਾਓ। ਪਿਛਲੇ ਕੁੱਝ ਦਿਨਾਂ ਤੋਂ ਦਫ਼ਤਰ ਦੇ ਬਾਹਰ ਪੈਰ ਰੱਖਣ ਦਾ ਦਿਲ ਨਹੀਂ ਕਰ ਰਿਹਾ। ਪਿਛਲੇ ਸਾਲ ਨੂੰ ਕਾਫ਼ੀ ਗੰਭੀਰਤਾ ਨਾਲ ਵਿਚਾਰਿਆ ਤੇ ਇੰਝ ਲੱਗਾ ਜਿਵੇਂ ਵਾਹ ਵਾਹ ਵਿੱਚ ਘਿਰੀ ਪਈ ਸੀ। ਜਿਸਦਾ ਕੋਈ ਵੀ ਮਤਲਬ ਨਹੀਂ ਫ਼ਾਇਦਾ ਨਹੀਂ। ਲੋਕ ਤੁਹਾਡਾ ਕੀਮਤੀ ਵਕਤ, ਪੈਸਾ, ਊਰਜਾ ਬਰਬਾਦ ਕਰਨਗੇ। ਆਪਣੀ ਕਿਰਤ ਦਾ ਵਕਤ ਲੋਕਾਂ ਨੂੰ ਕਦੇ ਨਾ ਦਿਓ, ਕਿਰਤ ਦੀ ਇੱਜ਼ਤ, ਕਿਰਤ ਨੂੰ ਪੂਰੀ ਇਮਾਨਦਾਰੀ ਨਾਲ ਕਰੋ। ਕਿਰਤ ਨੂੰ ਰੱਬ ਜਿੰਨ੍ਹਾਂ ਦਰਜਾ ਦਿਓ। ਮੈਂ ਆਪਣੇ ਜਿਊਣ ਦਾ ਢੰਗ ਤਰੀਕਾ ਤਬਦੀਲ ਕਰ ਰਹੀ ਹਾਂ। ਮੈਂ ਸਮੇਂ ਨਾਲ ਸਿਰਫ਼ ਬਹੁਤ ਸਾਰੇ ਮਸ਼ਹੂਰੀ ਵੱਲ ਧਿਆਨ ਦੇਣ ਵਾਲੇ ਲੋਕ ਦੇਖੇ ਹਨ, ਜ਼ਮੀਨੀ ਪੱਧਰ ਤੇ ਕਿਰਤ ਕਰਨਾ ਤੇ ਉਸ ਦੀ ਇੱਜ਼ਤ ਕਰਨਾ ਕੀ ਹੁੰਦਾ, ਕੁੱਝ ਨਹੀਂ ਪਤਾ। ਸਹਿਯੋਗ ਕੀ ਦੇਣਾ, ਆਸ ਜਗਾਉਣ ਦਾ ਵੀ ਅਪਰਾਧ ਕਰਦੇ ਹਨ ਲੋਕ। ਮਿਹਨਤ ਕਰੋ ਸਿਰਫ਼ ਮਿਹਨਤ। ਖ਼ੁਦ ਦੀ ਮਿਹਨਤ, ਖ਼ੁਦ ਨਾਲ ਬਿਤਾਇਆ ਸਮਾਂ ਹੀ ਕੰਮ ਆਉਣਾ ਸਾਡੇ.. ਬਾਕੀ ਸਭ ਝੂਠ ਹੈ। ਮੈਂ ਹਮੇਸ਼ਾ ਜੋ ਮਹਿਸੂਸ ਕਰਦੀ ਹਾਂ ਉਹੀ ਪਰਿਵਾਰ ਵਾਂਗ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਮੈਂ ਵੀ ਹੁਣ “ਨਾਂਹ” ਕਹਿਣਾ ਸਿੱਖ ਰਹੀ ਹਾਂ। ਰੱਬ ਨੂੰ ਨਾਲ ਰੱਖੋ, ਤੁਹਾਨੂੰ ਘੇਰੀ ਬੈਠੇ ਅਨੇਕਾਂ ਬਨਾਉਟੀ ਤੇ ਵਾਹ ਵਾਹ ਕਰਨ ਵਾਲੇ ਲੋਕਾਂ ਤੋਂ ਸਖ਼ਤ ਪ੍ਰਹੇਜ਼ ਬਹਿਤਰ। ਸਿਰ ਉਠਾ ਕੇ ਜੀਓ। - ਮਨਦੀਪ
10 ਅਕਤੂਬਰ 2022
ਪੰਜਾਬ ਐਸਾ ਨਹੀਂ ਕਿ ਇਸ ਦੇ ਸੋਹਣੇ ਪਿੰਡ ਛੱਡ ਕੇ ਜਾਓ ਤੇ ਯਾਦ ਨਾ ਆਵੇ। ਪੰਜਾਬ ਦਿਲੋਂ ਪੰਜਾਬੀ ਹੋਣ ਦੇ ਨਾਲ ਨਾਲ ਤੁਹਾਡੇ ਤੋਂ ਹੁਣ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਮੰਗ ਕਰਦਾ ਹੈ। ਉੱਦਮੀ ਪੰਜਾਬੀਆਂ ਦੀ। ਜੋ ਇੱਥੇ ਐਸੇ ਕਾਰੋਬਾਰ ਕਰਨ ਕਿ ਜੋ ਆਮ ਘਰ ਦੇ ਨੌਜਵਾਨਾਂ ਲਈ ਵੀ ਸੁਖਾਲੇ ਮੌਕੇ ਪੈਦਾ ਕਰਨ। ਪੰਜਾਬ ਵਿੱਚ ਮਾਂ ਬਾਪ, ਦੂਜੇ ਦੇਸ਼ ਵਿੱਚ ਬੱਚੇ, ਵਿੱਚ ਵਿਚਾਲੇ ਕੀ ਜ਼ਿੰਦਗੀ ਜੀਵਾਂਗੇ? ਆਪਣੇ ਘਰ ਆਪਣੇ ਖੇਤ ਆਪਣੀ ਧਰਤੀ ਛੱਡ, ਕਿਸ਼ਤਾਂ ਵਿੱਚ ਫ਼ੱਸ ਜਾਵਾਂਗੇ। ਫੇਰ ਜ਼ਬਰਦਸਤੀ ਦੱਸਾਂਗੇ ਅਸੀਂ ਸੱਚੀ ਬੜੇ ਖੁਸ਼ ਹਾਂ। ਸੱਚ ਨੂੰ ਜਿਊਣਾ ਹੈ ਅਸੀਂ। ਮਾਂ ਬਾਪ ਨਾਲ, ਪਰਿਵਾਰ ਨਾਲ, ਆਪਣੀ ਮਾਂ ਬੋਲੀ ਵਿੱਚ, ਆਪਣੀ ਮਾਂ ਵਰਗੀ ਧਰਤੀ ਤੇ ਇਕੱਠੇ ਰਹਿਣਾ ਹੀ ਅਸਲ ਖੁਸ਼ੀ ਤੇ ਅਸਲ ਅਜ਼ਾਦੀ ਹੈ। ਪੰਜਾਬ ਨੂੰ ਮੋੜਾ ਸਿਰਫ਼ “ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ” ਪਾ ਸਕਦੇ ਹਨ। - ਮਨਦੀਪ
10 ਅਕਤੂਬਰ 2022
ਇਸ ਦੁਨੀਆਂ ਦਾ ਸਾਹਮਣਾ ਕਰਨਾ ਹੈ ਤਾਂ ਇਮਾਨਦਾਰੀ ਦੇ ਸਿਖਰ ਤੇ ਰਹੋ। ਸੰਸਕਾਰਾਂ ਅਤੇ ਪੜ੍ਹਾਈ ਦੀ ਅਹਿਮਿਅਤ ਸਮਝੋ। ਕੰਮ ਨੂੰ ਛੋਟਾ ਵੱਡਾ ਨਾ ਸਮਝੋ। ਮਾਪਿਆਂ ਤੋਂ ਉਪਰ ਕਿਸੇ ਨੂੰ ਵੀ ਦਰਜਾ ਨਾ ਦਿਓ। ਜ਼ਿੰਦਗੀ ਵਿੱਚ ਵੱਖਰਾ ਕਰਨ ਲਈ, ਵੱਖ ਰਾਹ ਚੁਣੋ। ਇਹ ਸਮਝੋ ਮੈਂ ਔਗੁਣ ਭਰਿਆ ਹਾਂ, ਅਲੋਚਨਾ ਹੋਣ ਤੇ ਕਦੇ ਦੁੱਖ ਨਹੀਂ ਹੋਵੇਗਾ।
04 ਅਕਤੂਬਰ 2022
ਇਹ ਗੱਲ ਕਈ ਵਾਰ ਮੇਰੀ ਦੁੱਖਦੀ ਰਗ ਬਣਦੀ ਹੈ, ਜਦ ਲੋਕ ਇਹ ਕਹਿੰਦੇ ਕਿ “ਕਿਸਮਤ ਹੈ” “ ਲੋਟ ਆ ਗਿਆ ਕੰਮ” “ਕਾਰੋਬਾਰ ਸੈਟ ਹੈ ਤਾਂ ਗੱਲਾਂ ਆਉਂਦੀਆਂ” ।
ਕਹਿਣਾ ਬਹੁਤ ਸੌਖਾ, ਪਰ ਜਿਸ ਨੇ ਕੀਤਾ ਹੋਵੇ ਉਸ ਤੋਂ ਜਾਣਨਾ ਵੀ ਬਹੁਤ ਜ਼ਰੂਰੀ। ਓਲੰਪਿਕਸ ਵਿੱਚ ਜੋ ਪਹਿਲੇ ਦਰਜੇ ਦੌੜਾਕ ਆਵੇ, “ਮਿਲਖਾ ਸਿੰਘ ਜੀ” ਹੀ ਮਨ ਲਓ.. ਜਦ ਜਿੱਤੇ ਤੇ ਕਿਸਮਤ ਹੈ ਤੇਰੀ ਕਹੋ ਤੇ ਸ਼ਾਇਦ ਬਹੁਤ ਹੀ ਦੁੱਖ ਦੀ ਗੱਲ। ਕਈ ਸਾਲਾਂ ਦੀ, ਮੌਸਮਾਂ ਦੀ, ਹੱਸਣ ਰੋਣ ਦੀ ਪਰੈਕਟਿਸ ਤੇ ਅਸੀਂ ਬੱਸ ਮੂੰਹ ਹਲਾਉਣਾ - ਲੋਟ ਆ ਗਿਆ ਕੰਮ। ਜੇ ਸੱਚਮੁੱਚ ਮਿਹਨਤ ਨਾਲ ਕੋਈ ਅੱਗੇ ਪਹੁੰਚ ਸਕਦਾ ਹੈ, ਤੇ ਦੇਖੋ ਅਸੀਂ ਕਿਸ ਹੱਦ ਤੱਕ ਨੈਗਟਿਵ ਹੋ ਚੁੱਕੇ ਕਿ ਮੰਨਣ ਨੂੰ ਵੀ ਤਿਆਰ ਨਹੀਂ ਕਿ ਇਸ ਨੇ ਮਿਹਨਤ ਸਦਕਾ, ਆਪਣੀਆਂ ਨੀਂਦਾਂ ਕੁਰਬਾਨ ਕਰਕੇ, ਜਾਨ ਮਾਰ ਕੇ ਆਪਣੀ ਕਿਸਮਤ ਆਪ ਲਿਖੀ ਹੈ।
ਜਦ ਤੱਕ ਇਸ ਗੱਲ ਤੇ ਯਕੀਨ ਨਹੀਂ ਕਰੋਗੇ, ਖ਼ਾਸ ਕਰ ਕਿਸੇ ਦੀ ਮਿਹਨਤ, ਕਿਰਤ ਦੀ ਇੱਜ਼ਤ ਨਹੀਂ ਕਰੋਗੇ। ਅਸੀਂ ਭਟਕਦੇ ਰਹਾਂਗੇ। ਬਹੁਤ ਲੋੜ ਹੈ, ਖ਼ੁਦ ਜੀਅ ਤੋੜ ਮਿਹਨਤ ਕਰਨ ਦੀ .. ਅਤੇ ਜੋ ਕਰਦੇ ਉਹਨਾਂ ਦੀ ਮਿਹਨਤ ਨੂੰ ਪੂਰਾ ਪੂਰਾ ਸਤਿਕਾਰ ਦੇਣ ਦੀ.. ਜੇ ਸਬਰ ਤੇ ਸਤਿਕਾਰ ਹੋਵੇਗਾ.. ਤਾਂ ਹੀ ਪਵੇਗ