
ਖ਼ੂਨ ਅਤੇ ਖ਼ੂਨ ਦੇ ਉਤਪਾਦ ਇੱਕ ਅਨੋਖਾ ਅਤੇ ਕੀਮਤੀ ਰਾਸ਼ਟਰੀ ਸਰੋਤ ਹਨ। ਸਾਨੂੰ ਇਹ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਖ਼ੂਨ ਦੇ ਉਤਪਾਦ ਸਿਰਫ਼ ਤੇ ਸਿਰਫ਼ ਸਾਡੇ ਵਰਗੇ ਇਨਸਾਨਾਂ ਤੋਂ ਹੀ ਲਏ ਜਾ ਸਕਦੇ ਹਨ ਅਤੇ ਸਾਨੂੰ ਇਸ ਸਰੋਤ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਵਰਤਣ ਦੀ ਜ਼ਰੂਰਤ ਹੈ, ਤਾਂ ਕਿ ਬਿਨਾਂ ਜ਼ਰੂਰਤ ਦੇ ਖ਼ੂਨ ਬਲੱਡ ਬੈਂਕਾਂ ਵਿੱਚ ਨਾ ਪਿਆ ਰਹੇ। ਬਲੱਡ ਬੈਂਕਾਂ ਵਿੱਚ ਪਿਆ-ਪਿਆ ਖ਼ੂਨ ਖ਼ਰਾਬ ਹੋ ਜਾਂਦਾ ਹੈ, ਅਤੇ ਫਿਰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮਨੁੱਖੀ ਖ਼ੂਨ ਦੀ ਸਵੈ-ਇੱਛਤ (ਵਲੰਟੀਅਰ) ਦਾਨ ਰਾਹੀਂ ਸੁਰੱਖ਼ਿਅਤ ਖ਼ੂਨ ਅਤੇ ਖ਼ੂਨ ਦੇ ਉਤਪਾਦਾਂ ਦੀ ਕੌਮ ਦੀ ਲੋੜ ਨੂੰ ਪੂਰਾ ਕਰਨਾ ਇੱਕ ਨੈਤਿਕ ਰਾਸ਼ਟਰ ਹੋਣ ਦਾ ਸੰਕੇਤ ਹੈ।ਸਾਨੂੰ ਇਹੋ ਜਿਹੀ ਕੌਮ ਸਿਰਜਣ ਦੀ ਲੋੜ ਹੈ, ਜਿੱਥੇ ਮਨੁੱਖੀ ਜੀਵਨ ਦਾ ਸਨਮਾਨ ਸਭ ਤੋਂ ਪਹਿਲਾਂ ਹੋਵੇ।ਖ਼ੂਨ-ਦਾਨ ਇੱਕ "ਜੀਵਨ ਦੀ ਦਾਤ" ਹੈ, ਜਿਸ ਨੂੰ ਪੈਸਿਆਂ ਨਾਲ ਖਰੀਦਿਆ ਨਹੀਂ ਜਾ ਸਕਦਾ।ਖ਼ੂਨ-ਦਾਨ ਦਾ ਵਪਾਰਕਕਰਨ ਦਾ ਕਾਰਜ ਹੀ ਮਨੁੱਖਤਾ ਦੇ ਸਿਧਾਤਾਂ ਦੀ ਉਲੰਘਣਾ ਹੈ।
ਅੱਜਕੱਲ੍ਹ ਹਸਪਤਾਲਾਂ ਵਿੱਚ ਖ਼ੂਨ ਬਦਲਾਉਣ ਦਾ ਬਹੁਤ ਰਿਵਾਜ ਹੈ, ਬਦਲੇ ਦੇ ਖ਼ੂਨ ਤੋਂ ਭਾਵ ਹੈ ਕਿ ਹਸਪਤਾਲ ਵਿਚਲੇ ਬਲੱਡ ਬੈਂਕ ਵਿੱਚੋਂ ਮਰੀਜ਼ ਨੂੰ ਖ਼ੂਨ ਦੇਣ ਦੇ ਬਦਲੇ ਵਿੱਚ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਖ਼ੂਨ ਬਦਲੇ ਵਿੱਚ ਲਿਆ ਜਾਣਾ। ਜਿਸ ਦੀ ਮਾਤਰਾ 2016-17 ਵਿੱਚ 24.6 ਲੱਖ ਯੂਨਿਟ ਸੀ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਮਾਤਰਾ ਹੈ ਸਾਨੂੰ ਇਸ ਨੂੰ ਨਿਰਉਤਸ਼ਾਹਿਤ ਕਰਨ ਦੀ ਲੋੜ ਹੈ। ਬਦਲੇ ਦੇ ਬਦਲੇ ਜਿਹੜਾ ਖ਼ੂਨ ਬਲੱਡ ਬੈਂਕ ਵਿੱਚੋਂ ਦਿੱਤਾ ਜਾਂਦਾ ਹੈ ਉਹ ਮਰੀਜ਼ ਲਈ ਹਾਨੀਕਾਰਕ ਹੋ ਸਕਦਾ ਹੈ।ਸਵੈ-ਇੱਛਤ (ਵਲੰਟੀਅਰ) ਖ਼ੂਨ ਦਾਨ ਰਾਹੀਂ ਦਿੱਤਾ ਗਿਆ ਤਾਜ਼ਾ ਖ਼ੂਨ, ਬਲੱਡ ਬੈਂਕ ਵਿੱਚ ਪਏ ਖ਼ੂਨ ਤੋਂ ਕਈ ਗੁਣਾਂ ਘੱਟ ਰੋਗ ਸੰਚਾਰੀ ਹੁੰਦਾ ਹੈ।
ਖ਼ੂਨ ਦੀ ਕਮੀ ਦੇ ਕਾਰਨ ਹਸਪਤਾਲ ਵਾਲੇ ਵੀ ਖ਼ੂਨ ਬਦਲਾਉਣ ਲਈ, ਖ਼ੂਨਦਾਨ ਦੇ ਕੈਂਪ ਕਰਵਾਉਣ ਲਈ ਮਜ਼ਬੂਰ ਹੁੰਦੇ ਹਨ ਕਿਉਂ ਕਿ ਲੋੜ ਪੈਣ ਤੇ ਇੱਕਦਮ ਸਵੈ-ਇੱਛਕ ਖ਼ੂਨਦਾਨੀ ਲੱਭਣਾ ਵੀ ਇੰਨਾਂ ਸੌਖਾ ਨਹੀਂ ਹੈ। ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਉਸਦਾ ਪਰਿਵਾਰ ਪਹਿਲਾਂ ਹੀ ਬਹੁਤ ਮੁਸ਼ਕਿਲ ਵਿੱਚ ਹੁੰਦਾ ਹੈ ਅਤੇ ਉਸ ਸਮੇਂ ਉਹਨਾਂ ਨੂੰ ਖ਼ੂਨ ਦਾ ਪ੍ਰਬੰਧ ਕਰਨਾ ਹੋਰ ਵੀ ਦਬਾਅ ਵਿੱਚ ਪਾ ਦਿੰਦਾ ਹੈ। ਉਸ ਸਮੇਂ ਪਰਿਵਾਰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਨਾਉਣ ਦੀ ਕੋਸ਼ਿਸ ਕਰਦਾ ਹੈ ਅਤੇ ਕਈ ਤਾਂ ਇਸ ਲਈ ਰਾਜ਼ੀ ਹੋ ਜਾਂਦੇ ਹਨ ਪਰ ਬਹੁਤੇ ਸਿੱਧੀ ਨਾ ਕਰ ਦਿੰਦੇ ਹਨ। ਇਹ ਮੁਸ਼ਕਿਲ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਮਰੀਜ਼ ਨੂੰ ਥੈਲੇਸੀਮੀਆ ਵਰਗੀਆਂ ਬਿਮਾਰੀਆਂ ਲਈ ਨਿਯਮਤ ਰੂਪ ਵਿੱਚ ਖ਼ੂਨ ਤਬਦੀਲ ਕਰਨ ਦੀ ਲੋੜ ਹੁੰਦੀ ਹੈ ਅਤੇ ਹਰ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਵਾਰ ਖ਼ੂਨ ਦੀ ਲੋੜ ਹੁੰਦੀ ਹੈ। ਉਸ ਸਮੇਂ ਪਰਿਵਾਰ ਮੁੱਲ ਦਾ ਖ਼ੂਨ ਲੈਣ ਲਈ ਮਜ਼ਬੂਰ ਹੋ ਜਾਂਦਾ ਹੈ ਜੋ ਕਿ ਉਸ ਨੂੰ ਗਰੀਬੀ ਵੱਲ ਧਕੇਲਦਾ ਹੈ। ਦੂਸਰੇ ਪਾਸੇ ਸਵੈ-ਇੱਛਤ ਖ਼ੂਨਦਾਨ ਸੰਸਾਰ ਨੂੰ ਇਨਸਾਨੀਅਤ ਦੇ ਨਾਤੇ ਆਪਸ ਵਿੱਚ ਜੋੜਦਾ ਹੈ, ਜਿੱਥੇ ਨਿਸ਼ਚਿਤ ਤੌਰ ਤੇ ਅੱਜ ਦੀ ਮਦਦ ਕਰਨ ਵਾਲੇ ਨੂੰ ਲੋੜ ਵੇਲੇ ਸਹਾਇਤਾ ਮਿਲਦੀ ਹੈ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਖ਼ੂਨਦਾਨ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਇਹ ਸਾਡੀ ਅਪਣੀ ਸਿਹਤ ਲਈ ਵੀ ਲਾਹੇਵੰਦ ਹੈ।
ਅੱਜ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਥਾਪਿਤ ਕਰਨ ਦੀ ਜ਼ਰੂਰਤ ਹੈ, ਜੋ ਸਵੈ-ਇੱਛਤ ਖ਼ੂਨਦਾਨ ਦੇ ਖੇਤਰਾਂ ਵਿੱਚ ਕੰਮ ਕਰਨ,ਬਲੱਡ ਗਰੁੱਪਾਂ ਦੀ ਸੂਚੀ ਤਿਆਰ ਕਰਨ, ਅਤੇ ਲੋਕਾਂ ਨੂੰ ਸਵੈ-ਇੱਛਤ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕਰਨ ਤਾਂ ਜੋ ਲੋਕ ਸਮਝ ਸਕਣ ਕਿ ਬਲੱਡ ਬੈਂਕ ਵਿੱਚ ਖ਼ੂਨ ਵਟਾਉਣ ਨੂੰ ਨਿਰਉਤਸ਼ਾਹਿਤ ਕਰਨ ਦੀ ਲੋੜ ਹੈ।ਆਓ ਇੱਕ ਜੁੱਟ ਹੋ ਕੇ ਅੱਗੇ ਆਈਏ ਅਤੇ ਜਦੋਂ ਕਦੇ ਵੀ ਕੀਮਤੀ ਜੀਵਨ ਨੂੰ ਬਚਾਉਣ ਦਾ ਖੁਸ਼ਕਿਸਮਤ ਮੌਕਾ ਮਿਲੇ ਤਾਂ ਪਹਿਲਾਂ ਇਨਸਾਨ ਹੋਣ ਦਾ ਫਰਜ਼ ਨਿਭਾਈਏ। ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਐਤਵਾਰ ਮੈਨੂੰ ਇੱਕ ਲੋੜਵੰਦ ਨੂੰ ਖੂਨਦਾਨ ਕਰਨ ਦਾ ਕੀਮਤੀ ਮੌਕਾ ਮਿਲਿਆ।
mandeep@mandeepkaursidhu.com